ਕੁੰਵਰ ਵਿਜੇ ਪ੍ਰਤਾਪ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨਾਲ ਵਿਸ਼ਵਾਸਘਾਤ: ਤਲਬੀਰ ਗਿੱਲ
ਇਨਸਾਫ਼ ਦੀ ਗੱਲ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਇਕ ਬਣਨ ਤੋਂ ਬਾਅਦ ਬਦਲਿਆ ਆਪਣਾ ਸਿਆਸੀ ਰੁਖ: ਤਲਬੀਰ ਸਿੰਘ ਗਿੱਲ
ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਕਾਰਨ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਨੌਬਤ ਆਈ: ਤਲਬੀਰ ਸਿੰਘ ਗਿੱਲ
ਸੁਖਬੀਰ ਬਾਦਲ ਦੀ ਆਲੋਚਨਾ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਹੁਣ ਉਨ੍ਹਾਂ ਦੇ ਹੀ ਸਿਆਸੀ ਭਾਈਵਾਲਾਂ ਨਾਲ ਕਿਵੇਂ ਮੰਚ ਸਾਂਝਾ ਕਰਨਗੇ: ਤਲਬੀਰ ਸਿੰਘ ਗਿੱਲ
ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨਾਲ ਖੇਡਣ ਅਤੇ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ ਅਜਿਹੇ ਵਿਅਕਤੀ ਨੂੰ ਪੰਜਾਬ ਦੀ ਜਨਤਾ ਕਦੇ ਮੁਆਫ਼ ਨਹੀਂ ਕਰੇਗੀ: ਤਲਬੀਰ ਸਿੰਘ ਗਿੱਲ
ਚੰਡੀਗੜ੍ਹ/ ਅੰਮ੍ਰਿਤਸਰ/ਮਜੀਠਾ 3 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਜੀਠਾ ਤੋਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪੰਜਾਬ ਦੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ 'ਤੇ ਰਾਜਨੀਤੀ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਗਿੱਲ ਨੇ ਕਿਹਾ ਕਿ ਜਿਸ ਮੁੱਦੇ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਨੇ ਲੰਮਾ ਸਮਾਂ ਆਪਣੀ ਸਿਆਸਤ ਚਲਾਈ, ਅੱਜ ਉਸੇ ਧਿਰ ਦੀ ਭਾਈਵਾਲ ਪਾਰਟੀ ਭਾਜਪਾ ਦੀ ਗੋਦ ਵਿੱਚ ਜਾ ਕੇ ਬਹਿਣਾ ਉਨ੍ਹਾਂ ਦੀ ਮੌਕਾਪ੍ਰਸਤ ਅਤੇ ਘਟੀਆ ਮਾਨਸਿਕਤਾ ਨੂੰ ਨੰਗਾ ਕਰਦਾ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਹਰ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਇਹ ਕਹਿ ਕੇ ਕਰਦੇ ਸਨ ਕਿ ਉਹ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਨਿਰਪੱਖ ਜਾਂਚ ਕਰ ਰਹੇ ਹਨ ਅਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ। ਆਮ ਆਦਮੀ ਪਾਰਟੀ ਨੇ ਉਨ੍ਹਾਂ 'ਤੇ ਵਿਸ਼ਵਾਸ ਕਰਦਿਆਂ ਪਾਰਟੀ ਵਿੱਚ ਸ਼ਾਮਲ ਕੀਤਾ, ਚੋਣ ਟਿਕਟ ਦਿੱਤੀ ਅਤੇ ਵਿਧਾਇਕ ਬਣਾਇਆ। ਪਰ ਜਿੱਤਣ ਤੋਂ ਬਾਅਦ ਹੀ ਇਹ ਸ਼ੱਕ ਪੈਦਾ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਅੰਦਰ-ਖਾਤੇ ਤਾਰਾਂ ਭਾਜਪਾ ਨਾਲ ਰਲੀਆਂ ਹੋਈਆਂ ਹਨ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ।
ਤਲਬੀਰ ਗਿਲ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਖੁਦ ਨੂੰ ਇਨਸਾਫ਼-ਪਸੰਦ ਅਤੇ ਲੋਕਾਂ ਦਾ ਆਗੂ ਦੱਸ ਕੇ ਮੀਡੀਆ ਵਿੱਚ ਡਰਾਮੇਬਾਜ਼ੀ ਕੀਤੀ ਅਤੇ ਜਨਤਾ ਨੂੰ ਮੂਰਖ ਬਣਾਇਆ। ਹਕੀਕਤ ਇਹ ਹੈ ਕਿ ਭਾਜਪਾ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਇਸ ਸਾਰੇ ਕੇਸ ਦੀ ਜਾਂਚ ਨੂੰ ਪੂਰੀ ਤਰ੍ਹਾਂ ਖਰਾਬ ਕੀਤਾ। ਇਸ ਗੱਲ ਦੀ ਪੁਸ਼ਟੀ ਬਹਿਬਲ ਕਲਾਂ ਗੋਲੀਕਾਂਡ 'ਚ ਸ਼ਹੀਦ ਹੋਏ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਵੀ ਕੀਤੀ ਹੈ, ਜਿਨ੍ਹਾਂ ਨੇ ਵੀਡੀਓ ਜ਼ਰੀਏ ਆਪਣਾ ਦਰਦ ਬਿਆਨ ਕਰਦਿਆਂ ਸਪੱਸ਼ਟ ਕਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਮਿਲ ਕੇ ਕੇਸ ਦਾ ਸਤਿਆਨਾਸ ਕਰ ਦਿੱਤਾ। ਕੁੰਵਰ ਵਿਜੇ ਪ੍ਰਤਾਪ ਦੀਆਂ ਇਨ੍ਹਾਂ ਗਲਤੀਆਂ ਅਤੇ ਸਾਜ਼ਿਸ਼ਾਂ ਕਾਰਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਕੇਸ ਦੀ ਇਨਵੈਸਟੀਗੇਸ਼ਨ ਮੁੜ ਤੋਂ ਨਵੇਂ ਸਿਰਿਓਂ ਸ਼ੁਰੂ ਕਰਨੀ ਪੈ ਰਹੀ ਹੈ।
ਕੁੰਵਰ ਵਿਜੇ ਪ੍ਰਤਾਪ ਦੇ ਦੋਹਰੇ ਚਰਿੱਤਰ 'ਤੇ ਤੰਜ ਕੱਸਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਜੋ ਬੰਦਾ ਸਵੇਰੇ ਉੱਠਦਿਆਂ ਹੀ ਸੁਖਬੀਰ ਸਿੰਘ ਬਾਦਲ ਨੂੰ ਭੰਡਣਾ ਸ਼ੁਰੂ ਕਰਦਾ ਸੀ, ਹੁਣ ਉਹ ਆਉਣ ਵਾਲੇ ਦਿਨਾਂ ਵਿੱਚ ਕਿਸ ਸਟੇਜ 'ਤੇ ਬੈਠੇਗਾ? ਉਹ ਹੁਣ ਉਸੇ ਪਾਰਟੀ ਦੇ ਭਾਈਵਾਲਾਂ ਨਾਲ ਜੱਫੀਆਂ ਪਾਉਂਦਾ ਨਜ਼ਰ ਆਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਰਾਘਵ ਚੱਡਾ ਨੂੰ ਉਹ ਮਾੜਾ-ਚੰਗਾ ਬੋਲਦੇ ਰਹੇ, ਅੱਜ ਉਸੇ ਸਿਆਸੀ ਧੁਰੇ ਦਾ ਹਿੱਸਾ ਬਣ ਗਏ ਹਨ।
ਗਿੱਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਇਹ ਘਟੀਆ ਹਰਕਤ ਅਤੇ ਅਸਲ ਚਿਹਰਾ ਅੱਜ ਪੂਰੇ ਪੰਜਾਬ ਦੇ ਸਾਹਮਣੇ ਜਗ-ਜ਼ਾਹਰ ਹੋ ਚੁੱਕਾ ਹੈ। ਇਨਸਾਫ਼ ਦੇ ਨਾਂ 'ਤੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਅਤੇ ਭਾਜਪਾ ਦੀ ਪੁਤਲੀ ਬਣ ਕੇ ਕੰਮ ਕਰਨ ਵਾਲੇ ਅਜਿਹੇ ਸ਼ਖਸ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ।
- Download Babushahi App
-
-