Babushahi Special: ਦੋ ਪਿੰਡਾਂ ਦਾ ਬਾਈਕਾਟ: ਡਾਕਟਰਾਂ ਤੇ ਪੰਚਾਇਤਾਂ ਵਿਚਕਾਰ ਫਸਣ ਲੱਗੇ ਕੁੰਢੀਆਂ ਦੇ ਸਿੰਗ
ਅਸ਼ੋਕ ਵਰਮਾ
ਬਠਿੰਡਾ,1 ਜੁਲਾਈ 2025: ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਰਾਮਪੁਰਾ ਫੂਲ ਵਿਖੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਕੇ ਦੇ ਦੋ ਪਿੰਡਾਂ ਦੇ ਲੋਕਾਂ ਦਾ ਇਲਾਜ ਨਾ ਕਰਨ ਦੇ ਮਾਮਲੇ ’ਚ ਜਿੱਥੇ ਅੱਜ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਸ਼ਕਾਇਤ ਦਿੱਤੀ ਹੈ ਉੱਥੇ ਹੀ ਡਾਕਟਰ ਭਾਈਚਾਰੇ ਨੇ ਵੀ ਆਪਣਾ ਵਤੀਰਾ ਸਖਤ ਕਰ ਲਿਆ ਹੈ। ਜਿਸ ਢੰਗ ਨਾਲ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਤੇ ਅੜੀਆਂ ਹੋਈਆਂ ਹਨ ਉਸ ਨੂੰ ਦੇਖਦਿਆਂ ਡਾਕਟਰ ਭਾਈਚਾਰੇ ਅਤੇ ਪੰਚਾਇਤਾਂ ਵਿਚਕਾਰ ਕੁੰਢੀਆਂ ਦੇ ਸਿੰਗ ਫਸਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਮਹੱਤਵਪੂਰਨ ਤੱਥ ਇਹ ਹੈ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਸੇ ਵੀ ਧਿਰ ਦੇ ਗੰਭੀਰ ਨਾਂ ਹੋਣ ਕਾਰਨ ਆਮ ਲੋਕ ਬਾਈਕਾਟ ਦਾ ਦਰਦ ਹੰਢਾਉਣ ਲਈ ਮਜਬੂਰ ਹਨ। ਡਿਪਟੀ ਕਮਿਸ਼ਨਰ ਬਠਿੰਡਾ ਨੇ ਮਸਲਾ ਸੁਲਝਾਉਣ ਲਈ ਸਿਵਲ ਸਰਜਨ ਦੀ ਡਿਊਟੀ ਲਾ ਦਿੱਤੀ ਹੈ ਜਿੰਨਾਂ ਕਿਹਾ ਕਿ ਉਹ ਜਲਦੀ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਗੂਆਂ ਨਾਲ ਮੀਟਿੰਗ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਲਾਕ ਰਾਮਪੁਰਾ ਦੀਆਂ ਅੱਧੀ ਦਰਜਨ ਤੋਂ ਵੱਧ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਕਾਰਜ਼ਕਾਰੀ ਸੀਐਮਓ ਡਾ. ਰਮਨਦੀਪ ਸਿੰਗਲਾ ਨੂੰ ਮੰਗ ਪੱਤਰ ਦੇ ਕੇ ਡਾਕਟਰਾਂ ਦੇ ਇਸ ਫੈਸਲੇ ਨੂੰ ਮਨੁੱਖਤਾ ਵਿਰੋਧੀ ਦੱਸਦਿਆਂ ਰੱਦ ਕਰਨ ਦੀ ਮੰਗ ਕੀਤੀ ਹੈ। ਵਫਦ ਵਿੱਚ ਜਸਵੰਤ ਦਰਦ ਪ੍ਰੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਕੋਠੇ ਮੰਡੀ ਕਲਾਂ, ਕਰਮਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਰਾਮ ਨਿਵਾਸ, ਸਰਬਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਪਿੰਡ ਖੋਖਰ, ਮਨਜਿੰਦਰ ਕੌਰ ਸਰਪੰਚ ਗ੍ਰਾਮ ਪੰਚਾਇਤ ਮੰਡੀ ਕਲਾਂ, ਗੁਰਦੀਪ ਸਿੰਘ ਡਿੱਖ ਗ੍ਰਾਮ ਪੰਚਾਇਤ ਡਿੱਖ, ਪਿੰਡ ਬੁੱਗਰਾਂ ਦੇ ਸਰਪੰਚ ਤੋਂ ਇਲਾਵਾ ਇਸ ਖੇਤਰ ਦੇ ਸਰਪੰਚਾਂ ਅਤੇ ਪੰਚਾਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਕੁਝ ਦਿਨ ਪਹਿਲਾਂ ਪਿੰਡ ਸੂਚ ਦੇ ਨੌਜਵਾਨ ਜਸਪ੍ਰੀਤ ਸਿੰਘ ਟਰੈਕਟਰ ਹਾਦਸੇ ਵਿੱਚ ਜਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਰਾਮਪੁਰਾ ਫੂਲ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਪੰਚਾਇਤੀ ਨੁਮਾਇੰਦਿਆਂ ਨੇ ਦੱਸਿਆ ਕਿ ਇਲਾਜ ਦੌਰਾਨ ਜਖਮੀ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਦੀਪੂ ਮੰਡੀ ਕਲਾਂ ਦੀ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਨੇ ਨਿੱਜੀ ਹਸਪਤਾਲ ਅੱਗੇ ਰੋਸ ਧਰਨਾ ਲਾਇਆ ਸੀ । ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਅਤੇ ਕਿਸਾਨ ਆਗੂਆਂ ਨੇ ਹਸਪਤਾਲ ਦੇ ਡਾਕਟਰਾਂ ’ਤੇ ਸ਼ਰਾਬ ਪੀਤੀ ਹੋਣ ਅਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵੀ ਲਾਏ ਸਨ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਪਸਪਤਾਲ ਪ੍ਰਬੰਧਕਾਂ ਨੇ ਮਮਾਲਾ ਨਿਪਟਾਉਣ ਲਈ ਪੀੜਤ ਪਰਿਵਾਰ ਨੂੰ ਕੱੁਝ ਆਰਥਿਕ ਸਹਾਇਤਾ ਵੀ ਦਿੱਤੀ ਸੀ। ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਗੰਭੀਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਇਕਾਈ ਰਾਮਪੁਰਾ ਫੂਲ ਨੇ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਕਿਸੇ ਵੀ ਵਿਅਕਤੀ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਨਾਂ ਕਰਨ ਸਬੰਧੀ ਫੈਸਲਾ ਲੈ ਲਿਆ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇਸ ਫੈਸਲੇ ਨੂੰ ਨਿਰਾ ਮਨੁੱਖਤਾ ਵਿਰੋਧੀ ਕਰਾਰ ਦਿੰਦਿਆਂ ਪੰਚਾਇਤੀ ਆਗੂਆਂ ਦਾ ਕਹਿਣਾ ਸੀ ਕਿ ਧਰਨੇ ਵਿੱਚ ਦੋਵਾਂ ਪਿੰਡਾਂ ਚੋਂ ਕਿਸੇ ਵੀ ਸਮੁੱਚੇ ਪਿੰਡ ਨੇ ਸ਼ਮੂਲੀਅਤ ਨਹੀਂ ਕੀਤੀ ਹੈ ਇਸ ਲਈ ਚੰਦ ਬੰਦਿਆਂ ਖਾਤਰ ਸਾਰੇ ਪਿੰਡ ਨੂੰ ਸਜ਼ਾ ਦੇਣੀ ਕਿਧਰੋਂ ਦਾ ਇਨਸਾਫ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਇਹ ਮੰਦਭਾਗਾ ਫੈਸਲਾ ਕਰਕੇ ਦੋ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਪੂਰੀ ਤਰਾਂ ਵਾਂਝਾ ਕਰ ਦਿੱਤਾ ਹੈ। ਵਫ਼ਦ ਨੇ ਪ੍ਰਾਈਵੇਟ ਹਸਪਤਾਲ ਵਿੱਚ ਨੌਜਵਾਨ ਦੀ ਹੋਈ ਮੌਤ ’ਤੇ ਨਿਰਪੱਖ ਜਾਂਚ ਕਰਕੇ ਕਾਰਵਾਈ ਅਤੇ ਡਾਕਟਰਾਂ ਵੱਲੋਂ ਲਏ ਗਏ ਮਨੁੱਖਤਾ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਪਿੰਡ ਕੋਠੇ ਮੰਡੀ ਕਲਾਂ ਦੇ ਸਰਪੰਚ ਜਸਵੰਤ ਦਰਦਪ੍ਰੀਤ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਪਣਾ ਫੈਸਲਾ ਨਾਂ ਬਦਲਿਆ ਤਾਂ ਪਹਿਲਾਂ ਬਲਾਕ ਪੱਧਰੀ ਤੇ ਫਿਰ ਇਸ ਸੰਘਰਸ਼ ਨੂੰ ਸੂਬਾ ਪੱਧਰ ਤੇ ਲਿਜਾਇਆ ਜਾਏਗਾ।
ਡਾਕਟਰਾਂ ਵੱਲੋਂ ਮੁਕੱਦਮਾ ਦਰਜ ਕਰਨ ਲਈ ਪੱਤਰ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਵਿਕਾਸ ਛਾਬੜਾ ਦਾ ਕਹਿਣਾ ਸੀ ਕਿ ਜੱਥੇਬੰਦੀ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਧਰਨੇ ਦੌਰਾਨ ਹੁੱਲੜ੍ਹਬਾਜੀ ਅਤੇ ਮਹੌਲ ਖਰਾਬ ਕਰਨ ਵਾਲਿਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਅੰਦਰ ਕੋਈ ਕਾਰਵਾਈ ਨਾਂ ਕੀਤੀ ਤਾਂ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਘੜੀ ਜਾਏਗੀ।
ਰਣਨੀਤੀ ਸ਼ੁੱਕਰਵਾਰ ਨੂੰ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪੁਰ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਮ੍ਰਿਤਕ ਨੌਜਵਾਨ ਦੀ ਅੰਤਿਮ ਅਰਦਾਸ ਪਿੰਡ ਸੂਚ ਵਿਖੇ ਸ਼ੁੱਕਰਵਾਰ ਨੂੰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਵਾਸੀਆਂ , ਜੱਥੇਬੰਦੀ ਅਤੇ ਪੰਚਾਇਤਾਂ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਫੈਸਲਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਲਿਆ ਫੈਸਲਾ ਘੋਰ ਮਾਨਵਤਾ ਵਿਰੋਧੀ ਹੈ ਜਿਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ।
ਰਿਪੋਰਟ ਮੁਤਾਬਕ ਕਾਰਵਾਈ:
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਸਿਵਲ ਸਰਜਨ ਬਠਿੰਡਾ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਜੋ ਵੀ ਰਿਪੋਰਟ ਪੇਸ਼ ਕਰਨਗੇ ਉਸ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।