ਕੀ ਮੈਡੀਕਲ ਨਸ਼ਾ ਚਿੱਟੇ ਨਾਲੋਂ ਵਧੇਰੇ ਖ਼ਤਰਨਾਕ ਹੈ? : ਉਜਾਗਰ ਸਿੰਘ
ਅੱਜ ਕਲ੍ਹ ਮਾਨਸਾ ਵਿਖੇ ਇੱਕ ਸਮਾਜ ਸੇਵੀ ਅਤੇ ਮੈਡੀਕਲ ਨਸ਼ਿਆਂ ਨੂੰ ਖ਼ਤਮ ਕਰਨ ਲਈ ਜਦੋਜਹਿਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦਾ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਕਤਲ ਕਰਨ ਕਰਕੇ ਧਰਨਾ ਲਗਾਤਾਰ ਜ਼ਾਰੀ ਹੈ। ਨਸ਼ਿਆਂ ਵਿਰੁੱਧ ਧਰਨਾ ਲਗਾਉਣਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦਾ ਸੰਤਾਪ ਹੰਢਾ ਰਹੀ ਹੈ। ਪੰਜਾਬੀਆਂ ਦੀ ਨਵੀਂ ਪਨੀਰੀ ਖ਼ਤਮ ਹੋਣ ਦੇ ਕਿਨਾਰੇ ‘ਤੇ ਖੜ੍ਹੀ ਹੈ। ਧਰਨੇ ਲਗਾਉਣ ਤੇ ਅੰਦੋਲਨ ਕਰਨ ਦਾ ਮੰਤਵ ਸਰਕਾਰ ਦਾ ਧਿਆਨ ਖਿਚਣਾ ਹੁੰਦਾ ਹੈ ਤਾਂ ਜੋ ਸਰਕਾਰ ਉਸ ਬਿਮਾਰੀ ਦਾ ਹੱਲ ਲੱਭਣ ਵਿੱਚ ਸਹਾਈ ਹੋਵੇ। ਇਹ ਧਰਨੇ ਤੇ ਅੰਦੋਲਨ ਲੋਕਾਂ ਨੂੰ ਤੰਗ ਕਰਨ ਲਈ ਨਹੀਂ ਹੁੰਦੇ, ਭਾਵੇਂ ਥੋੜ੍ਹਾ ਬਹੁਤਾ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ, ਪ੍ਰੰਤੂ ਪੀੜਤ ਲੋਕਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਹੁਣ ਤੱਕ ਸਾਰੀਆਂ ਸਰਕਾਰਾਂ ਨਸ਼ਾ ਖ਼ਤਮ ਕਰਨ ਦੀਆਂ ਟਾਹਰਾਂ ਤਾਂ ਮਾਰਦੀਆਂ ਰਹੀਆਂ ਹਨ ਅਤੇ ਮਾਰ ਵੀ ਰਹੀਆਂ ਹਨ, ਪ੍ਰੰਤੂ ਨਸ਼ਾ ਕੋਈ ਵੀ ਸਰਕਾਰ ਬੰਦ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋਈ, ਸਗੋਂ ਸਰਕਾਰਾਂ ‘ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਪੰਜਾਬ ਵਿੱਚ ਨਸ਼ੇ ਸਿਆਸਤਦਾਨ, ਅਫ਼ਸਰਸ਼ਾਹੀ, ਪੁਲਿਸ ਅਤੇ ਨਸ਼ਿਆਂ ਦੇ ਸੌਦਾਗਰਾਂ ਦੀ ਮਿਲੀ ਭੁਗਤ ਨਾਲ ਵਿਕ ਰਹੇ ਹਨ। ਪੰਜਾਬ ਵਿੱਚ ਸ਼ੁਭਦੀਪ ਸਿੰਘ ਮੂਸੇਵਾਲਾ ਦੇ ਕਤਲ ਸਮੇਂ ਹੋਏ ਵਿਸ਼ਾਲ ਧਰਨੇ ਤੋਂ ਬਾਅਦ ਲਗਪਗ ਇਹ ਧਰਨਾ ਵੀ ਉਤਨਾ ਹੀ ਵੱਡਾ ਹੈ। ਉਸੇ ਤਰ੍ਹਾਂ ਵਹੀਰਾਂ ਘੱਤਕੇ ਹਰ ਵਰਗ ਦੇ ਲੋਕ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ। ਪੰਜਾਬ ਦੇ ਲੋਕਾਂ ਵਿੱਚ ਪਰਮਿੰਦਰ ਸਿੰਘ ਝੋਟਾ ਦੇ ਕਤਲ ਦਾ ਬਹੁਤ ਗੁੱਸਾ ਹੈ। ਇਸ ਧਰਨੇ ਦਾ ਪ੍ਰਭਾਵ ਲੋਕਾਂ ਵਿੱਚ ਇਕੱਲੇ ਮੈਡੀਕਲ ਨਸ਼ੇ ਦੇ ਵਿਰੋਧ ਦਾ ਜਾ ਰਿਹਾ ਹੈ। ਇਸ ਧਰਨੇ ਵਿੱਚ ਚਿੱਟਾ ਬੰਦ ਕਰਨ ਦੀ ਮੰਗ ਕੀਤੀ ਤਾਂ ਜਾ ਰਹੀ ਹੈ, ਪ੍ਰੰਤੂ ਮੁੱਖ ਤੌਰ ‘ਤੇ ਮੈਡੀਕਲ ਨਸ਼ੇ ਨੂੰ ਬੰਦ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਦਾ ਘਾਣ ਭਾਵੇਂ ਦੋਵੇਂ ਨਸ਼ੇ ਕਰ ਰਹੇ ਹਨ, ਪ੍ਰੰਤੂ ਚਿੱਟੇ ਆਰਥਾਤ ਕੈਮੀਕਲ ਨਸ਼ੇ ਦਾ ਮੁੱਖ ਯੋਗਦਾਨ ਹੈ। ਭਾਵੇਂ ਦੋਵੇਂ ਨਸ਼ੇ ਮਨੁੱਖੀ ਜ਼ਿੰਦਗੀ ਲਈ ਖ਼ਤਰਨਾਕ ਹਨ, ਪ੍ਰੰਤੂ ਮੈਡੀਕਲ ਨਸ਼ਾ ਬਹੁਤੀ ਜਲਦੀ ਜ਼ਿੰਦਗੀ ਨੂੰ ਖ਼ਤਮ ਨਹੀਂ ਕਰਦਾ, ਜਦੋਂ ਕਿ ਚਿੱਟੇ ਦਾ ਨਸ਼ਾ ਕੁਝ ਹੀ ਸਮੇਂ ਵਿੱਚ ਜ਼ਿੰਦਗੀ ਖ਼ਤਮ ਕਰ ਦਿੰਦਾ ਹੈ। ਸਰਕਾਰਾਂ ਮੈਡੀਕਲ ਅਤੇ ਚਿੱਟੇ ਦੇ ਨਸ਼ੇ ਦੀ ਸਪਲਾਈ ਬੰਦ ਕਰਨ ਵਿੱਚ ਅਸਫਲ ਹੋ ਰਹੀਆਂ ਹਨ। ਡਾਕਟਰਾਂ ਅਨੁਸਾਰ ਮੈਡੀਕਲ ਨਸ਼ਾ ਉਤਨਾ ਖ਼ਤਰਨਾਕ ਨਹੀਂ ਜਿਤਨਾ ਚਿੱਟੇ ਦਾ ਨਸ਼ਾ ਖ਼ਤਰਨਾਕ ਹੈ। ਚਿੱਟਾ ਖ਼ਾਣ ਨਾਲ ਤੁਰੰਤ ਮੌਤ ਹੋ ਜਾਂਦੀ ਹੈ, ਪ੍ਰੰਤੂ ਮੈਡੀਕਲ ਨਸ਼ੇ ਨਾਲ ਤੁਰੰਤ ਮੌਤ ਨਹੀਂ ਹੁੰਦੀ। ਜੇਕਰ ਮੈਡੀਕਲ ਨਸ਼ੇ ਦੀ ਗ਼ਲਤ ਵਰਤੋਂ ਨਾ ਹੋਵੇ ਤਾਂ ਬਹੁਤਾ ਨੁਕਸਾਨਦਾਇਕ ਨਹੀਂ ਹੁੰਦਾ। ਭਾਵ ਉਸਦੀ ਵਰਤੋਂ ਨਿਸਚਤ ਮਾਤਰਾ ਤੋਂ ਵੱਧ ਨਾ ਕੀਤੀ ਜਾਵੇ। ਇਹ ਦਵਾਈਆਂ ਜਿਨ੍ਹਾਂ ਨੂੰ ਬੰਦ ਕਰਨ ਦੀ ਮੰਗ ਹੋ ਰਹੀ ਹੈ, ਇਹ ਦਵਾਈਆਂ ਡਾਕਟਰ ਮਰੀਜ਼ਾਂ ਲਈ ਜ਼ਰੂਰੀ ਕਹਿ ਰਹੇ ਹਨ, ਪ੍ਰੰਤੂ ਜੇਕਰ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾਵੇ ਤਾਂ ਖ਼ਤਰਨਾਕ ਸਾਬਤ ਹੁੰਦੀਆਂ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਦਵਾਈਆਂ ਦੇ ਬੰਦ ਹੋਣ ਨਾਲ ਮਰੀਜ਼ਾਂ ਦੀਆਂ ਬਿਮਾਰੀਆਂ ਦੇ ਇਲਾਜ਼ ਵਿੱਚ ਮੁਸ਼ਕਲ ਆਵੇਗੀ। ਕਈ ਬਿਮਾਰੀਆਂ ਲਈ ਇਹ ਦਵਾਈਆਂ ਅਤਿਅੰਤ ਜ਼ਰੂਰੀ ਹਨ। ਅੱਜ ਕਲ੍ਹ ਬਹੁਤੇ ਮਰੀਜ਼ ਡਿਪਰੈਸ਼ਨ ਦੇ ਆ ਰਹੇ ਹਨ। ਇਹ ਦਵਾਈਆਂ ਦਿਮਾਗ ‘ਤੇ ਬੋਝ ਘਟਾਉਂਦੀਆਂ ਹਨ। ਇਨ੍ਹਾਂ ਨਾਲ ਮਜ਼ਦੂਰਾਂ ਵਿੱਚ ਕੰਮ ਕਰਨ ਦੀ ਤਾਕਤ ਵੱਧ ਜਾਂਦੀ ਹੈ। ਇਥੇ ਇਹ ਸਵਾਲ ਨਹੀਂ ਕਿ ਮੈਡੀਕਲ ਨਸ਼ੇ ਘੱਟ ਨੁਕਸਾਨਦਾਇਕ ਹਨ। ਮਸਲਾ ਤਾਂ ਇਹ ਹੈ ਕਿ ਮੈਡੀਕਲ ਨਸ਼ਾ ਆਮ ਨਹੀਂ ਮਿਲਣਾ ਚਾਹੀਦਾ। ਹਰ ਦੁਕਾਨਦਾਰ ਬਿਨਾ ਡਾਕਟਰ ਦੇ ਲਿਖਣ ‘ਤੇ ਇਹ ਦਵਾਈ ਨਾ ਦੇਵੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮੈਡੀਕਲ ਸਟੋਰਾਂ ਦੀ ਨਿਗਰਾਨੀ ਸਹੀ ਹੋਣੀ ਚਾਹੀਦੀ ਹੈ। ਜੇਕਰ ਸਰਕਾਰ ਮੈਡੀਕਲ ਨਸ਼ੇ ਦੀਆਂ ਦਵਾਈਆਂ ਦੀ ਵੰਡ ਨੂੰ ਸੁਚੱਜੇ ਢੰਗ ਨਾਲ ਕਰ ਲਵੇ ਤੇ ਡਰੱਗ ਕੰਟਰੋਲਰ ਇਮਾਨਦਾਰੀ ਨਾਲ ਮੈਡੀਕਲ ਸਟੋਰਾਂ ‘ਤੇ ਨਿਗਰਾਨੀ ਕਰਨ ਤਾਂ ਮੈਡੀਕਲ ਨਸ਼ੇ ਨਾਲ ਮਰਨ ਵਾਲਿਆਂ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਵਿੱਚ 16000 ਪ੍ਰਚੂਨ ਦੇ ਮੈਡੀਕਲ ਸਟੋਰ ਹਨ ਅਤੇ 8000 ਥੋਕ ਦੀਆਂ ਦੁਕਾਨਾ ਹਨ। ਮੈਡੀਕਲ ਸਟੋਰ ਵਾਲਿਆਂ ਨੇ ਤਾਂ ਫ਼ੈਸਲਾ ਕਰ ਲਿਆ ਹੈ ਕਿ ਉਹ ਇਹ ਦਵਾਈਆਂ ਨਹੀਂ ਵੇਚਣਗੇ। ਹੁਣ ਫਿਰ ਉਨ੍ਹਾਂ ਮਰੀਜ਼ਾਂ ਦਾ ਕੀ ਬਣੇਗਾ, ਜਿਨ੍ਹਾਂ ਲਈ ਡਾਕਟਰ ਇਹ ਦਵਾਈਆਂ ਜ਼ਰੂਰੀ ਕਹਿ ਰਹੇ ਹਨ। ਹੁਣ ਸਰਕਾਰ ਨੂੰ ਕੋਈ ਸਾਰਥਿਕ ਕਦਮ ਚੁੱਕਣੇ ਪੈਣਗੇ। ਸਰਕਾਰ ਨੂੰ ਮਿਲੀ ਭੁਗਤ ਦੇ ਮਾਫੀਏ ਨੂੰ ਖ਼ਤਮ ਕਰਨਾ ਹੋਵੇਗਾ ਤਾਂ ਹੀ ਕਿਤੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਨਿਜਾਤ ਮਿਲੇਗੀ। ਜੇਕਰ ਇਸ ਧਰਨੇ ਤੋਂ ਬਾਅਦ ਵੀ ਨਸ਼ਿਆਂ ਨੂੰ ਰੋਕਣ ਦਾ ਕੋਈ ਵਾਜਬ ਹੱਲ ਨਾ ਨਿਕਲਿਆ ਤਾਂ ਪੰਜਾਬ ਵਿੱਚ ਲੋਕਾਂ ਦਾ ਗੁੱਸਾ ਬਰਦਾਸ਼ਤ ਕਰਨਾ ਅਸੰਭਵ ਹੋ ਜਾਵੇਗਾ। ਧਰਨਾਕਾਰੀਆਂ ਨੂੰ ਵੀ ਇਹ ਧਰਨਾ ਸ਼ਾਂਤਮਈ ਰੱਖਦਿਆਂ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ‘ਤੇ ਨਿਗਾਹ ਰੱਖਣੀ ਚਾਹੀਦੀ ਹੈ। 64 ਡਰੱਗ ਇਨਸਪੈਕਟਰ ਮੈਡੀਕਲ ਸਟੋਰਾਂ ਅਰਥਾਤ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦੀ ਨਿਗਰਾਨੀ ਕਰਨ ਵਾਲੇ ਹਨ। ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਹੋਣੀ ਚਾਹੀਦੀ ਹੈ। ਜੇਕਰ ਡਰੱਗ ਇਸਪੈਕਟਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਕਰਨ ਤੇ ਸਿਆਸੀ ਅਤੇ ਅਫ਼ਸਰਸ਼ਾਹੀ ਦੀ ਦਖ਼ਲ ਅੰਦਾਜ਼ੀ ਨਾ ਹੋਵੇ ਤਾਂ ਪਰਮਿੰਦਰ ਸਿੰਘ ਝੋਟੇ ਵਰਗਿਆਂ ਸਮਾਜ ਸੇਵਕਾਂ ਨੂੰ ਮੈਡੀਕਲ ਨਸ਼ੇ ਰੋਕਣ ਦੀ ਲੋੜ ਹੀ ਨਾ ਪਵੇ।
ਪਰਮਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਇਨਸਾਫ਼ ਦੀ ਲੜਾਈ ਲੜ ਰਹੇ ਧਰਨੇ ‘ਤੇ ਬੈਠੇ ਲੋਕਾਂ ਅਤੇ ਜਿਹੜੀ ਐਕਸ਼ਨ ਕਮੇਟੀ ਬਣੀ ਹੈ, ਉਨ੍ਹਾਂ ਨੂੰ ਮੈਡੀਕਲ ਨਸ਼ੇ ਦੇ ਨਾਲ ਹੀ ਕੈਮੀਕਲ ਨਸ਼ਿਆਂ ਨੂੰ ਬੰਦ ਕਰਨ ਲਈ ਵੀ ਸਰਕਾਰ ‘ਤੇ ਜ਼ੋਰ ਪਾਉਣਾ ਚਾਹੀਦਾ ਹੈ। ਐਕਸ਼ਨ ਕਮੇਟੀ ਵਿੱਚ ਸਾਰੇ ਵਰਗਾਂ ਦੇ ਬਹੁਤ ਹੀ ਸੁਲਝੇ ਹੋਏ ਲੋਕ ਸ਼ਾਮਲ ਹਨ, ਉਨ੍ਹਾਂ ਤੋਂ ਪੰਜਾਬ ਦੇ ਨਸ਼ਿਆਂ ਦੇ ਪੀੜਤ ਪਰਿਵਾਰ ਆਸ ਲਗਾਈ ਬੈਠੇ ਹਨ। ਅਜਿਹੇ ਮੌਕਿਆਂ ‘ਤੇ ਕੁਝ ਸ਼ਰਾਰਤੀ ਅਨਸਰ ਵੀ ਭਾਵਨਾਤਮਿਕ ਅਤੇ ਭੜਕਾਊ ਭਾਸ਼ਣ ਦੇ ਕੇ ਧਰਨਾਕਾਰੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਐਕਸ਼ਨ ਕਮੇਟੀ ਨੂੰ ਅਜਿਹੇ ਲੋਕਾਂ ਦੀਆਂ ਕਾਰਵਾਈਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਪਰਮਿੰਦਰ ਸਿੰਘ ਝੋਟੇ ਦਾ ਪਰਿਵਾਰ ਤਾਂ ਗਹਿਰੇ ਸਦਮੇ ਵਿੱਚ ਹੈ। ਸ਼ਰਾਰਤੀ ਅਨਸਰਾਂ ਤੋਂ ਬੱਚਕੇ ਰਹਿਣਾ ਚਾਹੀਦਾ ਹੈ। ਇਸ ਸਮੇਂ ਇਹ ਧਰਨਾ ਚਰਮ ਸੀਮਾ ‘ਤੇ ਹੈ। ਸਰਕਾਰ ਨਾਲ ਗੱਲਬਾਤ ਵੀ ਜ਼ਾਰੀ ਰੱਖਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਹਰ ਵੱਡੇ ਤੋਂ ਵੱਡਾ ਮਸਲਾ ਅਖ਼ੀਰ ਗੱਲਬਾਤ ਤੋਂ ਬਾਅਦ ਹੀ ਹੱਲ ਹੁੰਦਾ ਹੈ। ਧਰਨਾਕਾਰੀਆਂ ਨੇ ਪਰਮਿੰਦਰ ਸਿੰਘ ਝੋਟੇ ਦੀ ਨਸ਼ਿਆਂ ਵਿਰੁੱਧ ਲੜਾਈ ਨੂੰ ਲਗਾਤਾਰ ਜ਼ਾਰੀ ਰੱਖਦਿਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਹੈ। ਪੰਜਾਬੀ ਹਮੇਸ਼ਾ ਹਰ ਸਮੇਂ ਹਰ ਅੰਦੋਲਨ ਵਿੱਚ ਸਫਲ ਹੁੰਦੇ ਹਨ। ਤਾਜ਼ਾ ਮਿਸਾਲ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਦੇ ਨਤੀਜੇ ਸਾਹਮਣੇ ਹਨ, ਭਾਵੇਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਕੀਤੇ ਵਾਅਦੇ ‘ਤੇ ਖ਼ਰੀ ਨਹੀਂ ਉਤਰੀ, ਜਿਸ ਕਰਕੇ ਕਿਸਾਨ ਜੱਥੇਬੰਦੀਆਂ ਅਜੇ ਤੱਕ ਲੜਾਈ ਲੜ ਰਹੀਆਂ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, writer
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.