ਸਿਹਤ ਵਿਭਾਗ ਬਠਿੰਡਾ ਵੱਲੋਂ ਤੀਬਰ ਦਸਤ ਰੋਕੂ ਜਾਗਰੂਕਤਾ ਮਹੀਨੇ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਤੀਬਰ ਦਸਤ ਰੋਕੂ ਜਾਗਰੂਕਤਾ ਮਹੀਨੇ (ਆਈ.ਡੀ.ਸੀ.ਐਫ਼) ਦੇ ਪਹਿਲੇ ਦਿਨ ਦਫ਼ਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ । ਇਹ ਜਾਗਰੂਕਤਾ ਮਹੀਨਾ 01 ਜੁਲਾਈ ਤੋ 31 ਜੁਲਾਈ 2025 ਤੱਕ ਮਨਾਇਆ ਜਾਣਾ ਹੈ ਜਿਸ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਦੇ ਕੇ ਕਵਰ ਕੀਤਾ ਜਾਵੇਗਾ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਇਸ ਜਾਗਰੂਕਤਾ ਮਹੀਨੇ ਦਾ ਮੁੱਖ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ‘ਸਾਡੇ ਦੇਸ਼ ਵਿਚ ਹਰ ਸਾਲ ਘੱਟ ਤੋਂ ਘੱਟ 1.2 ਲੱਖ ਬੱਚੇ ਦਸਤ ਕਾਰਨ ਮਰਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੁੰਦਾ ਹੈ। ਸਰਕਾਰ ਦਾ ਟੀਚਾ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਸਿਫ਼ਰ ਕਰਨਾ ਹੈ।’ ਇਸ ਜਾਗਰੂਕਤਾ ਮਹੀਨੇ ਦਾ ਉਦੇਸ਼ ਦਸਤ ਦੀ ਰੋਕਥਾਮ ਲਈ ਹਰ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ, ਦਸਤ ਤੋਂ ਪੀੜਤ ਬੱਚਿਆਂ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਦੇਣਾ, ਹੱਥ ਧੋਣ ਦੀਆਂ ਸਹੀ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਚਾਰ ਕਰਨਾ ਸ਼ਾਮਿਲ ਹੈ।
ਇਸੇ ਦੌਰਾਨ ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅੰਦਰ ਦਸਤ ਦੀ ਬਿਮਾਰੀ ਉਨ੍ਹਾਂ ਦੀ ਮੌਤ ਦਾ ਵੱਡਾ ਕਾਰਨ ਹੈ। ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਦਸਤ ਰੋਗ ਦਾ ਸਹੀ ਇਲਾਜ ਹਨ। ਇਸ ਜਾਗਰੂਕਤਾ ਮਹੀਨੇ ਦੌਰਾਨ ਆਸ਼ਾ ਵਰਕਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਘਰ-ਘਰ ਵਿਚ ਜਾ ਕੇ ਓ.ਆਰ.ਐਸ. ਦਾ ਪੈਕਟ ਮੁਹੱਈਆ ਕਰਵਾਉਣਗੀਆਂ ਅਤੇ ਓ.ਆਰ.ਐਸ ਦਾ ਘੋਲ ਬਣਾਉਣ ਦੀ ਵਿਧੀ ਵੀ ਦੱਸਣਗੀਆਂ । ਇਸ ਤੋਂ ਇਲਾਵਾ ਦਸਤ ਦੀ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰ ਹਰ ਘਰ ਦੇ ਬਾਹਰ ਨਿਸ਼ਾਨੀ ਲਗਾਏਗੀ । ਉਨ੍ਹਾਂ ਦਸਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਵਿਚ ਟੱਟੀਆਂ-ਉਲਟੀਆਂ ਦੇ ਰੋਗ ਦੀ ਰੋਕਥਾਮ ਲਈ ਯੋਗ ਪ੍ਰਬੰਧ ਕੀਤੇ ਜਾਣਗੇ ਅਤੇ ਹਰੇਕ ਸਿਹਤ ਕੇਂਦਰ ਵਿਖੇ ਓ.ਆਰ.ਐਸ ਅਤੇ ਜਿੰਕ ਕਾਰਨਰ ਬਣਾਏ ਜਾਣਗੇ । ਇਸ ਮੌਕੇ ਬੀ.ਈ.ਈ ਹਰਜਿੰਦਰ ਕੌਰ ਮੌਜੂਦ ਸਨ।