ਭਾਸ਼ਾ ਵਿਭਾਗ ਪੰਜਾਬ ਜਲਦ ਹੀ ਲੋਕ ਅਰਪਣ ਕਰੇ ਸ਼ਬਦਮਾਲਾ ਐਪ- ਜਸਵੰਤ ਸਿੰਘ ਜ਼ਫ਼ਰ
ਕਹਾਣੀਆਂ ਦੇ ਵਿਸ਼ਿਆਂ ਦੀ ਬਹੁਲਤਾ ਲਈ ਹੋਰਨਾਂ ਸੱਭਿਆਚਾਰਾਂ ਨੂੰ ਜਾਨਣਾ ਪੈਂਦਾ ਹੈ- ਗੁਰਮੀਤ ਪਨਾਗ
ਪ੍ਰਵਾਸੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਰਚਾਇਆ ਸੰਵਾਦ
ਪਟਿਆਲਾ, 25 ਮਾਰਚ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਇੱਥੇ ਭਾਸ਼ਾ ਭਵਨ ਵਿਖੇ ‘ਕਥਾ ਪ੍ਰਵਾਹ ਤੇ ਸੰਵਾਦ’ ਸਿਰਲੇਖ ਤਹਿਤ ਕੈਨੇਡਾ ਵਸਦੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਸੰਵਾਦ ਰਚਾਇਆ ਗਿਆ। ਵਿਭਾਗ ਦੇ ਸਹਾਇਕ ਨਿਰਦੇਸ਼ਕ ਤੇਜਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸੰਵਾਦ ਕਰਤਾ ਡਾ. ਪਰਮਜੀਤ ਸਿੰਘ ਨੇ ਗੁਰਮੀਤ ਪਨਾਗ ਦੀ ਕਹਾਣੀ ਕਲਾ ਬਾਰੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਪੜ੍ਹਕੇ ਅਹਿਸਾਸ ਹੁੰਦਾ ਹੈ ਕਿ ਸਾਡੇ ਸਮਾਜ ਵਾਂਗ ਹੀ ਹੋਰਨਾਂ ਭਾਈਚਾਰਿਆਂ ਕੋਲ ਵੀ ਵੱਡੇ ਨਾਇਕ ਅਤੇ ਸੰਕਟ ਹਨ। ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਸੰਘਰਸ਼ ਕਰਦੇ ਹਨ ਨਾ ਕਿ ਟੁੱਟਦੇ ਹਨ। ਸ੍ਰੀਮਤੀ ਪਨਾਗ ਦੀਆਂ ਕਹਾਣੀਆਂ ’ਚ ਕਿਧਰੇ ਵੀ ਮਹਿਸੂਸ ਨਹੀਂ ਹੁੰਦਾ ਕਿ ਉਹ ਹੋਰ ਭਾਸ਼ਾ ਦੇ ਲੋਕਾਂ ਦੇ ਦੁੱਖ-ਦਰਦਾਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੀਆਂ ਕਹਾਣੀਆਂ ਦਾ ਅੰਤ ਬਹੁਤ ਸਹਿਜਮਈ ਹੁੰਦਾ ਹੈ। ਇਸ ਉਪਰੰਤ ਗੁਰਮੀਤ ਪਨਾਗ ਨੇ ਆਪਣੀ ਕਹਾਣੀ ‘ਆਈ ਐਮ ਓਕ’ ਸੁਣਾਈ।
ਪੰਜਾਬ ਵਿੱਚ ਅੰਗਰੇਜ਼ੀ ਦੇ ਕੌਮੀ ਅਖ਼ਬਾਰਾਂ ’ਚ ਨੌਕਰੀ ਕਰਨ ਉਪਰੰਤ 1993 ’ਚ ਕੈਨੇਡਾ ਪ੍ਰਵਾਸ ਕਰਨ ਵਾਲੀ ਗੁਰਮੀਤ ਪਨਾਗ ਨੇ ਅਖ਼ਬਾਰੀ ਕਾਲਮ ਤੋਂ ਕਹਾਣੀ ਸਿਰਜਣਾ ਤੱਕ ਪੁੱਜਣ ਦਾ ਸਫ਼ਰ ਬਹੁਤ ਸਰਲ ਤੇ ਰੋਚਕ ਤਰੀਕੇ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਆਪਣੇ ਪਿਤਾ ਜੀ ਤੋਂ ਉਸ ਨੂੰ ਅਖ਼ਬਾਰ ਤੇ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੀ ਅਤੇ ਫਿਰ ਉਨ੍ਹਾਂ ਦੇ ਪਤੀ ਨੇ ਉਚੇਰੀ ਪੜ੍ਹਾਈ ਕਰਨ ਤੇ ਕਹਾਣੀਆਂ ਦੀ ਸਿਰਜਣਾ ਲਈ ਮਾਹੌਲ ਪ੍ਰਦਾਨ ਕੀਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ’ਚ ਵਸਣ ਉਪਰੰਤ ਉਨ੍ਹਾਂ ਨੂੰ ਹੋਰਨਾਂ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਵਿੱਚ ਬਹੁਤ ਦਿਲਚਸਪੀ ਸੀ ਜਿਸ ਕਾਰਨ ਹੀ ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਤੇ ਕਥਾਨਕ ਵੀ ਹੋਰਨਾਂ ਸੱਭਿਆਚਾਰਾਂ ’ਤੇ ਅਧਾਰਤ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਹਾਣੀ ਦੇ ਵਿਸ਼ਿਆਂ ’ਚ ਬਹੁਲਤਾ ਲਿਆਉਣ ਲਈ ਸਾਡੇ ਲੇਖਕਾਂ ਨੂੰ ਹੋਰਨਾਂ ਭਾਸ਼ਾਵਾਂ ਤੇ ਸੱਭਿਆਚਾਰਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਪਵੇਗੀ। ਕਹਾਣੀਕਾਰ ਡਾ. ਬਲਦੇਵ ਸਿੰਘ ਧਾਲੀਵਾਲ ਨੇ ਗੁਰਮੀਤ ਪਨਾਗ ਦੀ ਕਹਾਣੀ ਕਲਾ ਬਾਰੇ ਕਿਹਾ ਕਿ ਇਹ ਗੱਲ ਬੜੀ ਚੁਣੌਤੀਪੂਰਨ ਹੁੰਦੀ ਹੈ ਕਿ ਹੋਰਨਾਂ ਭਾਸ਼ਾਵਾਂ ਤੇ ਸੱਭਿਆਚਾਰਾਂ ਦੇ ਪਾਤਰਾਂ ਦੇ ਜਨਜੀਵਨ ਨੂੰ ਕਿਵੇਂ ਆਪਣੀ ਭਾਸ਼ਾ ’ਚ ਪੇਸ਼ ਕੀਤਾ ਜਾਵੇ। ਇਸ ਕਾਰਜ ’ਚ ਗੁਰਮੀਤ ਪਨਾਗ ਸਫ਼ਲ ਰਹੀ ਹੈ।
ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਇਸ ਮੌਕੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਕੀਤੇ ਗਏ ਨਿਵੇਕਲੇ ਕਾਰਜਾਂ ਸਦਕਾ ਵਿਭਾਗ ਨੂੰ ਅਟਲ ਰਾਸ਼ਟਰੀ ਭਾਸ਼ਾ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਨਾਲ ਸਬੰਧਤ ਸ਼ਬਦਕੋਸ਼ਾਂ ’ਤੇ ਅਧਾਰਤ ਐਪ ਸ਼ਬਦਮਾਲਾ ਅਗਲੇ ਹਫ਼ਤੇ ਲੋਕ ਅਰਪਣ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗੀ ਲਾਇਬਰੇਰੀ ’ਚ ਮੌਜੂਦ ਵੱਡਮੁੱਲੀਆਂ ਕਿਤਾਬਾਂ ਦੀ ਡਿਜ਼ੀਟਾਈਜੇਸ਼ਨ ਦਾ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਜਿਸ ਤਹਿਤ ਹੁਣ ਤੱਕ 25 ਹਜ਼ਾਰ ਪੁਸਤਕਾਂ ਦੀ ਡਿਜ਼ੀਟਾਈਜੇਸ਼ਨ ਹੋ ਚੁੱਕੀ ਹੈ ਅਤੇ 8500 ਦੇ ਕਰੀਬ ਪੁਸਤਕਾਂ ਕੁਝ ਦਿਨਾਂ ’ਚ ਹੀ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਹੋਣਗੀਆਂ। ਅਖ਼ੀਰ ਵਿੱਚ ਵਿਭਾਗ ਵੱਲੋਂ ਗੁਰਮੀਤ ਪਨਾਗ ਤੇ ਡਾ. ਪਰਮਜੀਤ ਸਿੰਘ ਨੂੰ ਵਿਭਾਗ ਸ਼ਾਲ ਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਗਿੱਲ, ਜਸਪ੍ਰੀਤ ਕੌਰ ਤੇ ਸੁਰਿੰਦਰ ਕੌਰ, ਡਾ. ਗੁਰਸੇਵਕ ਲੰਬੀ, ਸ੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਕੁਲਦੀਪ ਸਿੰਘ, ਰੰਗਕਰਮੀ ਰਾਜੇਸ਼ ਸ਼ਰਮਾ, ਕਵੀ ਗੁਰਵਿੰਦਰ ਅਮਨ, ਜੀ.ਪੀ. ਸਿੰਘ, ਡਾ. ਵੀਰਪਾਲ ਕੌਰ, ਸੁਰਿੰਦਰ ਕੌਰ ਬਾੜਾ, ਦਵਿੰਦਰ ਪਟਿਆਲਵੀ ਤੇ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।