ਪੰਜਾਬ ਸਰਕਾਰ ਚੁੱਕੇਗੀ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ, ਵੱਡਾ ਖੁਲ੍ਹਾਸਾ ਆਇਆ ਸਾਹਮਣੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 1 ਜੁਲਾਈ, 2025: ਪੰਜਾਬ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਯਾਨੀ ਜੁਲਾਈ ਤੋਂ ਸਤੰਬਰ ਦਰਮਿਆਨ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦਾ ਫੈਸਲਾ ਲਿਆ ਹੈ। ਇਹ ਪ੍ਰਗਟਾਵਾ ਦਾ ਟ੍ਰਿਬਿਊਨ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ।
ਰਿਪੋਰਟ ਮੁਤਾਬਕ ਨਵੇਂ ਕਰਜ਼ੇ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹ ਕਰਜ਼ਾ ਆਰ ਬੀ ਆਈ ਦੀ ਹੱਦ ਮੁਤਾਬਕ ਹੈ। ਪੰਜਾਬ ਸਰਕਾਰ ਨੇ ਪਹਿਲਾਂ 6241.92 ਕਰੋੜ ਰੁਪਏ ਕਰਜ਼ਾ ਚੁੱਕਿਆ ਸੀ ਤੇ ਹੁਣ ਨਵਾਂ ਕਰਜ਼ਾ ਚੁੱਕਣ ਮਗਰੋਂ ਇਹ ਰਾਸ਼ੀ 14741.92 ਕਰੋੜ ਰੁਪਏ ਹੋ ਜਾਵੇਗੀ। ਪੰਜਾਬ ਸਰਕਾਰ ਨੇ ਇਸ ਵਿੱਤ ਵਰ੍ਹੇ ਵਿਚ 34201.11 ਕਰੋੜ ਰੁਪਏ ਕਰਜ਼ਾ ਚੁੱਕਣ ਦੀ ਯੋਜਨਾ ਬਣਾਈ ਹੈ ਤੇ ਮਾਰਚ 2026 ਤੱਕ ਪੰਜਾਬ ਸਰਕਾਰ ਸਿਰ 4 ਲੱਖ ਕਰੋੜ ਰੁਪਏ ਕਰਜ਼ਾ ਹੋ ਜਾਵੇਗਾ।
ਸਰਕਾਰ ਦੀ ਯੋਜਨਾ ਮੁਤਾਬਕ 8, 15, 22 ਅਤੇ 29 ਜੁਲਾਈ ਨੂੰ 5-5 ਸੌ ਕਰੋੜ ਰੁਪਏ ਕਰਜ਼ਾ ਚੁੱਕੇਗੀ। 5 ਅਗਸਤ ਨੂੰ 1500 ਕਰੋੜ ਰੁਪਏ, 12 ਅਗਸਤ ਨੂੰ 1000 ਕਰੋੜ ਰੁਪਏ ਅਤੇ 19 ਅਗਸਤ ਨੂੰ 500 ਕਰੋੜ ਰੁਪਏ, 2 ਸਤੰਬਰ ਨੂੰ 1500 ਕਰੋੜ ਰੁਪਏ, 9 ਅਤੇ 23 ਸਤੰਬਰ ਨੂੰ 5-5 ਕਰੋੜ ਰੁਪਏ ਅਤੇ 10 ਸਤੰਬਰ ਨੂੰ 1000 ਕਰੋੜ ਰੁਪਏ ਕਰਜ਼ਾ ਚੁੱਕੇਗੀ।