ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਦੱਖਣੀ ਪ੍ਰਚਾਰ-ਪ੍ਰਸਾਰ ਲਹਿਰ ਯਾਤਰਾ ਦੀ ਸੰਪੂਰਨਤਾ ’ਤੇ ਸਮੂਹ ਸਿੱਖ ਜਥੇਬੰਦੀਆਂ, ਸੰਤ-ਮਹਾਂਪੁਰਖਾਂ ਅਤੇ ਸੰਗਤਾਂ ਦਾ ਕੋਟਿ-ਕੋਟਿ ਧੰਨਵਾਦ
ਅੰਮ੍ਰਿਤਸਰ:- 04 ਨਵੰਬਰ 2026- ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਮਹਾਰਾਸ਼ਟਰ ਅਤੇ ਦੱਖਣੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੇ ਉਦੇਸ਼ ਨਾਲ ਪੰਜਾਬ ਤੋਂ ਆਰੰਭ ਕੀਤੀ ਗਈ ਧਾਰਮਿਕ ਯਾਤਰਾ ਦੇ ਸਫਲਤਾਪੂਰਵਕ ਸੰਪੂਰਨ ਹੋਣ ’ਤੇ ਸਮੂਹ ਸਿੱਖ ਜਥੇਬੰਦੀਆਂ, ਸੰਤ-ਮਹਾਂਪੁਰਖਾਂ, ਧਾਰਮਿਕ ਸਭਾਵਾਂ, ਸੇਵਾ ਸੁਸਾਇਟੀਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਨਿਸ਼ਾਨ ਸਾਹਿਬਾਨ ਅਤੇ ਨਗਾਰਿਆਂ ਦੀ ਛਤਰ-ਛਾਇਆ ਹੇਠ ਪਾਲਕੀ ਸਾਹਿਬ ਅਤੇ ਦਲ ਪੰਥ ਸਮੇਤ ਨਗਰ ਕੀਰਤਨ ਦੇ ਰੂਪ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਹੋਈ। ਇਹ ਯਾਤਰਾ ਹੈਦਰਾਬਾਦ, ਬੀਦਰ, ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਤੋਂ ਹੁੰਦੀ ਹੋਈ ਮੁੰਬਈ ਵਿਖੇ ਸੰਪੂਰਨ ਹੋਈ। ਇਸ ਦੌਰਾਨ ਵੱਖ-ਵੱਖ ਸਥਾਨਾਂ ’ਤੇ ਸੰਗਤਾਂ ਵੱਲੋਂ ਭਾਰੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਪਾਵਨ ਧਾਰਮਿਕ ਯਾਤਰਾ ਨੂੰ ਸਫਲ ਬਣਾਉਣ ਵਿੱਚ ਵੱਖ-ਵੱਖ ਸੰਤਾਂ-ਮਹਾਂਪੁਰਖਾਂ, ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਸੇਵਾ ਸੁਸਾਇਟੀਆਂ ਅਤੇ ਸਥਾਨਕ ਸੰਗਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸੰਗਤਾਂ ਵੱਲੋਂ ਲੰਗਰਾਂ, ਰਿਹਾਇਸ਼, ਆਵਾਜਾਈ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦੇ ਪ੍ਰਬੰਧ ਕਰਕੇ ਗੁਰੂ ਘਰ ਪ੍ਰਤੀ ਆਪਣੀ ਅਥਾਹ ਸ਼ਰਧਾ ਅਤੇ ਸੇਵਾ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸੰਗਤਾਂ ਦੀ ਗੁਰੂ ਘਰ ਪ੍ਰਤੀ ਸਮਰਪਣ ਭਾਵਨਾ ਦਾ ਪ੍ਰਤੀਕ ਦੱਸਦਿਆਂ ਸਭ ਦਾ ਕੋਟਿ-ਕੋਟਿ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ, ਗੁਰਮਤਿ ਵਿਚਾਰਧਾਰਾ ਦੇ ਪ੍ਰਸਾਰ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਾਉਣ ਲਈ ਅਜਿਹੇ ਧਾਰਮਿਕ ਉਪਰਾਲੇ ਸਮੇਂ ਦੀ ਅਹਿਮ ਲੋੜ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ, ਸਿਮਰਨ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਿਆਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਰਹਿਣ।
ਅੰਤ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਸ ਪਾਵਨ ਯਾਤਰਾ ਦੌਰਾਨ ਸੇਵਾਵਾਂ ਨਿਭਾਉਣ ਵਾਲੀਆਂ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਅਤੇ ਮਨੋਕਾਮਨਾਵਾਂ ਪੂਰੀਆਂ ਹੋਣ, ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਸੇਵਾ-ਸਿਮਰਨ ਦੀ ਦਾਤ ਬਖਸ਼ਣ। ਉਨ੍ਹਾਂ ਕਿਹਾ ਕਿ ਸਤਿਗੁਰੂ ਦੀ ਅਪਾਰ ਰਹਿਮਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਯਾਤਰਾ ਨਾਲ ਸਬੰਧਤ ਸਾਰੇ ਧਾਰਮਿਕ ਸਮਾਗਮ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਏ ਹਨ।
- Download Babushahi App
-
-