ਮੇਰਾ ਖਜ਼ਾਨਾ ..ਪੰਜਾਬ ਤੇ ਪੰਜਾਬੀਏ ਤੇਰਾ ਕੌਣ ਵਿਚਾਰਾ ....... ? ਬਲਜੀਤ ਬੱਲੀ ਦੀ ਕਲਮ ਤੋਂ ? 01 ਨਵੰਬਰ ਲਈ ਖਾਸ
ਅੱਜ ਪਹਿਲੀ ਨਵੰਬਰ ਹੈ, ਇਸ ਨੂੰ 'ਪੰਜਾਬ ਡੇ' ਵਜੋਂ ਕਿਹਾ ਜਾਂਦਾ ਹੈ। 1966 ਵਿੱਚ ਅੱਜ ਦੇ ਦਿਨ ਹੀ ਪੰਜਾਬ ਦੀ ਦੂਜੀ ਵੰਡ ਹੋਈ। ਬੋਲੀ ਦੇ ਆਧਾਰ 'ਤੇ ਲੋਕਾਂ ਨੂੰ ਪੰਜਾਬੀ ਸੂਬਾ ਨਹੀਂ, ਸੂਬੀ ਮਿਲੀ। ਹਰਿਆਣੇ ਵਾਲੇ ਤਾਂ ਇਸ ਦਿਨ 'ਤੇ ਪੂਰੇ ਜਸ਼ਨ ਮਨਾ ਰਹੇ ਨੇ, ਹਰ ਵਾਰ ਹਰ ਸਾਲ ਮਨਾਉਂਦੇ ਨੇ, ਪਰ ਪੰਜਾਬ ਦੇ ਵਿੱਚ ਇਹ ਜਸ਼ਨਾਂ ਵਾਲਾ ਨਹੀਂ ਰਿਹਾ। ਇਹ ਸਿਰਫ਼ ਭਾਸ਼ਾ ਵਿਭਾਗ ਦੇ ਠੰਢੇ-ਜਿਹੇ ਸਮਾਗਮ ਤੱਕ ਸੀਮਤ ਹੋ ਕੇ ਰਹਿ ਗਿਆ। ਨਾ ਤਾਂ ਪੰਜਾਬੀਆਂ ਨੂੰ ਪੂਰਾ ਪੰਜਾਬ ਮਿਲਿਆ, ਨਾ ਹੀ ਪੰਜਾਬੀ ਬੋਲੀ ਦੇ ਆਧਾਰ 'ਤੇ ਸੂਬਾ ਬਣਨ ਕਰਕੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਮਿਲਣੇ ਚਾਹੀਦੇ ਸਨ ਉਹ ਮਿਲੇ, ਨਾ ਆਪਣੀ ਰਾਜਧਾਨੀ ਮਿਲੀ, ਨਾ ਆਪਣੇ ਡੈਮ।
ਕੇਂਦਰ ਵਿੱਚ ਵੀ ਜਿਹੜੀਆਂ ਸਰਕਾਰਾਂ ਆਈਆਂ, ਭਾਵੇਂ ਉਹ ਕਿਸੇ ਵੀ ਪਾਰਟੀ ਦੀਆਂ ਹੋਣ, ਬਹੁਤਿਆਂ ਨੇ ਪੰਜਾਬ ਨਾਲ ਧੱਕਾ ਵੀ ਕੀਤਾ ਤੇ ਵਿਤਕਰਾ ਵੀ। 1966 ਦੀ ਵੰਡ ਤੋਂ ਬਾਅਦ 60 ਸਾਲ ਲੰਘਣ ਤੋਂ ਬਾਅਦ ਅਜਿਹਾ ਪ੍ਰਭਾਵ ਬਣਨਾ ਸ਼ੁਰੂ ਹੋ ਗਿਆ ਹੈ ਕਿ ਨੇੜ-ਭਵਿੱਖ ਵਿੱਚ ਨਾ ਤਾਂ ਪੰਜਾਬ ਨੂੰ ਆਪਣੀ ਰਾਜਧਾਨੀ ਭਾਗ ਚੰਡੀਗੜ੍ਹ ਮਿਲਣਾ ਹੈ, ਨਾ ਆਪਣੇ ਪਾਣੀਆਂ 'ਤੇ ਪੂਰਾ ਹੱਕ ਮਿਲਣਾ ਹੈ ਤੇ ਨਾ ਹੀ ਅੱਤਵਾਦ ਤੋਂ ਪ੍ਰਭਾਵਿਤ ਬਾਰਡਰ ਸਟੇਟ ਹੋਣ ਦੇ ਬਾਵਜੂਦ ਕੋਈ ਵਿਸ਼ੇਸ਼ ਲਾਹਾ ਜਾਂ ਰਿਆਇਤ ਮਿਲਣੀ ਹੈ। ਇੱਕ ਹੋਰ ਵੱਡੀ ਪੰਜਾਬ ਦੀ ਤ੍ਰਾਸਦੀ ਹੈ ਪਾਕਿਸਤਾਨ ਨਾਲ ਲੱਗਦਾ ਬਾਰਡਰ ਵਪਾਰ, ਕਾਰੋਬਾਰ ਅਤੇ ਆਵਾਜਾਈ ਲਈ ਬੰਦ ਹੋਣਾ। ਉਂਝ ਤਾਂ ਕਾਫ਼ੀ ਹੱਦ ਤੱਕ ਪਾਕਿਸਤਾਨ ਰਾਹੀਂ ਇੰਪੋਰਟ ਹੁੰਦੇ ਅੱਤਵਾਦ, ਗੈਂਗਸਟਰ, ਡਰੱਗ ਅਤੇ ਹਥਿਆਰ ਵੇਚੂ ਮਾਫ਼ੀਆ ਦਾ ਨਾਪਾਕ ਗਠਜੋੜ ਵੀ ਬਾਰਡਰ 'ਤੇ ਤਾਲੇ ਲਾਉਣ ਲਈ ਕਾਰਨ ਬਣਦਾ ਹੈ, ਪਰ ਕੇਂਦਰ ਦੀਆਂ ਸਰਕਾਰਾਂ ਅਤੇ ਏਜੰਸੀਆਂ ਨੂੰ ਅਜਿਹੇ ਰਾਹ ਬੰਦ ਕਰਨ ਦਾ ਵੀ ਬਹਾਨਾ ਮਿਲ ਜਾਂਦਾ ਹੈ ਜਿਹੜੇ ਖੋਲ੍ਹੇ ਜਾ ਸਕਦੇ ਨੇ। ਸੈਂਟਰਲ ਏਸ਼ੀਅਨ ਵਾਲਾ ਵਪਾਰ-ਕਾਰੋਬਾਰ ਰੂਟ ਨਾ ਖੁੱਲ੍ਹਣ ਦੇਣ ਵਿੱਚ ਮੁੰਬਈ, ਕਰਾਚੀ, ਕਾਂਡਲਾ ਆਦਿਕ ਦੀ ਪੋਰਟ ਲੋਬੀ (Lobby) ਦਾ ਵੀ ਹੱਥ ਹੈ, ਜਿਵੇਂ ਕਈ ਦਿੱਲੀ ਵਾਲੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਚੱਜ ਨਾਲ ਇੰਟਰਨੈਸ਼ਨਲ ਫਲਾਈਟਸ (Flights) ਦੀ ਆਵਾਜਾਈ ਵਿੱਚ ਵਿੰਗੇ-ਟੇਢੇ ਢੰਗਾਂ ਰਾਹੀਂ ਅੜਿੱਕਾ ਬਣਦੇ ਹਨ।
ਉਂਝ ਤਾਂ ਪਹਿਲਾਂ ਵੀ ਕੋਈ ਬਹੁਤੀ ਖ਼ੁਸ਼ੀ ਨਹੀਂ ਸੀ ਮਨਾਈ ਜਾਂਦੀ, ਪਰ 1984 ਵਿੱਚ ਦਿੱਲੀ ਅਤੇ ਹੋਰਨਾਂ ਥਾਵਾਂ 'ਤੇ ਪਹਿਲੀ ਨਵੰਬਰ ਨੂੰ ਸਿੱਖਾਂ ਦੇ ਕੀਤੇ ਗਏ ਵਿਉਂਤਬੱਧ ਕਤਲੇਆਮ ਨੇ ਤਾਂ ਇਸ ਦਿਨ ਨੂੰ ਸਾਡੇ ਸਭ ਲਈ ਇੱਕ 'ਬਲੈਕ ਡੇ' ਅਤੇ ਲੋਕਰਾਜ 'ਤੇ ਇੱਕ ਵੱਡਾ ਧੱਬਾ ਬਣਾ ਦਿੱਤਾ। ਇਸ ਕਤਲੇਆਮ ਨੇ ਇਸ ਦਿਨ ਦੇ ਅਰਥ ਹੀ ਬਦਲ ਦਿੱਤੇ ਨੇ।
ਸਿਆਸੀ ਅਤੇ ਸਮਾਜਿਕ ਐਨਾਲਿਸਟ ਬਣੇ ਸਾਬਕਾ ਸਪੈਸ਼ਲ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਨੇ ਅੱਜ ਇੱਕ ਬਹੁਤ ਅਹਿਮ ਸਵਾਲ ਉਠਾਇਆ ਹੈ ਕਿ ਜਿਹੜੀ ਪੰਜਾਬੀ ਮੁਗ਼ਲਾਂ, ਅੰਗਰੇਜ਼ਾਂ ਤੇ ਹੋਰ ਰਾਜਿਆਂ ਦੇ ਰਾਜਾਂ ਵੇਲੇ ਸਿਰ ਉੱਚਾ ਕਰਕੇ ਦਰਿਆ ਦੇ ਵਹਿਣ ਵਾਂਗ ਵਹਿੰਦੀ ਰਹੀ, ਕੀ ਇਹ ਪੰਜਾਬੀ ਸੂਬਾ ਕਹਾਏ ਜਾਣ ਵਾਲੇ ਪੰਜਾਬ ਵਿੱਚ ਬਚੇਗੀ?
ਇਹ ਸਵਾਲ ਵਾਰ-ਵਾਰ ਪੰਜਾਬੀ ਪ੍ਰੇਮੀਆਂ ਅਤੇ ਚਿੰਤਕਾਂ ਦੇ ਮਨ ਵਿੱਚ ਉੱਠਦਾ ਹੈ। ਇਸ ਬਾਰੇ ਵੱਖ-ਵੱਖ ਵਿਚਾਰ ਅਤੇ ਬਹਿਸ-ਮੁਬਾਹਸੇ ਵੀ ਚੱਲਦੇ ਰਹਿੰਦੇ ਹਨ ਅਤੇ ਕਈ ਸੁਝਾਅ ਵੀ ਸਾਹਮਣੇ ਆਉਂਦੇ ਹਨ। 45 ਸਾਲ ਤੋਂ ਪੰਜਾਬੀ ਪੱਤਰਕਾਰੀ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਰਮਸ਼ੀਲ ਰਹੇ ਹੋਣ ਕਰਕੇ ਰਾਜ ਭਾਸ਼ਾ ਐਕਟ 'ਚ ਹੁੰਦੀਆਂ ਰਹੀਆਂ ਸੋਧਾਂ ਦੇ ਸਿਲਸਿਲੇ ਵਿੱਚ ਮੇਰੀ ਹਿੱਸੇਦਾਰੀ ਵੀ ਰਹੀ ਹੈ, ਪਰ ਇਹ ਪ੍ਰਭਾਵ ਬਣਨ ਲੱਗ ਪਿਆ ਹੈ ਕਿ ਸੱਤਾਧਾਰੀਆਂ ਅਤੇ ਸਰਕਾਰਾਂ ਨੇ ਪੰਜਾਬੀ ਨੂੰ ਸਰਪ੍ਰਸਤੀ ਨਹੀਂ ਦੇਣੀ; ਬੱਸ ਜੇ ਬਚਾਅ ਕਰਨਾ ਹੈ ਤਾਂ ਲੋਕਾਂ ਨੇ ਆਪ ਹੀ ਕਰਨਾ ਹੈ। ਇੱਕ ਹਕੀਕਤ ਸਾਨੂੰ ਕਬੂਲ ਕਰਨੀ ਜ਼ਰੂਰੀ ਹੈ, ਸਮੇਂ ਦੇ ਨਾਲ ਬੋਲੀ ਵਿੱਚ ਵੀ ਬਦਲਾਅ ਆਉਣੇ ਨੇ। AI ਦੇ ਯੁੱਗ ਵਿੱਚ ਮਾਂ ਬੋਲੀ ਨੂੰ ਜਿਉਂਦਾ-ਜਾਗਦਾ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜੀ ਰੱਖਣ ਲਈ ਇਸ ਨੂੰ ਸਰੂਪ ਅਤੇ ਤਕਨੀਕੀ ਪੱਖੋਂ ਸਮੇਂ ਦੀ ਹਾਣੀ ਬਣਾਉਣਾ ਲਾਜ਼ਮੀ ਹੈ, ਜਿਸ ਲਈ ਸਾਨੂੰ ਤੰਗਨਜ਼ਰੀ ਛੱਡ ਕੇ ਹੋਰਨਾਂ ਭਾਸ਼ਾਵਾਂ—ਖ਼ਾਸ ਕਰਕੇ ਅੰਗਰੇਜ਼ੀ ਸ਼ਬਦਾਵਲੀ ਦੀ ਪ੍ਰਚਲਿਤ ਵਰਤੋਂ ਲਈ ਪੰਜਾਬ ਦੇ ਦਰਵਾਜ਼ੇ ਉਸੇ ਤਰ੍ਹਾਂ ਖੋਲ੍ਹਣੇ ਪੈਣਗੇ ਜਿਸ ਤਰ੍ਹਾਂ ਅੰਗਰੇਜ਼ੀ ਨੇ ਦੁਨੀਆ ਦੀਆਂ ਦਰਜਨਾਂ ਭਾਸ਼ਾਵਾਂ ਲਈ ਖੋਲ੍ਹੇ ਹਨ। ਉਂਝ ਸਿਰਫ਼ ਪੰਜਾਬੀ ਭਾਸ਼ਾ ਦਾ ਮਸਲਾ ਹੀ ਨਹੀਂ, ਪੰਜਾਬ ਹੋਰ ਵੀ ਬਹੁਤ ਸਾਰੇ ਸਿਆਸੀ, ਆਰਥਿਕ, ਧਾਰਮਿਕ ਅਤੇ ਗਵਰਨੈਂਸ ਦੇ ਮਾਮਲਿਆਂ ਵਿੱਚ ਉਲਝਿਆ ਅਤੇ ਘੁੰਮਣਘੇਰੀ 'ਚ ਪਿਆ ਹੋਇਆ ਹੈ ਤੇ ਇੱਕ ਉਲਝੀ ਤਾਣੀ ਵਾਂਗ ਲੱਗਣ ਲੱਗ ਪਿਆ ਹੈ, ਜਿਸ ਨੂੰ ਖੋਲ੍ਹਣ ਲਈ ਸਿਰਾ ਲੱਭਣਾ ਬਹੁਤ ਬੇਹੱਦ ਔਖਾ ਹੁੰਦਾ ਹੈ।
ਬੇਸ਼ੱਕ ਕੇ.ਬੀ.ਐੱਸ. ਸਿੱਧੂ ਨੇ ਆਪਣੇ ਵਿਚਾਰ ਅੰਗਰੇਜ਼ੀ ਵਿੱਚ ਲਿਖੇ ਲੇਖ ਵਿੱਚ ਦਿੱਤੇ ਹਨ, ਪਰ ਉਨ੍ਹਾਂ ਨੇ ਇਸ ਵਿੱਚ 'ਪੰਜਾਬ ਡੇ' ਭਾਵ ਪਹਿਲੀ ਨਵੰਬਰ ਨੂੰ 'ਬਰਸੀ ਡੇ' ਦਾ ਨਾਮ ਦਿੱਤਾ ਹੈ। ਸ਼ਾਇਦ ਪਹਿਲੀ ਵਾਰ ਅਜਿਹਾ ਸ਼ਬਦ ਕਿਸੇ ਨੇ ਵਰਤਿਆ ਹੈ, ਜੋ ਕਿ ਬਹਿਸ-ਵਿਚਾਰ ਦੀ ਮੰਗ ਕਰਦਾ ਹੈ।
ਬਲਜੀਤ ਬੱਲੀ
01 ਨਵੰਬਰ, 2026
Baljit Balli
Editor -in -Chief , Babushahi.com (English / Punjabi)
Babushahi News Network
Tirchhi Nazar Media
Cell: 91-9915177722

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.