Big Breaking: ਪੰਜਾਬ 'ਚ ਇੱਕ ਹੋਰ ਸ਼ੋਅਰੂਮ 'ਤੇ ਬਦਮਾਸ਼ਾਂ ਵੱਲੋਂ ਫਾਈਰਿੰਗ
ਮਸ਼ਹੂਰ ਘੜੀਆਂ ਅਤੇ ਇਲੈਕਟਰੋਨਿਕਸ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾ ਕੇ ਦੋ ਅਣਪਛਾਤੇ ਨੌਜਵਾਨ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ 17 ਜੁਲਾਈ 2025: ਗੁਰਦਾਸਪੁਰ ਦੇ ਪ੍ਰਮੁੱਖ ਵਪਾਰੀ ਮੋਬਾਈਲ ਅਤੇ ਘੜੀਆਂ ਦੇ ਡੀਲਰ ਪੰਜਾਬ ਵਾਚ ਕੰਪਨੀ ਦੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਬਾਟਾ ਚੌਂਕ ਵਿਖੇ ਸਥਿਤ ਦੁਕਾਨ ਦੇ ਬਾਹਰ ਸਵੇਰੇ 9 ਵਜ ਕੇ 20 ਮਿੰਟ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਦੁਕਾਨ ਮਾਲਕ ਵੱਲੋਂ ਥੋੜੀ ਦੇਰ ਪਹਿਲੇ ਹੀ ਦੁਕਾਨ ਖੋਲੀ ਗਈ ਸੀ ਅਤੇ ਦੁਕਾਨ ਦੇ ਮੁਲਾਜ਼ਮ ਅਤੇ ਦੁਕਾਨ ਮਾਲਕ ਦੁਕਾਨ ਦੇ ਅੰਦਰ ਹੀ ਮੌਜੂਦ ਸੀ ਪਰ ਗੋਲੀ ਚੱਲਣ ਨਾਲ ਕੋਈ ਨੁਕਸਾਨ ਨਹੀਂ ਹੋਇਆ।
ਗੋਲੀ ਦੁਕਾਨ ਦੇ ਸ਼ੀਸ਼ੇ ਤੇ ਲੱਗੀ, ਜਿਸ ਦਾ ਖੋਲ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਜਦਕਿ ਇੱਕ ਹੋਰ ਬਿਨਾਂ ਚਲੀ ਗੋਲੀ ਵੀ ਦੁਕਾਨ ਦੇ ਨੇੜਿਓਂ ਹੀ ਸੜਕ ਤੋਂ ਬਰਾਮਦ ਹੋਈ ਹੈ। ਜਿਸ ਤਰ੍ਹਾਂ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਵਾਰਦਾਤ ਨੂੰ ਦੁਕਾਨਦਾਰ ਨੂੰ ਧਮਕਾਉਣ ਲਈ ਤੇ ਅੰਜਾਮ ਦਿੱਤਾ ਗਿਆ ਹੈ।
ਹਮਲਾਵਰ ਦੁਕਾਨਦਾਰ ਦਾ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਨ। ਹਾਲਾਂਕਿ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਸਵਾਰ ਕੁਝ ਅੱਗੇ ਜਾ ਕੇ ਫਿਰ ਤੋਂ ਮੁੜ ਕੇ ਵਾਪਸ ਆ ਗਏ ਪਰ ਵਾਪਸ ਆ ਕੇ ਉਹਨਾਂ ਵੱਲੋਂ ਹੋਰ ਗੋਲੀ ਨਹੀਂ ਚਲਾਈ ਗਈ । ਉੱਥੇ ਹੀ ਮੌਕੇ ਤੇ ਐਸਪੀ ਰਜਿੰਦਰ ਮਿਨਹਾਸ ਅਤੇ ਡੀਐਸਪੀ ਮੋਹਨ ਸਿੰਘ ਵੀ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਾਜ਼ਾਰ ਵਿੱਚ ਲੱਗੇ ਹੋਰ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ ਜਾ ਰਹੀ ਹੈ।
ਦੂਜੇ ਪਾਸੇ ਮੌਕੇ ਤੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਅਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾਹੜਾ ਅਤੇ ਚੇਅਰਮੈਨ ਰਮਨ ਬਹਿਲ ਵੀ ਪਹੁੰਚੇ । ਉਧਰ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਘਟਨਾ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿਲਾ ਗੁਰਦਾਸਪੁਰ ਬੇਸ਼ੱਕ ਅਪਰਾਧਕ ਵਾਰਦਾਤਾ ਤੇ ਗੈਂਗਸਟਰਾਂ ਕਾਰਨ ਬਦਨਾਮ ਲਿਆ ਹੈ ਪਰ ਜੇਕਰ ਪੁਲਿਸ ਜਿਲਾ ਗੁਰਦਾਸਪੁਰ ਅਤੇ ਸ਼ਹਿਰ ਦੇ ਅੰਦਰੂਨੀ ਹਾਲਾਤਾਂ ਦੀ ਗੱਲ ਕੀਤੀ ਜਾਏ ਤਾਂ ਇੱਥੇ ਗੈਂਗਸਟਰਾਂ ਦੀ ਸਰਗਰਮੀ ਬਹੁਤ ਘੱਟ ਵੇਖਣ ਨੂੰ ਮਿਲੀ ਸੀ।
ਕਿਸੇ ਵਪਾਰੀ ਤੇ ਹਮਲੇ ਦੀ ਸ਼ਹਿਰ ਵਿੱਚ ਪਹਿਲੀ ਵਾਰਦਾਤ ਹੈ ਜਿਸ ਨੂੰ ਬੇਹਦ ਪਲੈਨਿੰਗ ਨਾਲ ਅੰਜਾਮ ਦਿੱਤਾ ਗਿਆ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਦਰੂਨੀ ਬਾਜ਼ਾਰ ਜੋ ਸ਼ਹਿਰ ਦਾ ਮੁੱਖ ਬਾਜ਼ਾਰ ਹੈ ਤੇ ਬੇਹਦ ਭੀੜ ਭਾੜ ਵਾਲਾ ਇਲਾਕਾ ਹੈ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ , ਜਿਸ ਕਾਰਨ ਦੁਕਾਨਦਾਰ ਕਾਫੀ ਸਹਿਮੇ ਹੋਏ ਹਨ ਅਤੇ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਨਾਲ ਹੀ ਬਾਜ਼ਾਰ ਵਿੱਚ ਸੁਰੱਖਿਆ ਕਰਮੀ ਤੈਨਾਤ ਕਰਨ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ।