ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਕਰਵਾਇਆ ਗਿਆ ਤਰੰਨੁਮ ਕਵੀ ਦਰਬਾਰ 'ਆਵਾਜ਼-ਏ-ਕਲਮ'
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 10 ਜੁਲਾਈ 2026
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਤਰੰਨੁਮ ਕਵੀ ਦਰਬਾਰ 'ਆਵਾਜ਼-ਏ-ਕਲਮ' ਦਾ ਆਯੋਜਨ ਕੀਤਾ ਗਿਆ। ਇਹ ਸਾਹਿਤਕ ਸਮਾਗਮ ਮਿਤੀ 10 ਜੁਲਾਈ 2026 ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ, ਇਸ ਉਪਰੰਤ ਸ਼੍ਰੀਮਤੀ ਪ੍ਰੋਮਿਲਾ ਅਰੋੜਾ (ਪ੍ਰਧਾਨ ਅਦਬੀ ਸਾਂਝ ਕਪੂਰਥਲਾ) ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਅਦਬੀ ਸਾਂਝ ਕਪੂਰਥਲਾ ਦੀ ਭਵਿੱਖੀ ਸੋਚ ਅਤੇ ਦੂਰ ਅੰਦੇਸ਼ੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਉਹਨਾਂ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੂੰ ਇਸ ਸਾਂਝੇਂ ਉਪਰਾਲੇ ਵਜੋਂ ਸਮਾਗਮ ਉਲੀਕਣ ਲਈ ਕੀਤੇ ਸ਼ਲਾਘਾਯੋਗ ਕਦਮ ਦੀ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਅਤੇ ਚਿੰਤਕ ਡਾ. ਗੁਰਬਖ਼ਸ਼ ਸਿੰਘ ਭੰਡਾਲ (ਭੌਤਿਕ ਵਿਗਿਆਨ ਵਿਭਾਗ, ਕਲੀਵਲੈਂਡ ਸਟੇਟ ਯੂਨੀਵਰਸਿਟੀ, ਕਲੀਵਲੈਂਡ, ਓਹੀਓ ਯੂ.ਐੱਸ.ਏ) ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਇੰਜ. ਖ਼ਜ਼ਾਨ ਸਿੰਘ (ਸੰਸਥਾਪਕ, ਅਦਬੀ ਸਾਂਝ ਕਪੂਰਥਲਾ) ਵੱਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਵੀਆਂ ਦੁਆਰਾ ਆਪਣੀਆਂ ਖੂਬਸੂਰਤ ਰਚਨਾਵਾਂ ਤੰਰਨੁਮ ਵਿੱਚ ਪੇਸ਼ ਕਰਕੇ ਸਮਾਗਮ ਨੂੰ ਸੰਗੀਤਮਈ ਰੰਗਤ ਪ੍ਰਦਾਨ ਕੀਤੀ।
ਅਦਬੀ ਸਾਂਝ ਕਪੂਰਥਲਾ ਵੱਲੋਂ ਆਪਣੀ ਰੀਤ ਅਨੁਸਾਰ ਹਰ ਸਮਾਗਮ ਵਿੱਚ ਜ਼ਿਲ੍ਹੇ ਵਿੱਚ ਸਿੱਖਿਆ, ਸਾਹਿਤ, ਕਲਾ ਵਿੱਚ ਉਪਲਧੀਆਂ ਪ੍ਰਾਪਤ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਸਮਾਨਿਤ ਕੀਤਾ ਜਾਂਦਾ ਹੈ, ਇਸੇ ਲੜੀ ਨੂੰ ਅੱਗੇ ਜੋੜਦੇ ਹੋਏ ਇਸ ਸਾਹਿਤਕ ਸਮਾਗਮ ਮੌਕੇ ਸ਼੍ਰੀਮਤੀ ਮੁਨੱਜ਼ਾ ਇਰਸ਼ਾਦ (ਜਿਹਨਾਂ ਵੱਲੋਂ ਯੂਨੀਵਰਸਿਟੀ ਆਫ਼ ਤੁਰਕੂ, ਫ਼ਿਨਲੈਂਡ ਵਿਖੇ ਜਾ ਕੇ ਕਪੂਰਥਲਾ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਹੈ) ਇਸ ਦੇ ਨਾਲ ਹੀ ਉਹਨਾਂ ਦਾ ਸਾਹਿਤ, ਅਨੁਵਾਦ, ਕੈਲੀਗ੍ਰਾਫ਼ੀ, ਮੰਚ ਸੰਚਾਲਨ ਵਿੱਚ ਕੀਤੇ ਗਏ ਯੋਗਦਾਨ ਲਈ ਉਹਨਾਂ ਨੂੰ ਅਦਬੀ ਸਾਂਝ ਪਰਿਵਾਰ ਵੱਲੋਂ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸਾਹਿਤਕ ਸ਼ਖ਼ਸੀਅਤਾਂ ਦੇ ਨਾਲ ਨਵੀਆਂ ਪੁੰਗਰਦੀਆਂ ਕਲਮਾਂ ਨੂੰ ਸੇਧ ਮਿਲਦੀ ਹੈ ਤੇ ਉਹਨਾਂ ਦੇ ਸਾਹਿਤਕ ਲਿਖਤਾਂ ਵਿੱਚ ਨਿਖਾਰ ਆਉਂਦਾ ਹੈ। ਉਹਨਾਂ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਉਹਨਾਂ ਦਾ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ।
ਸ੍ਰੀਮਤੀ ਨਰਿੰਦਰ ਨੀਤ (ਮੈਂਬਰ ਅਦਬੀ ਸਾਂਝ) ਵੱਲੋਂ ਬਤੌਰ ਮੰਚ ਸੰਚਾਲਕ ਭੁਮਿਕਾ ਅਦਾ ਕੀਤੀ ਅਤੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਸਾਰਿਆਂ ਨੂੰ ਸਮਾਗਮ ਨਾਲ ਜੋੜ ਕੇ ਰੱਖਿਆ।
ਇਸ ਸਾਹਿਤਕ ਸਮਾਗਮ ਦੇ ਦੌਰਾਨ ਸ਼੍ਰੀ ਮਨੀਸ਼ ਕੁਮਾਰ ਕਲਰਕ ਵੱਲੋਂ 'ਭਾਸ਼ਾ ਵਿਭਾਗ, ਪੰਜਾਬ' ਵੱਲੋਂ ਪ੍ਰਕਾਸ਼ਿਤ ਕੀਤੀਆਂ ਵਡਮੁੱਲੀਆਂ ਅਤੇ ਦੁਰਲੱਭ ਪੁਸਤਕਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਆਏ ਹੋਏ ਮਹਿਮਾਨਾਂ ਨੇ ਬਹੁਤ ਦਿਲਚਸਪੀ ਦਿਖਾਈ।
ਇਸ ਸਮਾਗਮ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਗੁਰਬਖ਼ਸ਼ ਸਿੰਘ ਭੰਡਾਲ, ਸ. ਕੁਲਵੰਤ ਸਿੰਘ ਔਜਲਾ, ਇੰਜ਼. ਖ਼ਜ਼ਾਨ ਸਿੰਘ, ਸ਼੍ਰੀਮਤੀ ਪ੍ਰੋਮਿਲਾ ਅਰੌੜਾ, ਡਾ. ਹਰਭਜਨ ਸਿੰਘ, ਸ. ਮੋਹਨ ਸਿੰਘ ਮੋਤੀ, ਡਾ. ਰਾਮ ਮੂਰਤੀ, ਸ਼ਹਿਬਾਜ਼ ਖਾਨ , ਡਾ. ਹਰਭਜਨ ਸਿੰਘ, ਮੁਨੱਜ਼ਾ ਇਰਸ਼ਾਦ, ਨੀਤ ਨਰਿੰਦਰ, ਪਰਮਜੀਤ ਸਿੰਘ, ਸੁਖਦੇਵ ਪਾਰਸ (ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ਤੇ), ਸਵਰਾਜ ਕੌਰ, ਅਮਨ ਗਾਂਧੀ, ਅਵਤਾਰ ਅਸੀਮ, ਮਨੀਸ਼ ਕੁਮਾਰ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।