ਕਰਤਾਰ ਸਿੰਘ ਏਸ਼ੀਆਈ ਖੇਡਾਂ ਵਿੱਚ ਦੋ ਵਾਰ ਗੋਲ੍ਡ ਮੈਡਲ ਜਿੱਤਣ ਵਾਲਾ ਪੰਜਾਬ ਦਾ ਮਹਾਨ ਪਹਿਲਵਾਨ
ਸੁਖਮਿੰਦਰ ਭੰਗੂ
ਭਾਰਤੀ ਕੁਸ਼ਤੀ ਦੇ ਇਤਿਹਾਸ ਵਿੱਚ ਪੰਜਾਬ ਦੇ ਪਹਿਲਵਾਨਾਂ ਨੇ ਆਪਣੀ ਮਿਹਨਤ, ਤਾਕਤ ਅਤੇ ਜਜ਼ਬੇ ਨਾਲ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਸੁਨਹਿਰੀ ਇਤਿਹਾਸ ਵਿੱਚ ਪਹਿਲਵਾਨ ਕਰਤਾਰ ਸਿੰਘ ਦਾ ਨਾਂ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਭਾਰਤ ਦੇ ਉਨ੍ਹਾਂ ਚੋਣਵੇਂ ਪਹਿਲਵਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਏਸ਼ੀਆਈ ਖੇਡਾਂ ਵਿੱਚ ਦੋ ਵਾਰ ਗੋਲ੍ਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਉਨ੍ਹਾਂ ਦੀ ਖੇਡ ਪ੍ਰਾਪਤੀਆਂ ਦੀ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ 1978 ਅਤੇ 1986 ਦੀਆਂ ਏਸ਼ੀਆਈ ਖੇਡਾਂ ਵਿੱਚ ਗੋਲ੍ਡ ਮੈਡਲ ਜਿੱਤੇ, ਜਦਕਿ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਤਰ੍ਹਾਂ ਲਗਾਤਾਰ ਤਿੰਨ ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਦਾ ਉਨ੍ਹਾਂ ਦਾ ਰਿਕਾਰਡ ਭਾਰਤੀ ਕੁਸ਼ਤੀ ਦੇ ਇਤਿਹਾਸ ਵਿੱਚ ਬੇਹੱਦ ਮਹੱਤਵਪੂਰਨ ਹੈ।
ਕਰਤਾਰ ਸਿੰਘ ਦਾ ਜਨਮ 7 ਅਕਤੂਬਰ 1953 ਨੂੰ ਪੰਜਾਬ ਦੇ ਮੌਜੂਦਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦਾ ਰੁਝਾਨ ਕੁਸ਼ਤੀ ਵੱਲ ਸੀ। ਪਿੰਡ ਦੇ ਅਖਾੜੇ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੌਲੀ-ਹੌਲੀ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਪਹੁੰਚ ਗਿਆ। ਉਹ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਕੁਸ਼ਤੀ ਨੂੰ ਗੰਭੀਰਤਾ ਨਾਲ ਅਪਣਾਉਣ ਲੱਗੇ ਅਤੇ ਮਹਿਜ਼ 14 ਸਾਲ ਦੀ ਉਮਰ ਵਿੱਚ ਜ਼ਿਲ੍ਹਾ ਪੱਧਰੀ ਚੈਂਪੀਅਨ ਬਣ ਗਏ। ਸਾਲ 1973 ਵਿੱਚ ਉਨ੍ਹਾਂ ਨੇ ਮੁੰਬਈ ਵਿਖੇ ਸੀਨੀਅਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿੱਚ 58 ਕਿਲੋਗ੍ਰਾਮ ਭਾਰ ਵਰਗ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। ਆਪਣੀ ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਦੇ ਦਮ 'ਤੇ ਉਨ੍ਹਾਂ ਨੇ ਵੱਖ-ਵੱਖ ਭਾਰ ਵਰਗਾਂ ਵਿੱਚ ਆਪਣੀ ਪਛਾਣ ਬਣਾਈ ਅਤੇ 1973 ਤੋਂ 1986 ਤੱਕ 14 ਵਾਰ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ 1978 ਵਿੱਚ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਾਹਮਣੇ ਆਈ, ਜਿੱਥੇ ਉਨ੍ਹਾਂ ਨੇ 90 ਕਿਲੋਗ੍ਰਾਮ ਫ਼ਰੀਸਟਾਈਲ ਕੁਸ਼ਤੀ ਵਰਗ ਵਿੱਚ ਗੋਲ੍ਡ ਮੈਡਲ ਜਿੱਤਿਆ। ਇਸ ਜਿੱਤ ਨੇ ਉਨ੍ਹਾਂ ਨੂੰ ਏਸ਼ੀਆ ਦੇ ਪ੍ਰਮੁੱਖ ਪਹਿਲਵਾਨਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ 1982 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਚਾਂਦੀ ਦਾ ਮੈਡਲ ਜਿੱਤਿਆ। ਆਪਣੀ ਇਸ ਸਫ਼ਲਤਾ ਨੂੰ ਹੋਰ ਅੱਗੇ ਵਧਾਉਂਦਿਆਂ 1986 ਵਿੱਚ ਦੱਖਣੀ ਕੋਰੀਆ ਦੇ ਸਿਓਲ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ 100 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲ੍ਡ ਮੈਡਲ ਜਿੱਤ ਕੇ ਇੱਕ ਵਾਰ ਫਿਰ ਭਾਰਤ ਦਾ ਤਿਰੰਗਾ ਲਹਿਰਾਇਆ। ਇਸ ਤਰ੍ਹਾਂ ਉਹ ਦੋ ਵੱਖ-ਵੱਖ ਭਾਰ ਵਰਗਾਂ ਵਿੱਚ ਏਸ਼ੀਆਈ ਖੇਡਾਂ ਦੇ ਗੋਲ੍ਡ ਮੈਡਲ ਜਿੱਤਣ ਵਾਲੇ ਭਾਰਤ ਦੇ ਵਿਲੱਖਣ ਪਹਿਲਵਾਨ ਬਣੇ।
ਕਰਤਾਰ ਸਿੰਘ ਦੀਆਂ ਪ੍ਰਾਪਤੀਆਂ ਸਿਰਫ਼ ਏਸ਼ੀਆਈ ਖੇਡਾਂ ਤੱਕ ਹੀ ਸੀਮਤ ਨਹੀਂ ਰਹੀਆਂ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰਦਿਆਂ 1978 ਵਿੱਚ ਕੈਨੇਡਾ ਦੇ ਐਡਮੰਟਨ ਵਿਖੇ ਕਾਂਸੀ ਅਤੇ 1982 ਵਿੱਚ ਬ੍ਰਿਸਬੇਨ ਵਿਖੇ ਚਾਂਦੀ ਦਾ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਲਈ ਮੈਡਲ ਹਾਸਲ ਕੀਤੇ।
ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਕਿਸੇ ਵੀ ਖਿਡਾਰੀ ਲਈ ਮਾਣ ਵਾਲੀ ਗੱਲ ਹੁੰਦੀ ਹੈ। ਕਰਤਾਰ ਸਿੰਘ ਨੇ ਇਹ ਮਾਣ ਤਿੰਨ ਵਾਰ ਹਾਸਲ ਕੀਤਾ। ਉਨ੍ਹਾਂ ਨੇ 1980 ਵਿੱਚ ਮਾਸਕੋ, 1984 ਵਿੱਚ ਲਾਸ ਏਂਜਲਸ ਅਤੇ 1988 ਵਿੱਚ ਸਿਓਲ ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਹਿੱਸਾ ਲਿਆ। ਇਨ੍ਹਾਂ ਵਿੱਚੋਂ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਸੱਤਵਾਂ ਸਥਾਨ ਹਾਸਲ ਕਰਨਾ ਉਨ੍ਹਾਂ ਦੇ ਓਲੰਪਿਕ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। 1988 ਦੀਆਂ ਸਿਓਲ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਦਲ ਦਾ ਝੰਡਾਬਰਦਾਰ ਬਣਨ ਦਾ ਮਾਣ ਵੀ ਉਨ੍ਹਾਂ ਨੂੰ ਪ੍ਰਾਪਤ ਹੋਇਆ।
ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ 1982 ਵਿੱਚ ਅਰਜੁਨ ਪੁਰਸਕਾਰ ਅਤੇ 1987 ਵਿੱਚ ਦੇਸ਼ ਦੇ ਵੱਕਾਰੀ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਅਤੇ ਭਾਰਤੀ ਕੁਸ਼ਤੀ ਵਿੱਚ ਪਾਏ ਯੋਗਦਾਨ ਦੀ ਮਾਨਤਾ ਹਨ।
ਕਰਤਾਰ ਸਿੰਘ ਨੇ ਖੇਡਾਂ ਦੇ ਨਾਲ-ਨਾਲ ਪੁਲਿਸ ਵਿਭਾਗ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਅਤੇ ਤਰੱਕੀ ਕਰਦੇ ਹੋਏ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.) ਦੇ ਅਹੁਦੇ ਤੱਕ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2002 ਤੋਂ 2007 ਤੱਕ ਪੰਜਾਬ ਦੇ ਡਾਇਰੈਕਟਰ ਸਪੋਰਟਸ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਤਰ੍ਹਾਂ ਉਹ ਉਨ੍ਹਾਂ ਵਿਲੱਖਣ ਖਿਡਾਰੀਆਂ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਖੇਡ ਮੈਦਾਨ ਵਿੱਚ ਹੀ ਨਹੀਂ, ਸਗੋਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵਿੱਚ ਵੀ ਆਪਣੀ ਯੋਗਤਾ ਦਾ ਸਬੂਤ ਦਿੱਤਾ।
ਉਨ੍ਹਾਂ ਦਾ ਕੁਸ਼ਤੀ ਨਾਲ ਪਿਆਰ ਕੌਮਾਂਤਰੀ ਪੱਧਰ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਘੱਟ ਨਹੀਂ ਹੋਇਆ। ਉਨ੍ਹਾਂ ਨੇ ਵੈਟਰਨਜ਼ ਵਿਸ਼ਵ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 1992 ਤੋਂ 2015 ਦਰਮਿਆਨ 21 ਵਾਰ ਵਿਸ਼ਵ ਪੱਧਰੀ ਵੈਟਰਨਜ਼ ਕੁਸ਼ਤੀ ਮੁਕਾਬਲਿਆਂ ਵਿੱਚ ਗੋਲ੍ਡ ਮੈਡਲ ਜਿੱਤਣ ਦਾ ਸ਼ਾਨਦਾਰ ਰਿਕਾਰਡ ਬਣਾਇਆ। ਸਾਲ 2015 ਵਿੱਚ ਉਨ੍ਹਾਂ ਨੇ ਆਪਣਾ 20ਵਾਂ ਵੈਟਰਨਜ਼ ਵਿਸ਼ਵ ਗੋਲ੍ਡ ਮੈਡਲ ਜਿੱਤਿਆ ਸੀ ਤੇ ਉਨ੍ਹਾਂ ਦੇ ਗੋਲ੍ਡ ਮੈਡਲਾਂ ਦੀ ਗਿਣਤੀ 21 ਹੋ ਗਈ।
ਕਰਤਾਰ ਸਿੰਘ ਨੇ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਵੀ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਉਹ ਨੌਜਵਾਨਾਂ ਨੂੰ ਕੁਸ਼ਤੀ ਨਾਲ ਜੋੜਨ, ਸਕੂਲਾਂ ਅਤੇ ਕਾਲਜਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨਵੇਂ ਪਹਿਲਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਗਾਤਾਰ ਯਤਨਸ਼ੀਲ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਮਿਹਨਤ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ।
ਕਰਤਾਰ ਸਿੰਘ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਪਿੰਡ ਦੇ ਸਾਧਾਰਨ ਅਖਾੜੇ ਤੋਂ ਸ਼ੁਰੂ ਹੋਇਆ ਸਫ਼ਰ ਵੀ ਦ੍ਰਿੜ੍ਹ ਇਰਾਦੇ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਵਿਸ਼ਵ ਪੱਧਰ ਤੱਕ ਪਹੁੰਚ ਸਕਦਾ ਹੈ। ਦੋ ਏਸ਼ੀਆਈ ਖੇਡਾਂ ਦੇ ਗੋਲ੍ਡ ਮੈਡਲ , ਇੱਕ ਚਾਂਦੀ ਦਾ ਮੈਡਲ , ਤਿੰਨ ਓਲੰਪਿਕ ਖੇਡਾਂ ਵਿੱਚ ਭਾਗੀਦਾਰੀ, ਰਾਸ਼ਟਰਮੰਡਲ ਖੇਡਾਂ ਦੇ ਮੈਡਲ ਅਤੇ ਪਦਮ ਸ਼੍ਰੀ ਵਰਗੇ ਸਨਮਾਨ ਉਨ੍ਹਾਂ ਨੂੰ ਭਾਰਤੀ ਕੁਸ਼ਤੀ ਦਾ ਚਮਕਦਾ ਸਿਤਾਰਾ ਬਣਾਉਂਦੇ ਹਨ। ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਤੋਂ ਉੱਠ ਕੇ ਦੇਸ਼ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਨ ਵਾਲੇ ਕਰਤਾਰ ਸਿੰਘ ਆਉਣ ਵਾਲੀਆਂ ਪੀੜ੍ਹੀਆਂ ਦੇ ਪਹਿਲਵਾਨਾਂ ਲਈ ਪ੍ਰੇਰਨਾ ਸਰੋਤ ਰਹਿਣਗੇ।

-
ਸੁਖਮਿੰਦਰ ਭੰਗੂ , writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.