ਭਾਸ਼ਾ ਵਿਭਾਗ ਪੰਜਾਬ ਨੇ ਕਰਾਇਆ ਕੁਲਵੰਤ ਸਿੰਘ ਵਿਰਕ ਯਾਦਗਾਰੀ ਕਹਾਣੀ ਸਮਾਗਮ
ਜਗਤਾਰ ਸਿੰਘ
ਪਟਿਆਲ਼ਾ 6 ਮਈ 2026 : ਪੰਜਾਬ ਸਰਕਾਰ ਦੀ ਸਰਪ੍ਰਸਤੀ ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪ੍ਰਸਿੱਧ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਯਾਦ ਨੂੰ ਸਮਰਪਿਤ ਕਹਾਣੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਦੋ ਪ੍ਰਸਿੱਧ ਸਮਕਾਲੀ ਕਹਾਣੀਕਾਰਾਂ ਅਜਮੇਰ ਸਿੱਧੂ ਅਤੇ ਸਾਂਵਲ ਧਾਮੀ ਦੀਆਂ ਕਹਾਣੀਆਂ ਦਾ ਪਾਠ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ.ਸੁਰਜੀਤ ਸਿੰਘ ਨੇ ਕੀਤੀ।
ਇਸ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨੇ ਆਏ ਕਹਾਣੀਕਾਰਾਂ, ਵਿਦਵਾਨਾਂ ਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕੁਲਵੰਤ ਸਿੰਘ ਵਿਰਕ ਦੀ ਹੁਨਰੀ ਨਿੱਕੀ ਕਹਾਣੀ ਦੀ ਵਿਸ਼ੇਸ਼ਤਾ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਬੰਦੇ ਦੇ ਅਵਚੇਤਨ ਨੂੰ ਫੜਨ ਵਾਲਾ ਕਹਾਣੀਕਾਰ ਆਖਦਿਆਂ ਉਸ ਦੁਆਰਾ ਨਿੱਕੀ ਕਹਾਣੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਕਹਾਣੀਕਾਰ ਅਜਮੇਰ ਸਿੱਧੂ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਨਾਲ ਸੰਬੰਧਿਤ ਆਪਣੀ ਕਹਾਣੀ 'ਬਰਫ ਦੀ ਬੁਲਬੁਲ' ਪੜ੍ਹੀ ਜਿਸ ਦੀ ਭਰਪੂਰ ਪ੍ਰਸੰਸਾ ਹੋਈ। ਸ਼੍ਰੀ ਸਾਂਵਲ ਧਾਮੀ ਨੇ ਪੰਜਾਬ ਵੰਡ ਨਾਲ ਸੰਬੰਧਿਤ ਆਪਣੀ ਕਹਾਣੀ 'ਗਰਾਈਂ' ਪੜ੍ਹੀ, ਜਿਸ ਨਾਲ ਪੰਜਾਬੀ ਭਾਈਚਾਰੇ ਦੀਆਂ ਵਿਭਿੰਨ ਪਰਤਾਂ ਉਘੜ ਕੇ ਸਾਹਮਣੇ ਆਈਆਂ ਅਤੇ ਪੰਜਾਬੀ ਭਾਈਚਾਰੇ ਦੇ ਵਡੱਪਣ ਦੀ ਗੱਲ ਸਾਹਮਣੇ ਆਈ। ਡਾ. ਸੁਰਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕੁਲਵੰਤ ਸਿੰਘ ਵਿਰਕ ਬਾਰੇ ਕਿਹਾ ਕਿ ਪੰਜਾਬੀ ਦੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਵਿਰਕ ਦਾ ਸਥਾਨ ਮੀਲ ਪੱਥਰ ਵਾਂਗ ਹੈ। ਉਸ ਦੀ ਕਹਾਣੀ ਦੀਆਂ ਵਿਸ਼ੇਸ਼ਤਾਵਾਂ ਉਸ ਤੋਂ ਅਗਲੀ ਪੀੜ੍ਹੀ ਦੇ ਕਥਾਕਾਰਾਂ ਲਈ ਪ੍ਰਤਿਮਾਨ ਵਾਂਗ ਸਥਾਪਿਤ ਹੋਈਆਂ। ਕਹਾਣੀਕਾਰਾਂ ਬਾਰੇ ਉਹਨਾਂ ਕਿਹਾ ਕਿ ਸਾਂਵਲ ਧਾਮੀ ਦੀ ਕਹਾਣੀ ਜਿੱਥੇ ਪੰਜਾਬੀ ਬੰਦੇ ਦੇ ਅੰਦਰਲੇ ਦੁੱਖ/ਦਰਦ ਨੂੰ ਆਵਾਜ਼ ਦਿੰਦੀ ਹੈ ਅਤੇ ਜੀਵਨ ਦੇ ਅਣਛੋਹੇ ਪੱਖਾਂ ਨੂੰ ਛੋਂਹਦੀ ਹੈ ਉਥੇ ਆਪਣੀ ਕਾਵਿਕ ਭਾਸ਼ਾ ਰਾਹੀਂ ਮੋਹਿਤ ਵੀ ਕਰਦੀ ਹੈ। ਇਸੇ ਤਰ੍ਹਾਂ ਅਜਮੇਰ ਸਿੱਧੂ ਦੀ ਕਹਾਣੀ ਪੰਜਾਬ ਦੇ ਅਵਚੇਤਨ, ਗਿਆਨ, ਵਿਗਿਆਨ ਵੱਲ ਰੁਚਿਤ ਰਹਿੰਦਿਆਂ ਪੰਜਾਬੀ ਬੰਦੇ ਦੀਆਂ ਮਾਨਸਿਕਤਾ ਦੀਆਂ ਅਜੀਬ ਗੰਢਾਂ ਨੂੰ ਖੋਲ੍ਹਦੀ ਹੈ। ਉਹ ਅਜਿਹਾ ਸਮਕਾਲੀ ਕਹਾਣੀਕਾਰ ਹੈ ਜਿਹੜਾ ਸਮਕਾਲ ਦੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਆਪਣੀ ਕਹਾਣੀ ਵਿੱਚ ਭਵਿੱਖਮੁਖੀ ਦ੍ਰਿਸ਼ਟੀ ਨਾਲ ਸਮੇਟਦਾ ਹੈ। ਇਸ ਦੌਰਾਨ ਵਿਭਾਗ ਵੱਲੋਂ ਡਾ. ਸੁਰਜੀਤ ਸਿੰਘ, ਅਜਮੇਰ ਸਿੱਧੂ ਅਤੇ ਸਾਂਵਲ ਧਾਮੀ ਦਾ ਵਿਭਾਗੀ ਸ਼ਾਲਾਂ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਉੱਤੇ ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਸਾਬਕਾ ਆਈ.ਆਰ.ਐਸ. ਹਰਜੀਤ ਸਿੰਘ ਸੋਹੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਬਲਦੇਵ ਸਿੰਘ ਧਾਲੀਵਾਲ , ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਕੁਲਵੰਤ ਸਿੰਘ ਨਾਰੀਕੇ, ਜੋਗਾ ਸਿੰਘ ਧਨੌਲਾ, ਡਾ. ਗੁਰਦੇਵ ਸਿੰਘ, ਡਾ.ਸਰਬਜੀਤ ਕੌਰ ਤੋਂ ਇਲਾਵਾ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਸੁਰਿੰਦਰ ਕੌਰ , ਦਵਿੰਦਰ ਕੌਰ ਤੇ ਰਾਬੀਆ, ਡਾ. ਸੰਤੋਖ ਸਿੰਘ ਸਤਪਾਲ ਸਿੰਘ ਖੋਜ ਅਫ਼ਸਰ ਸਮੇਤ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਬਾਖ਼ੂਬੀ ਕੀਤਾ।