Big Breaking: ਬਠਿੰਡਾ ਪੁਲਿਸ ਨੇ ‘ਮਣ ਪੱਕਾ ਚਿੱਟਾ’ ਬਰਾਮਦ ਕਰਕੇ ਚਿੱਟੇ ਦੇ ਕਾਲੇ ਧੰਦੇ ’ਚ ਲੱਗੇ ਅੱਧੀ ਦਰਜਨ ਨਸ਼ਾ ਤਸਕਰ ਕੀਤੇ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 8 ਜੁਲਾਈ 2025: ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਇੱਕ ਮੈਰਾਥਾਨ ਆਪਰੇਸ਼ਨ ਦੌਰਾਨ ਅੱਧੀ ਦਰਜਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 40 ਕਿੱਲੋ ਚਿੱਟਾ (ਹੈਰੋਇਨ) ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਰਕਾਰ ਦੀ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਬਠਿੰਡਾ ਜਿਲ੍ਹੇ ’ਚ ਕਿਸੇ ਸਿੰਥੈਟਿਕ ਨਸ਼ੇ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਜਿਸ ਤੋਂ ਬਾਅਦ ਜਿਲ੍ਹਾ ਪੁਲਿਸ ਕਾਫੀ ਹੌਂਸਲੇ ’ਚ ਹੈ। ਅੱਜ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਐਸਪੀ ਸਿਟੀ ਨਰਿੰਦਰ ਸਿੰਘ , ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਅਤੇ ਡੀਐਸਪੀ ਸੰਦੀਪ ਸਿੰਘ ਭਾਟੀ ਦੀ ਮੌਜੂਦਗੀ ’ਚ ਪੁਲਿਸ ਨੂੰ ਮਿਲੀ ਇਸ ਮਹੱਤਵਪੂਰਨ ਸਫਲਤਾ ਸਬੰਧੀ ਖੁਲਾਸਾ ਕੀਤਾ ਹੈ। ਐਸਐਸਪੀ ਨੇ ਜਿਲ੍ਹਾ ਪੁਲਿਸ ਤਰਫੋਂ ਐਨੀ ਵੱਡੀ ਮਾਤਰਾ ਵਿੱਚ ਚਿੱਟਾ ਬਰਾਮਦ ਕਰਨ ਵਾਲੀ ਪੁਲਿਸ ਪਾਰਟੀ ਦੀ ਪਿੱਠ ਵੀ ਥਾਪੜੀ ਅਤੇ ਯੋਗ ਇਨਾਮ ਦੇਣ ਲਈ ਡੀਜੀਪੀ ਪੰਜਾਬ ਨੂੰ ਪੱਤਰ ਲਿਖਣ ਦਾ ਐਲਾਨ ਵੀ ਕੀਤਾ ਹੈ।

ਐਸਐਸਐਸਪੀ ਅਮਨੀਤ ਕੌਂਡਲ ਬਠਿੰਡਾ ਪੁਲਿਸ ਨੂੰ ਹਾਸਲ ਹੋਈ ਇਸ ਵੱਡੀ ਸਫਲਤਾ ਨੂੰ ਲੈਕੇ ਕਾਫੀ ਖੁਸ਼ ਅਤੇ ਹੌਂਸਲੇ ’ਚ ਦਿਖਾਈ ਦਿੱਤੇ। ਆਮ ਤੌਰ ਤੇ ਕਾਫੀ ਸੰਜੀਦੀਗੀ ਭਰੇ ਅੰਦਾਜ਼ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੀ ਆਈਪੀਐਸ ਅਫਸਰ ਅਮਨੀਤ ਕੌਂਡਲ ਦੇ ਚਿਹਰੇ ਤੇ ਇਹ ਖੁਸ਼ੀ ਸਾਫ ਝਲਕਦੀ ਅਤੇ ਛੁਪਾਇਆਂ ਛੁਪਦੀ ਵੀ ਨਜ਼ਰ ਨਹੀਂ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਹ ਕਾਮਯਾਬੀ ਸ਼ੱਕੀ ਗੱਡੀਆਂ ਵਗੈਰਾ ਦੀ ਚੈਕਿੰਗ ਦੌਰਾਨ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਪਣੀ ਮੁਹਿੰਮ ਦੌਰਾਨ ਜਦੋਂ ਕਾਲੇ ਰੰਗ ਦੀ ਫਾਰਚੂਨਰ ਚੈਕ ਕੀਤੀ ਤਾਂ ਉਸ ’ਚ ਸਵਾਰ ਅੱਧੀ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਬੇਸ਼ੱਕ ਇੰਨ੍ਹਾਂ ਸਰਿਆਂ ਦੀ ਉਮਰ ਵੱਖੋ ਵੱਖਰੀ ਹੈ ਪਰ ਇਹ ਸਾਰੇ ਆਪਸ ’ਚ ਨਜ਼ਦੀਕੀ ਦੋਸਤ ਹਨ ਜੋ ਇਸ ਗਰੁੱਪ ਨੂੰ ਨਸ਼ਾ ਤਸਕਰੀ ਵਰਗੇ ਸਮਾਜ ਲਈ ਮਾਰੂ ਮੰਨੇ ਜਾਂਦੇ ਧੰਦੇ ’ਚ ਧੱਕਣ ਦਾ ਕਾਰਨ ਬਣਿਆ ਹੈ।
ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਗਲੀ ਨੰਬਰ 11 ਵਾਰਡ ਨੰਬਰ 26 ਪਟੇਲ ਨਗਰ ਨੇੜੇ ਸ਼ਮਸ਼ਾਨ ਘਾਟ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪ੍ਰਭਜੀਤ ਸਿੰਘ ਉਰਫ ਪ੍ਰਭ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 6 ਬਾਬਾ ਦੀਪ ਸਿੰਘ ਨਗਰ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਣਜੋਧ ਸਿੰਘ ਉਰਫ ਹਰਮਨ ਪੁੱਤਰ ਨਿਰਮਲ ਸਿੰਘ ਵਾਸੀ ਗਲੀ ਨੰਬਰ 3 ਹਰਜਿੰਦਰ ਨਗਰ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਅਕਾਸ਼ ਮਰਵਾਹ ਪੁੱਤਰ ਰਾਕੇਸ਼ ਕੁਮਾਰ ਵਾਸੀ ਨੇੜੇ ਹਰਕ੍ਰਿਸ਼ਨ ਸਕੂਲ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰੋਹਿਤ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਗਲੀ ਨੰਬਰ 4 ਪਟੇਲ ਨਗਰ ਸ਼ਮਸ਼ਾਨਘਾਟ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਚਰਨ ਸਿੰਘ ਉਰਫ ਗੁਰੀ ਪੁੱਤਰ ਸਤਨਾਮ ਸਿੰਘ ਵਾਸੀ ਗਲੀ ਨੰਬਰ 3 ਹਰਜਿੰਦਰ ਨਗਰ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਕੀਤੀ ਗਈ ਹੈ। ਫਾਰਚੂਨਰ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਗੱਡੀ ਵਿੱਚੋਂ 40 ਕਿੱਲੋ ਹੈਰੋਇਨ ਮਿਲੀ ਹੈ।
ਪਾਕਿਸਤਾਨੋਂ ਆਇਆ ਚਿੱਟਾ:ਐਸਐਸਪੀ
ਸੀਨੀਅਰ ਕਪਤਾਨ ਪੁਲਿਸ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ, ਕਿ ਹੈਰੋਇਨ ਦੀ ਇਹ ਖੇਪ ਵਿਦੇਸ਼ ਵਿੱਚ ਬੈਠੇ ਵਿਅਕਤੀ ਨੇ ਪਾਕਿਸਤਾਨ ਬਾਰਡਰ ਰਾਹੀਂ ਮੰਗਵਾ ਕੇ ਦੋਸ਼ੀਆਂ ਨੂੰ ਡਿਲਿਵਰ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਮੰਨਿਆ ਹੈ ਕਿ ਇਹ ਹੈਰੋਇਨ ਪੰਜਾਬ ਅਤੇ ਦੌਸਰੇ ਸੂਬਿਆਂ ਨੂੰ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਮੁਲਜਮਾਂ ਦਾ ਰਿਮਾਂਡ ਹਾਸਲ ਕਰੇਗੀ ਜਿਸ ਦੌਰਾਨ ਡੂੰਘਾਈ ਨਾਲ ਤਫਤੀਸ਼ ਕਰਕੇ ਅਗਲੀ ਕਾਰਵਾਈ ਅਮਲ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੂੰ ਪੁੱਛ ਪੜਤਾਲ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ ਜਿੰਨ੍ਹਾਂ ’ਚ ਇਹ ਵੀ ਸ਼ਾਮਲ ਹੈ ਕਿ ਉਹ ਹੈਰੋਇਨ ਪਹਿਲਾਂ ਕਿੰਨੀ ਵਾਰ ਲਿਆਏ ਹਨ ਜਾਂ ਫਿਰ ਇਹ ਉਨ੍ਹਾਂ ਦੀ ਪਹਿਲੀ ਖੇਪ ਸੀ।
ਮੁਲਜਮਾਂ ਦੀ ਅਪਰਾਧਿਕ ਕੁੰਡਲੀ
ਐਸਐਸਪੀ ਅਨੁਸਾਰ ਮੁਲਜਮ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਗੁਰਮੇਲ ਸਿੰਘ ਖਿਲਾਫ ਥਾਣਾ ਸਿਟੀ ਮਲੋਟ ’ਚ ਅਸਲਾ ਐਕਟ ਦਾ ਮੁਕੱਦਮਾ ਦਰਜ ਹੈ ਜਦੋਂਕਿ ਪ੍ਰਭਜੀਤ ਸਿੰਘ ਉਰਫ ਪ੍ਰਭ ਪੁੱਤਰ ਦਰਸ਼ਨ ਸਿੰਘ ਵਿਰੁੱਧ ਥਾਣਾ ਸਿਟੀ ਮਲੋਟ ’ਚ ਨਸ਼ਾ ਤਸਕਰੀ ਸਬੰਧੀ ਐਫਆਈਆਰ ਦਰਜ ਹੈ। ਉਨ੍ਹਾਂ ਦੱਸਿਆ ਕਿ ਬਾਕਾ ਚਾਰਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਲਖਵੀਰ ਸਿੰਘ ਕਾਰ ਬਜਾਰ ’ਚ ਖਰੀਦ ਵੇਚ ਕਰਦਾ ਹੈ ਜਦੋਂਕਿ ਬਾਕੀ ਪੰਜੇ ਬੇਰੁਜ਼ਗਾਰ ਹਨ। ਪੁਲਿਸ ਅਨੁਸਾਰ ਇਸ ਜੁੰਡਲੀ ’ਚ ਅਕਾਸ਼ ਮਾਰਵਾਹ ਪੁੱਤਰ ਰਕੇਸ਼ ਕੁਮਾਰ ਸਿਰਫ 21 ਸਾਲ ਦਾ ਹੈ ਜਦੋਂਕਿ ਬਾਕੀਆਂ ਦੀ ਉਮਰ 25 ਤੋਂ 33 ਸਾਲ ਦੇ ਵਿਚਕਾਰ ਹੈ।