ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਰਵਿੰਦਰ ਸਿੰਘ
ਖੰਨਾ, 8 ਜੁਲਾਈ 2025 : ਖੰਨਾ ਖੁਰਦ ਰੋਡ ਸਥਿਤ ਸਿੰਘ ਐਵੇਨਿਊ ਕਾਲੋਨੀ ਵਿੱਚ ਸੋਮਵਾਰ ਸ਼ਾਮ ਇੱਕ ਦਰਦਨਾਕ ਘਟਨਾ ਵਾਪਰੀ ਜਦੋਂ 30 ਸਾਲਾ ਵਿਆਹੁਤਾ ਰਮਨਦੀਪ ਕੌਰ ਦੀ ਲਾਸ਼ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਤ ਨੂੰ ਖੁਦਕੁਸ਼ੀ ਨਹੀਂ, ਸਗੋਂ ਕਤਲ ਕਰਾਰ ਦਿੰਦਿਆਂ ਸਹੁਰਿਆਂ 'ਤੇ ਗੰਭੀਰ ਦੋਸ਼ ਲਾਏ ਹਨ। ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਕੁੱਝ ਦਿਨ ਮਗਰੋਂ ਹੀ ਉਸਦੀ ਭੈਣ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਸਹੁਰੇ ਪਰਿਵਾਰ ਵੱਲੋਂ ਕਾਰ ਅਤੇ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ ਗਈ ਜੋ ਪਰਿਵਾਰ ਦੀ ਆਰਥਿਕ ਤੰਗੀ ਕਰਕੇ ਪੂਰੀ ਨਾ ਹੋ ਸਕੀ।
ਦਰਸ਼ਨ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਰਮਨਦੀਪ ਦੀ ਜ਼ਿੰਦਗੀ ਨਰਕ ਬਣ ਗਈ ਸੀ। “ਉਸ ਨੂੰ ਕਮਰੇ ਵਿੱਚ ਕੈਦ ਕਰ ਰੱਖਿਆ ਜਾਂਦਾ ਸੀ ਅਤੇ ਮਾਪਿਆਂ ਨਾਲ ਫ਼ੋਨ 'ਤੇ ਗੱਲ ਕਰਨ ਦੀ ਵੀ ਮਨਾਹੀ ਸੀ। ਕਈ ਵਾਰ ਜਦੋਂ ਉਸ ਨਾਲ ਗੱਲ ਹੁੰਦੀ ਸੀ ਤਾਂ ਉਸਦੀ ਆਵਾਜ਼ ਵਿੱਚ ਦਰਦ ਅਤੇ ਡਰ ਸਾਫ਼ ਸੁਣਾਈ ਦਿੰਦਾ ਸੀ।”
ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਸਹੁਰਿਆਂ ਨੇ ਪਹਿਲਾਂ ਰਮਨਦੀਪ ਦਾ ਕਤਲ ਕੀਤਾ ਅਤੇ ਸਬੂਤਾਂ ਨੂੰ ਮਿਟਾਉਣ ਲਈ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ। ਪਰਿਵਾਰ ਨੇ ਦੱਸਿਆ ਕਿ ਮੌਕੇ 'ਤੇ ਪਹੁੰਚਣ 'ਤੇ ਰਮਨਦੀਪ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ ਅਤੇ ਪਿੱਠ ਨੀਲੀ ਪਈ ਹੋਈ ਸੀ।