ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਮਿਲਦੀ ਹੈ 'ਗੋਲੀ': ਰਾਹੁਲ ਗਾਂਧੀ ਦਾ AAP ਸਰਕਾਰ 'ਤੇ ਵੱਡਾ ਹਮਲਾ, ਕਿਹਾ- ਨਸ਼ਾ ਰੋਕਣ 'ਚ ਨਾਕਾਮ ਪਾਰਟੀ ਭ੍ਰਿਸ਼ਟਾਚਾਰ 'ਚ ਹੋਈ ਲਿਪਤ (Video)
ਕਿਸਾਨਾਂ ਦੀ ਸੁਰੱਖਿਆ ਅਤੇ ਉਦਯੋਗਿਕ ਇਕਾਈਆਂ ਦਾ ਵਿਕਾਸ ਕਾਂਗਰਸ ਰਾਜ ਵਿੱਚ ਹੀ ਸੰਭਵ-
ਰਾਹੁਲ ਗਾਂਧੀ ਨੇ PM ਮੋਦੀ ਨੂੰ ਕੀਤਾ ਚੈਲੰਜ- ਪੰਜ ਮਿੰਟ ਮੇਰੇ ਸਾਹਮਣੇ ਬੈਠਣ, ਮੈਂ ਉਹਨਾਂ ਨੂੰ ਦੇਸ਼ ਧਰੋਹੀ ਸਾਬਿਤ ਕਰ ਦਿਆਂਗਾ
ਮੂਸੇਵਾਲਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਸੀ; ਭਗਵੰਤ ਮਾਨ ਚੁਟਕਲੇ ਸੁਣਾਉਣ ਤੱਕ ਸੀਮਤ
ਬਿਕਰਮਜੀਤ ਸਿੰਘ
ਸੰਗਰੂਰ, 4 ਨਵੰਬਰ 2026- ਕਾਂਗਰਸ ਦੇ ਵੱਡੇ ਲੀਡਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਜਿੱਥੇ ਆਮ ਆਦਮੀ ਪਾਰਟੀ ਸਮੇਤ ਸੀਐੱਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਲਲਕਾਰਿਆ, ਉੱਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਆੜੇ ਹੱਥੀਂ ਲਿਆ। ਪਿੰਡ ਫੱਗੂਵਾਲਾ (ਸੰਗਰੂਰ) ਵਿਖੇ 'ਇਨਸਾਫ ਰੈਲੀ' ਦੌਰਾਨ ਸਟੇਜ ਤੋਂ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਭਰੋਸਾ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਉੱਤੇ ਕੀਤਾ ਸੀ, ਉਹ ਉਸ 'ਤੇ ਖਰੇ ਨਹੀਂ ਉਤਰੇ। ਸਰਕਾਰ ਜਿੱਥੇ ਨਸ਼ਾ ਰੋਕਣ ਵਿੱਚ ਨਾਕਾਮ ਰਹੀ, ਉੱਥੇ ਹੀ ਆਪ ਭ੍ਰਿਸ਼ਟਾਚਾਰ ਦੇ ਜਾਲ ਵਿੱਚ ਫਸੀ ਅਤੇ ਗੈਂਗਸਟਰਾਂ ਨੂੰ ਪੰਜਾਬ ਵਿੱਚ ਵੱਡਾ ਬਲ ਮਿਲਿਆ, ਜਿਸ ਕਰਕੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ।
ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸਟੇਜ ਤੋਂ ਬੁਲਾ ਕੇ ਆਪਣੇ ਨਾਲ ਖੜ੍ਹਾ ਕੀਤਾ। ਸਿੱਧੂ ਮੂਸੇਵਾਲਾ ਬਾਰੇ ਰਾਹੁਲ ਨੇ ਦੱਸਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਉਹਨਾਂ ਨੂੰ ਮਿਲਿਆ ਸੀ, ਉਹ ਕਿਸ ਤਰ੍ਹਾਂ ਉਸ ਤੋਂ ਪ੍ਰਭਾਵਿਤ ਹੋਏ ਸਨ ਅਤੇ ਕਿਵੇਂ ਪੰਜਾਬ ਦੀ ਆਵਾਜ਼ ਉਸਦੇ ਦਿਲੋਂ ਨਿਕਲਦੀ ਸੀ। ਅੱਜ ਸਿੱਧੂ ਮੂਸੇਵਾਲਾ ਵਾਂਗ ਹੀ ਜਿਹੜਾ ਵਿਅਕਤੀ ਪੰਜਾਬ ਦੀ ਆਵਾਜ਼ ਬੁਲੰਦ ਕਰਦਾ ਹੈ, ਉਸ ਨੂੰ ਧਮਕਾਇਆ ਤੇ ਮਾਰਿਆ ਜਾ ਰਿਹਾ ਹੈ। ਨਸ਼ੇ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਭਾਵੇਂ ਨਸ਼ਾ ਰੋਕਣ ਦੇ ਕਈ ਉਪਰਾਲੇ ਕੀਤੇ, ਲੇਕਿਨ ਉਹ ਨਸ਼ਾ ਨਹੀਂ ਰੋਕ ਪਾਏ ਅਤੇ ਡਰੱਗਜ਼ ਦੇ ਜਾਲ ਨੇ ਕਈ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ।
ਅਮਿਤ ਸ਼ਾਹ ਉੱਤੇ ਨਿਸ਼ਾਨਾ ਸਾਧਦਿਆਂ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ 2029 ਵਿੱਚ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ, ਪਤਾ ਨਹੀਂ ਉਹਨਾਂ ਨੇ 2029 ਤੱਕ ਮੰਤਰੀ ਰਹਿਣਾ ਹੈ ਕਿ ਨਹੀਂ। ਅਡਾਨੀ ਦੇ ਪੋਰਟ ਉੱਤੇ ਨਸ਼ਾ ਤਾਂ ਰੋਕ ਨਹੀਂ ਸਕੇ, ਕਾਰਵਾਈ ਵੀ ਨਹੀਂ ਕਰ ਸਕੇ, ਪਰ ਪੰਜਾਬ ਵਿੱਚ ਨਸ਼ਾ ਬੰਦ ਕਰਨ ਦੀ ਗੱਲ ਕਰ ਰਹੇ ਹਨ। ਅੱਜ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ, ਜੋ ਪੰਜਾਬ ਦੇ ਭਲੇ ਦੀ ਗੱਲ ਕਰ ਸਕੇ। ਸਾਡੀ ਪਾਰਟੀ ਦਿੱਲੀ ਤੋਂ ਸਰਕਾਰ ਨਹੀਂ ਚਲਾਉਂਦੀ, ਸਾਡਾ ਸੂਬੇ ਦਾ ਮੁੱਖ ਮੰਤਰੀ ਹੀ ਸੂਬੇਦਾਰ ਹੁੰਦਾ ਹੈ ਅਤੇ ਸਾਰੇ ਅਧਿਕਾਰ ਖੇਤਰ ਉਸ ਕੋਲ ਹੁੰਦੇ ਹਨ ਅਤੇ ਉਹੀ ਚੰਗੇ ਢੰਗ ਨਾਲ ਸਰਕਾਰ ਚਲਾਉਂਦਾ ਹੈ।
CM ਭਗਵੰਤ ਮਾਨ ਐਮ.ਐਸ.ਪੀ ਦਾ ਵਾਅਦਾ, ਚਾਰ ਸਾਲ ਮਹਿਲਾਵਾਂ ਨੂੰ ਪੈਸੇ ਦੇਣ ਦਾ ਵਾਅਦਾ ਅਤੇ ਨਸ਼ੇ ਖਤਮ ਕਰਨ ਦਾ ਵਾਅਦਾ, ਇਹ ਤਾਂ ਉਹ ਨਿਭਾ ਨਹੀਂ ਸਕੇ, ਹੁਣ ਫਿਰ 2027 ਵਿੱਚ ਸਰਕਾਰ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ, ਜੋ ਕਿ ਬੇਤੁਕੀਆਂ ਹਨ। ਪੰਜਾਬ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਕਿਸਾਨਾਂ ਦੀ ਸੁਰੱਖਿਆ ਅਤੇ ਛੋਟੀਆਂ ਫੈਕਟਰੀਆਂ ਦੇ ਪ੍ਰੋਜੈਕਟ ਦਾ ਕੰਮ ਕਾਂਗਰਸ ਹੀ ਕਰ ਸਕਦੀ ਹੈ। ਬੀਜੇਪੀ ਵੀ ਹੁਣ ਪੰਜਾਬ ਵਿੱਚ ਸਰਕਾਰ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ, ਪਰ ਉਹ ਇਹ ਗੱਲ ਭੁੱਲ ਰਹੀ ਹੈ ਕਿ, ਜਦੋਂ ਉਹਨਾਂ ਨੇ ਖੇਤੀ ਕਾਨੂੰਨ ਬਣਾਏ ਸਨ ਤਾਂ ਕਿਸਾਨਾਂ ਨੇ ਸੜਕਾਂ ਉੱਤੇ ਉਤਰ ਕੇ ਉਹਨਾਂ ਦਾ ਕਿੰਨਾ ਵੱਡਾ ਵਿਰੋਧ ਕੀਤਾ ਸੀ। ਆਖਰ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣਾ ਪਿਆ ਸੀ। ਲੋਕ ਬੀ.ਜੇ.ਪੀ ਦੀਆਂ ਅੰਦਰੂਨੀ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਉਹਨਾਂ ਨੇ ਟਰੰਪ ਦੀ ਵੀ ਸਟੇਜ ਤੋਂ ਚਰਚਾ ਕੀਤੀ ਕਿ ਕਿਵੇਂ ਉਹ ਆਪਣੇ ਦਬਾਅ ਨਾਲ ਮੋਦੀ ਸਰਕਾਰ ਨੂੰ ਘੇਰ ਲੈਂਦੇ ਹਨ? ਅਖੀਰ ਵਿੱਚ ਵਿਜੇ ਇੰਦਰ ਸਿੰਗਲਾ ਨੇ ਆਏ ਹੋਏ ਸਾਰੇ ਪੰਜਾਬ ਭਰ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਰੈਲੀ ਸਫਲ ਬਣਾਈ। ਇਸ ਮੌਕੇ ਪਟਿਆਲਾ ਜ਼ਿਲ੍ਹੇ ਵਿੱਚੋਂ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਬ੍ਰਹਮ ਇੰਦਰਾ, ਮੋਹਿਤ ਮਹਿੰਦਰਾ, ਦਰਬਾਰਾ ਸਿੰਘ ਸਮਾਣਾ, ਰਜਿੰਦਰ ਸਿੰਘ ਸਨੌਰ, ਹਰਿੰਦਰ ਪਾਲ ਸਿੰਘ ਹੈਰੀਮਾਨ, ਨਾਭਾ ਤੋਂ ਸਾਧੂ ਸਿੰਘ ਧਰਮਸੋਤ, ਪਟਿਆਲਾ ਤੋਂ ਸੰਜੀਵ ਕੁਮਾਰ ਬਿੱਟੂ ਅਤੇ ਹੋਰ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।
- Download Babushahi App
-
-