ਲੁਧਿਆਣਾ ਦੀਆਂ ਖ਼ੂਨ ਪੀਣੀਆਂ ਸੜਕਾਂ: ਖਸਤਾ ਹਾਲਤ ਗਿੱਲ ਰੋਡ ਨੇ ਲਈ ਜਿਮ ਮਾਲਕ ਦੀ ਜਾਨ
-ਜਿਮ ਟ੍ਰੇਨਰ ਤੇ ਜਿਮ ਮਾਲਕ ਦੀਪਕ ਦੀ ਦਰਦਨਾਕ ਮੌਤ ਲਈ ਨਗਰ ਨਿਗਮ ਅਤੇ ਠੇਕੇਦਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ
-ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ ਸ਼ਿਕਾਇਤ, ਨਿਰਪੱਖ ਜਾਂਚ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 4 ਨਵੰਬਰ 2026- ਲੁਧਿਆਣਾ ਦੀ ਗਿੱਲ ਰੋਡ ਦੀ ਲੰਬੇ ਸਮੇਂ ਤੋਂ ਖਸਤਾ ਹਾਲਤ ਅਤੇ ਅਧੂਰੇ ਪਏ ਨਿਰਮਾਣ ਕਾਰਜ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਬੀਤੇ ਕੱਲ ਗਿੱਲ ਰੋਡ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਗਿਆਸਪੁਰਾ ਵਾਸੀ ਨੌਜਵਾਨ ਜਿਮ ਟ੍ਰੇਨਰ ਅਤੇ ਜਿਮ ਮਾਲਕ ਦੀਪਕ ਦੀ ਮੌਤ ਹੋਣ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਦੀ ਕਾਰਗੁਜ਼ਾਰੀ ਅਤੇ ਸੜਕ ਨਿਰਮਾਣ ਕਰ ਰਹੇ ਠੇਕੇਦਾਰ ਦੀ ਜਵਾਬਦੇਹੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਇਸ ਮਾਮਲੇ ਵਿੱਚ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਅੱਜ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਦਰਦਨਾਕ ਹਾਦਸੇ ਨੂੰ ਮਨੁੱਖੀ ਅਧਿਕਾਰਾਂ ਅਤੇ ਨਾਗਰਿਕਾਂ ਦੀ ਜਾਨ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਮੰਨਦਿਆਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਜਵਾਬਦੇਹੀ ਤੈਅ ਕੀਤੀ ਜਾਵੇ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਦੀਪਕ ਦੀ ਬੁਲੇਟ ਮੋਟਰਸਾਈਕਲ ਗਿੱਲ ਰੋਡ ਦੀ ਖਸਤਾ ਅਤੇ ਅਧੂਰੀ ਸੜਕ 'ਤੇ ਫਿਸਲ ਗਈ, ਜਿਸ ਤੋਂ ਬਾਅਦ ਉਹ ਬੱਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਅਤੇ ਘਰ ਦਾ ਨੌਜਵਾਨ ਸਹਾਰਾ ਖੋਹ ਲਿਆ।
ਅਰਵਿੰਦ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਗਿੱਲ ਰੋਡ ਦੀ ਮਾੜੀ ਹਾਲਤ ਪਿਛਲੇ ਕਰੀਬ ਚਾਰ ਸਾਲਾਂ ਤੋਂ ਬਣੀ ਹੋਈ ਹੈ। ਵਾਰ-ਵਾਰ ਲੋਕਾਂ ਵੱਲੋਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੜਕ ਨਾਲ ਸਬੰਧਤ ਲਗਭਗ 65 ਫ਼ੀਸਦੀ ਕੰਮ ਅਜੇ ਵੀ ਅਧੂਰਾ ਪਿਆ ਹੈ। ਕਰੀਬ ਦੋ ਸਾਲਾਂ ਤੋਂ ਨਿਰਮਾਣ ਅਤੇ ਟਾਈਲਾਂ ਲਗਾਉਣ ਦਾ ਕੰਮ ਬੇਹੱਦ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਸੜਕ 'ਤੇ ਖਿੱਲਰੀ ਬਜਰੀ, ਉਸਾਰੀ ਸਮੱਗਰੀ ਅਤੇ ਉਬੜ-ਖਾਬੜ ਸਤ੍ਹਾ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਸੜਕ ਦਾ ਕੰਮ ਲੰਬੇ ਸਮੇਂ ਤੱਕ ਅਧੂਰਾ ਛੱਡਣਾ, ਆਵਾਜਾਈ ਲਈ ਸੁਰੱਖਿਅਤ ਰਸਤਾ ਮੁਹੱਈਆ ਨਾ ਕਰਵਾਉਣਾ ਅਤੇ ਲੋੜੀਂਦੇ ਚਿਤਾਵਨੀ ਬੋਰਡ, ਬੈਰੀਕੇਡ ਤੇ ਹੋਰ ਸੁਰੱਖਿਆ ਪ੍ਰਬੰਧ ਨਾ ਕਰਨਾ ਬੇਹੱਦ ਗੰਭੀਰ ਮਾਮਲਾ ਹੈ। ਇਸ ਲਈ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ, ਇੰਜੀਨੀਅਰਾਂ, ਨਿਗਰਾਨੀ ਅਧਿਕਾਰੀਆਂ ਅਤੇ ਠੇਕੇਦਾਰ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਵੱਲੋਂ ਮੌਕੇ ਤੋਂ ਫ਼ਰਾਰ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਐਂਬੂਲੈਂਸ ਦੇ ਮੌਕੇ 'ਤੇ ਕਰੀਬ ਤਿੰਨ ਤੋਂ ਸਾਢੇ ਤਿੰਨ ਘੰਟੇ ਦੇਰੀ ਨਾਲ ਪਹੁੰਚਣ ਦੀ ਗੱਲ ਵੀ ਸਾਹਮਣੇ ਆਈ ਹੈ। ਅਰਵਿੰਦ ਸ਼ਰਮਾ ਨੇ ਇਨ੍ਹਾਂ ਦੋਵਾਂ ਪਹਿਲੂਆਂ ਦੀ ਸੁਤੰਤਰ ਅਤੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਗਿੱਲ ਰੋਡ ਸ਼ਹਿਰ ਦੀ ਇੱਕ ਮਹੱਤਵਪੂਰਨ ਅਤੇ ਭਾਰੀ ਆਵਾਜਾਈ ਵਾਲੀ ਸੜਕ ਹੈ, ਜਿਸ ਦੀ ਮਾੜੀ ਹਾਲਤ ਸਬੰਧੀ ਲੋਕ ਲੰਬੇ ਸਮੇਂ ਤੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਮਾਮਲਾ ਲਿਆ ਰਹੇ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਾ ਹੋਣਾ ਅਤੇ ਨਿਰਮਾਣ ਕਾਰਜਾਂ ਵਿੱਚ ਲਗਾਤਾਰ ਦੇਰੀ ਆਮ ਲੋਕਾਂ ਦੀਆਂ ਜਾਨਾਂ ਲਈ ਖ਼ਤਰਾ ਬਣ ਰਹੀ ਹੈ।
ਸਮਾਜ ਸੇਵੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਦੀਪਕ ਦੀ ਮੌਤ ਦਾ ਤੁਰੰਤ ਨੋਟਿਸ ਲਿਆ ਜਾਵੇ, ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ, ਇੰਜੀਨੀਅਰਾਂ, ਨਿਗਰਾਨੀ ਅਮਲੇ ਅਤੇ ਠੇਕੇਦਾਰ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਜਾਣ। ਇਸ ਦੇ ਨਾਲ ਹੀ ਸੜਕ ਦੇ ਨਿਰਮਾਣ ਵਿੱਚ ਹੋਈ ਦੇਰੀ, ਅਧੂਰੇ ਕੰਮ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਲਈ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਿੱਲ ਰੋਡ ਤੋਂ ਤੁਰੰਤ ਖਿੱਲਰੀ ਬਜਰੀ ਅਤੇ ਉਸਾਰੀ ਦਾ ਮਲਬਾ ਹਟਾਇਆ ਜਾਵੇ, ਚਿਤਾਵਨੀ ਬੋਰਡ, ਬੈਰੀਕੇਡ ਅਤੇ ਰੌਸ਼ਨੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਬਾਕੀ ਰਹਿੰਦੇ ਨਿਰਮਾਣ ਕਾਰਜ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰਾ ਕਰਵਾਇਆ ਜਾਵੇ। ਇਸ ਸਬੰਧੀ ਨਗਰ ਨਿਗਮ ਤੋਂ ਵਿਸਥਾਰਪੂਰਵਕ ਕਾਰਵਾਈ ਰਿਪੋਰਟ ਵੀ ਤਲਬ ਕੀਤੀ ਜਾਵੇ।
ਇਸ ਤੋਂ ਇਲਾਵਾ ਹਾਦਸੇ ਤੋਂ ਬਾਅਦ ਐਂਬੂਲੈਂਸ ਦੀ ਕਥਿਤ ਦੇਰੀ ਅਤੇ ਬੱਸ ਚਾਲਕ ਦੇ ਮੌਕੇ ਤੋਂ ਫ਼ਰਾਰ ਹੋਣ ਦੇ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਕਾਨੂੰਨ ਅਨੁਸਾਰ ਮ੍ਰਿਤਕ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਹੋਰ ਰਾਹਤ ਦੇਣ ਦੀ ਸੰਭਾਵਨਾ 'ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਕਿਸੇ ਮਾਸੂਮ ਨੌਜਵਾਨ ਦੀ ਮੌਤ ਸਿਰਫ਼ ਅਖ਼ਬਾਰ ਦੀ ਇੱਕ ਖ਼ਬਰ ਬਣ ਕੇ ਨਹੀਂ ਰਹਿ ਜਾਣੀ ਚਾਹੀਦੀ। ਸੜਕਾਂ ਲੋਕਾਂ ਦੀ ਸੁਰੱਖਿਅਤ ਆਵਾਜਾਈ ਲਈ ਬਣਾਈਆਂ ਜਾਂਦੀਆਂ ਹਨ, ਨਾ ਕਿ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਨਿਰਮਾਣ ਕਾਰਜਾਂ ਵਿੱਚ ਬੇਲੋੜੀ ਦੇਰੀ ਕਾਰਨ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣਨ ਲਈ। ਉਨ੍ਹਾਂ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।
ਸ਼ਿਕਾਇਤ ਦੀਆਂ ਕਾਪੀਆਂ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਡਾਇਰੈਕਟਰ ਸਥਾਨਕ ਸਰਕਾਰਾਂ, ਵਿਭਾਗ ਦੇ ਸਕੱਤਰ, ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਅਤੇ ਮੇਅਰ ਨੂੰ ਵੀ ਭੇਜੀਆਂ ਗਈਆਂ ਹਨ।
- Download Babushahi App
-
-