ਦੀਵਾਲੀ ਤੋਂ ਬਾਅਦ ਹੋਵੇਗਾ ਅਕਾਲੀ ਦਲ ਅਤੇ ਭਾਜਪਾ ਗਠਜੋੜ ਦਾ ਰਸਮੀ ਐਲਾਨ ?
ਬਾਬੂਸ਼ਾਹੀ ਬਿਊਰੋ
ਬਠਿੰਡਾ/ਚੰਡੀਗੜ੍ਹ, 3 ਨਵੰਬਰ, 2026 : ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਪੁਰਾਣਾ ਗਠਜੋੜ ਮੁੜ ਬਹਾਲ ਹੋਣ ਜਾ ਰਿਹਾ ਹੈ। ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਗੱਲਬਾਤ ਤਹਿਤ ਭਾਜਪਾ ਇਸ ਵਾਰ ਆਪਣਾ ਦਾਇਰਾ ਕਾਫ਼ੀ ਵਧਾਉਂਦਿਆਂ ਲਗਭਗ 45 ਤੋਂ 50 ਸੀਟਾਂ 'ਤੇ ਚੋਣ ਲੜ ਸਕਦੀ ਹੈ, ਜਦੋਂ ਕਿ ਬਾਕੀ 67 ਸੀਟਾਂ 'ਤੇ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ।
ਭਾਜਪਾ ਦੇ ਕਰੀਬੀ ਸੂਤਰਾਂ ਅਨੁਸਾਰ, ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ 'ਤੇ ਬਠਿੰਡਾ ਦਾ ਦੌਰਾ ਕਰਨਗੇ ਅਤੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਇਸ ਗਠਜੋੜ ਦਾ ਰਸਮੀ ਐਲਾਨ ਕਰਨਗੇ।
ਇਸ ਸਮਝੌਤੇ ਤਹਿਤ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿੱਚ ਮੁੜ ਅਹਿਮ ਸਥਾਨ ਮਿਲਣ ਦੀ ਪੂਰੀ ਸੰਭਾਵਨਾ ਹੈ। ਚਰਚਾ ਹੈ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਕੇਂਦਰੀ ਮੰਤਰੀ ਬਣ ਸਕਦੇ ਹਨ, ਜਿਸ ਨਾਲ ਪੰਜਾਬ ਨੂੰ ਕੇਂਦਰ ਵਿੱਚ ਸਿਆਸੀ ਪ੍ਰਤੀਨਿਧਤਾ ਹਾਸਲ ਹੋਵੇਗੀ।
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਵੀ ਭਾਜਪਾ ਨਾਲ ਗੱਠਜੋੜ ਤੋਂ ਇਨਕਾਰ ਨਹੀਂ ਕੀਤਾ ਹੈ ਅਤੇ 'ਆਪ' ਤੇ ਕਾਂਗਰਸ ਨੂੰ ਕੱਟੜ ਵਿਰੋਧੀ ਦੱਸਦਿਆਂ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਚੱਲਣ ਦੇ ਸੰਕੇਤ ਦਿੱਤੇ ਹਨ।
- Download Babushahi App
-
-