ਪੰਜਾਬ ਵਿੱਚ ਵੱਡੀ ਕਾਰਵਾਈ: ਮਹਿਲਾ ਸਰਕਾਰੀ ਕਰਮਚਾਰੀਆਂ ਨੇ ਵੀ ਲਈ 1,000 ਰੁਪਏ ਪ੍ਰਤੀ ਮਹੀਨਾ ਵਾਲੀ ਸਕੀਮ ਦੀ ਰਕਮ, 1,597 ਅਯੋਗ ਔਰਤਾਂ ਦੀ ਹੋਈ ਪਛਾਣ
ਰਿਕਵਰੀ ਨਾਲ ਨੌਕਰੀਆਂ ਵੀ ਖ਼ਤਰੇ ਵਿੱਚ
ਬਾਬੂਸ਼ਾਹੀ ਬਿਊਰੋ
ਲੁਧਿਆਣਾ/ਚੰਡੀਗੜ੍ਹ, 3 ਨਵੰਬਰ, 2026: ਪੰਜਾਬ ਸਰਕਾਰ ਦੀ ਮਹਿਲਾ ਭਲਾਈ ਯੋਜਨਾ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਨ ਵਾਲੀਆਂ 1,597 ਨਿਯਮਤ ਮਹਿਲਾ ਸਰਕਾਰੀ ਕਰਮਚਾਰੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਨਿਯਮਾਂ ਦੇ ਉਲਟ ਜਾ ਕੇ ਇਸ ਯੋਜਨਾ ਤਹਿਤ 1,000 ਰੁਪਏ ਪ੍ਰਤੀ ਮਹੀਨਾ ਦਾ ਲਾਭ ਲਿਆ ਹੈ। ਸਰਕਾਰ ਹੁਣ ਇਨ੍ਹਾਂ ਔਰਤਾਂ ਤੋਂ ਲਈ ਗਈ ਪੂਰੀ ਰਕਮ ਦੀ ਰਿਕਵਰੀ ਕਰਨ ਦੀ ਤਿਆਰੀ ਕਰ ਰਹੀ ਹੈ, ਨਾਲ ਹੀ ਅਨੁਸ਼ਾਸਨੀ ਕਾਰਵਾਈ ਤਹਿਤ ਉਨ੍ਹਾਂ ਦੀਆਂ ਨੌਕਰੀਆਂ ਵੀ ਖ਼ਤਰੇ ਵਿੱਚ ਪੈ ਗਈਆਂ ਹਨ।
ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਡਾਇਰੈਕਟੋਰੇਟ ਵੱਲੋਂ ਲਾਭਪਾਤਰੀਆਂ ਦੇ ਡੇਟਾ ਨੂੰ ਮਨੁੱਖੀ ਸਰੋਤ ਪ੍ਰਬੰਧਨ ਪ੍ਰਣਾਲੀ (HRMS) ਪੋਰਟਲ ਨਾਲ ਮਿਲਾਇਆ ਗਿਆ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਨਿਯਮਤ ਕਰਮਚਾਰੀ, ਆਮਦਨ ਕਰਦਾਤਾ ਅਤੇ ਸਰਕਾਰੀ ਅਹੁਦਿਆਂ 'ਤੇ ਬੈਠੀਆਂ ਔਰਤਾਂ ਨੇ ਜਾਣਕਾਰੀ ਛਪਾ ਕੇ ਇਸ ਯੋਜਨਾ ਦਾ ਲਾਭ ਲਿਆ ਹੈ।
ਬੀਤੀ 30 ਅਕਤੂਬਰ ਨੂੰ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਝੱਜ ਮੁਤਾਬਕ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਲਿਖਤੀ ਜਵਾਬ ਮੰਗਿਆ ਜਾਵੇਗਾ ਅਤੇ ਅਯੋਗ ਪਾਏ ਜਾਣ 'ਤੇ ਪੈਸੇ ਦੀ ਵਸੂਲੀ ਦੇ ਨਾਲ-ਨਾਲ ਸਖ਼ਤ ਪ੍ਰਸ਼ਾਸਕੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-