ਹੜ੍ਹ ਸੰਭਾਵਿਤ ਇਲਾਕਿਆਂ ਵਿਚ ਆਫ਼ਤ ਪ੍ਰਬੰਧਨ ਕਮੇਟੀ ਦਾ ਗਠਨ
ਰਵੀ ਜੱਖੂ
ਸ਼੍ਰੀ ਕੀਰਤਪੁਰ ਸਾਹਿਬ:- 8 ਜੁਲਾਈ, 2025 : ਸ਼੍ਰੀ ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਫ਼ਤ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਹੜ੍ਹ ਸੰਭਾਵਿਤ ਇਲਾਕਿਆਂ ਵਿਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕਾਇਮ ਕੀਤੀ ਗਈ ਹੈ।
ਕੀਰਤਪੁਰ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਐੱਸ.ਡੀ.ਐੱਮ ਨੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਚ ਜੋਖਿਮ ਵਾਲੇ ਹੜ੍ਹ ਸੰਭਾਵਿਤ ਇਲਾਕਿਆਂ ਬੇਲਾ ਧਿਆਨੀ, ਬੇਲਾ ਰਾਮਗੜ੍ਹ, ਐਲਗਰਾਂ ਅਤੇ ਹਰਸਾ ਬੇਲਾ ਵਿਖੇ ਬਣਾਈਆਂ ਗਈਆਂ ਆਰ.ਆਰ.ਟੀ ਟੀਮਾਂ (ਤੁਰੰਤ ਕਾਰਵਾਈ ਬਲ) 24 ਘੰਟੇ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਲਈ ਤਿਆਰ ਰਹਿਣਗੀਆਂ। ਉਹਨਾਂ ਦੱਸਿਆ ਕਿ ਮੈਡੀਕਲ ਅਫ਼ਸਰ ਡਾਕਟਰ ਦਿਨੇਸ਼ ਕੁਮਾਰ ਨੂੰ ਇਹਨਾਂ ਟੀਮਾਂ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ ਜਦਕਿ ਸਹਾਇਕ ਨੋਡਲ ਅਧਿਕਾਰੀ ਐੱਸ.ਆਈ ਸਹਿਜੋਵਾਲ ਸੁਖਬੀਰ ਸਿੰਘ ਸਮੂਹ ਟੀਮਾਂ ਨੂੰ ਸੁਪਰਵਾਈਜ਼ ਕਰਨਗੇ।
ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਹੈ ਕਿ ਨੋਡਲ ਅਧਿਕਾਰੀ ਤਹਿਸੀਲ ਨੰਗਲ ਵਿਚ ਪੀ.ਐੱਚ.ਸੀ ਕੀਰਤਪੁਰ ਸਾਹਿਬ ਅਧੀਨ ਕੰਮ ਕਰ ਰਹੇ ਸਟਾਫ਼ ਦੀ ਅਗਵਾਈ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵੇਲੇ ਸਟਾਫ਼ ਦੀ ਉਪਲਬੱਧਤਾ ਅਤੇ ਸਿਹਤ ਵਿਭਾਗ ਨਾਲ ਸੰਬੰਧਤ ਕੰਮ ਲਈ ਜ਼ਿੰਮੇਵਾਰ ਹੋਣਗੇ। ਡਾਕਟਰ ਜੰਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਹਿਦਾਇਤਾਂ 'ਤੇ ਗੰਭੀਰਤਾ ਨਾਲ ਅਮਲ ਕੀਤਾ ਜਾਵੇਗਾ।