ਖੜਗੇ ਅਤੇ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਇਨਸਾਫ਼ ਦੀ ਲੜਾਈ ਵਿੱਚ ਹਰ ਸੰਭਵ ਸਾਥ ਦੇਣ ਦਾ ਦਿੱਤਾ ਭਰੋਸਾ
ਸੁਖਵਿੰਦਰ ਸਿੰਘ ਕਲਕੱਤਾ, ਗੁਰਮੇਲ ਸਿੰਘ ਟੁੱਟ ਅਤੇ ਪ੍ਰਕਾਸ਼ ਚੰਦ ਦੇ ਪਰਿਵਾਰਾਂ ਦੀ ਸੁਣੀ ਪੀੜ
ਸੰਗਰੂਰ, 4 ਨਵੰਬਰ:
ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਇਨਸਾਫ਼ ਰੈਲੀ ਦੌਰਾਨ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ-ਦਰਦ ਸੁਣਿਆ। ਇਸ ਮੌਕੇ ਉਨ੍ਹਾਂ ਨੇ ਸੁਖਵਿੰਦਰ ਸਿੰਘ ਕਲਕੱਤਾ, ਗੁਰਮੇਲ ਸਿੰਘ ਟੁੱਟ ਅਤੇ ਬਠਿੰਡਾ ਦੇ ਪ੍ਰਕਾਸ਼ ਚੰਦ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਇਨਸਾਫ਼ ਦੀ ਲੜਾਈ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।
ਬਰਨਾਲਾ ਦੇ ਸਹਿਣਾ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਅਤੇ ਤਰਨਤਾਰਨ ਦੇ ਪੱਟੀ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਟੁੱਟ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲਿਆਂ ਵਿੱਚ ਪਰਿਵਾਰਾਂ ਨੇ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੋਵਾਂ ਆਗੂਆਂ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਆਵਾਜ਼ ਉਠਾਈ ਜਾਵੇਗੀ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸੇ ਦੌਰਾਨ ਬਠਿੰਡਾ ਦੇ ਪ੍ਰਕਾਸ਼ ਚੰਦ ਨੇ ਆਪਣੇ ਪੁੱਤਰ ਦੇ ਨਸ਼ੇ ਦੀ ਲਤ ਦਾ ਸ਼ਿਕਾਰ ਹੋਣ ਕਾਰਨ ਪਰਿਵਾਰ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਬਾਰੇ ਦੱਸਿਆ। ਪਰਿਵਾਰ ਨੇ ਪੁੱਤਰ ਦੇ ਇਲਾਜ ਅਤੇ ਮੁੜ ਵਸੇਬੇ, ਆਰਥਿਕ ਸਹਾਇਤਾ ਅਤੇ ਧੀਆਂ ਦੀ ਪੜ੍ਹਾਈ ਲਈ ਮਦਦ ਦੀ ਮੰਗ ਕੀਤੀ। ਸ੍ਰੀ ਖੜਗੇ ਅਤੇ ਸ੍ਰੀ ਰਾਹੁਲ ਗਾਂਧੀ ਨੇ ਪਰਿਵਾਰ ਦੀ ਗੱਲ ਸੁਣੀ ਅਤੇ ਭਰੋਸਾ ਦਿੱਤਾ ਕਿ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।
- Download Babushahi App
-
-