ਪਿੰਡ ਬਸੰਤਕੋਟ (ਗੁਰਦਾਸਪੁਰ) ਦਾ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ
ਗੁਰਭਜਨ ਗਿੱਲ
ਗੁਰਦਾਸਪੁਰ, 21 ਮਈ 2025- 18 ਮਈ 2025 ਐਤਵਾਰ ਨੂੰ ਮੈਨੂੰ ਆਪਣੇ ਪਿੰਡ ਬਸੰਤ ਕੋਟ ਵਿੱਚ 20ਵਾਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਹ ਮੌਕਾ ਮੈਨੂੰ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਨੌਜਵਾਨ ਅਰਸ਼ਦੀਪ ਸਿੰਘ ਹੋਠੀ (ਪ੍ਰਧਾਨ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਸੰਤਕੋਟ) ਵੱਲੋਂ ਮਿਲਿਆ ਸੀ। ਉਸਨੇ ਦੱਸਿਆ ਸੀ ਕਿ ਇਸ ਸਾਲ ਇਸ ਟੂਰਨਾਮੈਂਟ ਵਿੱਚ 38 ਟੀਮਾਂ ਭਾਗ ਲੈ ਰਹੀਆਂ ਹਨ ਤੇ ਅੱਜ ਬਾਕੀ ਮੈਚਾਂ ਦੇ ਨਾਲ ਨਾਲ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਵੀ ਹੋ ਰਿਹਾ ਹੈ। ਆਪਣੇ ਪਿੰਡ ਵਿੱਚ ਜਾਣਾ ਅਤੇ ਉੱਥੇ ਜਾ ਕੇ ਟੂਰਨਾਮੈਂਟ ਦੇਖਣ ਦਾ ਆਨੰਦ ਵੱਖਰਾ ਹੀ ਹੁੰਦਾ ਹੈ ਅਤੇ ਇਹ ਆਨੰਦ ਉਹੀ ਮਾਣ ਸਕਦਾ ਹੈ, ਜਿਹੜਾ ਉਸ ਮਿੱਟੀ ਨਾਲ ਜੁੜਿਆ ਹੋਵੇ।
ਮੇਰੇ ਮਨ ਵਿੱਚੋ ਆਪਣਾ ਪਿੰਡ ਬਸੰਤ ਕੋਟ, ਜਿੱਥੇ ਮੈਂ 1950 ਤੋਂ 1984 ਤੱਕ ਪੜ੍ਹਿਆ, ਪੜ੍ਹਾਇਆ ਅਤੇ ਵਿਚਰਿਆ ਹਾਂ, ਉਸ ਸਮੇਂ ਦਾ ਮੈਨੂੰ ਇੱਕ ਇੱਕ ਪਲ ਯਾਦ ਰਹਿੰਦਾ ਹੈ ਅਤੇ ਉਹ ਪਲ ਹੀ ਮੇਰੀ ਇਸ ਜ਼ਿੰਦਗੀ ਦੇ ਅਸਲੀ ਸਰਮਾਏ ਦਾ ਬਹੁਤ ਵੱਡਾ ਹਿੱਸਾ ਹਨ।
ਇੱਥੇ ਹੀ ਮੈਂ 1966 ਵਿੱਚ ਯੁਵਕ ਕੇਦਰ ਜਲੰਧਰ ਦੀ ਪ੍ਰੇਰਨਾ ਨਾਲ ਨੌਜਵਾਨ ਕਲੱਬ ਬਸੰਤ ਕੋਟ ਬਣਾਈ। ਇਸ ਕਲੱਬ ਨੇ ਪਿੰਡ ਬਸੰਤਕੋਟ ਦੀ ਗ੍ਰਾਮ ਪੰਚਾਇਤ ਨਾਲ ਮਿਲ ਕੇ ਪਿੰਡ ਵਿੱਚ ਲਾਇਬਰੇਰੀ, ਬਾਲਗ ਸਿੱਖਿਆ ਕੇਂਦਰ, ਸਿੱਖਿਆਦਾਇਕ ਨਾਟਕਾਂ ਦਾ ਆਯੋਜਨ, ਪਹਿਲੀ ਜਨਵਰੀ 1967 ਨੂੰ ਖੇਡ ਮੇਲਾ, ਹਫਤੇ ਬਾਅਦ ਨੌਜਵਾਨਾਂ ਵੱਲੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ, ਪਿੰਡ ਦੀ ਭੰਗੜਾ ਟੀਮ ਤਿਆਰ ਕਰਨੀ ਪਿੰਡ ਦੀ ਫਿਰਨੀ ਉੱਪਰ ਮਿੱਟੀ ਪਵਾਉਣ ਵਰਗੇ ਕੰਮ ਕੀਤੇ।
ਨੌਜਵਾਨ ਕਲੱਬ ਵੱਲੋਂ ਪਿੰਡ ਬਸੰਤਕੋਟ ਵਿੱਚ ਸ਼ੁਰੂ ਕੀਤੇ ਬਾਲਗ ਸਿੱਖਿਆ ਕੇਂਦਰ ਵਿੱਚ ਉਸ ਸਮੇਂ ਦੇ ਸਰਪੰਚ ਰਤਨ ਸਿੰਘ, ਅਰੂੜ ਸਿੰਘ, ਬਲਕਾਰ ਸਿੰਘ, ਮਹਿੰਦਰ ਸਿੰਘ, ਗੁਰਦਿਆਲ ਸਿੰਘ, ਅਨੂਪ ਸਿੰਘ, ਸ਼ਰਮ ਸਿੰਘ, ਮੋਹਣ ਸਿੰਘ, ਹਰਭਜਨ ਸਿੰਘ, ਸੁਲੱਖਣ ਸਿੰਘ, ਵੀਰ ਸਿੰਘ, ਸਵਰਨ ਸਿੰਘ, ਮੇਜਰ ਸਿੰਘ ਅਤੇ ਗੁਰਮੇਜ ਸਿੰਘ ਮੈਂਬਰ ਪੰਚਾਇਤ ਵਰਗੇ ਬਾਲਗ਼ ਵਿਦਿਆਰਥੀਆਂ ਦੇ ਨਾਂ ਮੇਰੀਆਂ ਯਾਦਾਂ ਦੇ ਝਰੋਖੇ ਵਿੱਚ ਉਕਰੇ ਪਏ ਹਨ। ਇਹਨਾਂ ਸਾਰਿਆਂ ਕੰਮਾਂ ਵਿੱਚ ਸਾਡੇ ਪਿੰਡ ਦੇ ਉਸ ਸਮੇਂ ਦੇ ਨੌਜਵਾਨ ਦਰਸ਼ਨ ਸਿੰਘ, ਹਰਵੰਤ ਸਿੰਘ, ਸੰਤੋਖ ਸਿੰਘ, ਅਸ਼ੋਕ ਪਥਰੀਆ, ਜੋਗਿੰਦਰ ਪਾਲ ਪਥਰੀਆ, ਚਮਨ ਲਾਲ ਪੱਥਰੀਆ, ਬਲਬੀਰ ਸਿੰਘ, ਬਲਕਾਰ ਸਿੰਘ, ਕਾਲਾ ਅਫ਼ਗਾਨਾ ਦੇ ਮਾਸਟਰ ਸੁਰਜੀਤ ਸਿੰਘ ਕਾਲਾ ਅਫਗਾਨਾ ਅਤੇ ਮਾਸਟਰ ਪਿਆਰਾ ਸਿੰਘ ਪੀਟੀਆਈ ਕਾਲਾ ਅਫਗਾਨਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਸਾਰੇ ਸਮੇਂ ਦੌਰਾਨ ਵੱਖ-ਵੱਖ ਖੱਟੀਆਂ ਮਿੱਠੀਆਂ ਘਟਨਾਵਾਂ ਦਾ ਮੈਂ ਬਾਅਦ ਵਿੱਚ ਕਿਤੇ ਹੋਰ ਜ਼ਿਕਰ ਕਰਾਂਗਾ। ਹਾਲ ਦੀ ਘੜੀ ਇਹੋ ਹੀ ਕਹਾਂਗਾ ਕਿ 18 ਮਈ 2025 ਨੂੰ ਬਸੰਤਕੋਟ ਆਉਣਾ ਅਤੇ ਫੁੱਟਬਾਲ ਟੂਰਨਾਮੈਂਟ ਦੇਖਣਾ ਮੇਰੇ ਲਈ ਇੱਕ ਯਾਦਗਾਰੀ ਦਿਨ ਬਣ ਗਿਆ ਹੈ। ਮੈਨੂੰ ਟੂਰਨਾਮੈਂਟ ਕਮੇਟੀ ਨੇ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਆਪਣੇ ਪਿੰਡ ਦੇ ਸਰਪੰਚ ਸ੍ਰ ਸੁਲੱਖਣ ਸਿੰਘ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਸੰਤਕੋਟ ਦੇ ਪ੍ਰਧਾਨ ਅਰਸ਼ਦੀਪ ਸਿੰਘ, ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਸ੍ਰ ਹਰਜੀਤ ਸਿੰਘ ਬਸੰਤਕੋਟ, ਸਰਦਾਰ ਸ਼ਰਨਜੀਤ ਸਿੰਘ ਬਸੰਤਕੋਟ, ਸ੍ਰ ਹਰਬਿੰਦਰ ਸਿੰਘ, ਸ੍ਰ ਗੁਰਨਾਮ ਸਿੰਘ, ਸ੍ਰ ਜਗਬੀਰ ਸਿੰਘ ਅਤੇ ਸ੍ਰ ਹਰਦੇਵ ਸਿੰਘ ਪਾਸੋਂ ਇਹ ਸਨਮਾਨ ਚਿੰਨ੍ਹ ਪ੍ਰਾਪਤ ਕਰਨਾ ਮੇਰੇ ਲਈ ਬਹੁਤ ਮਾਣ ਮੱਤੇ ਪਲ ਸਨ ਸਨ। ਇਸ ਟੂਰਨਾਮੈਂਟ ਵਿੱਚ ਪਿੰਡ ਬਸੰਤ ਕੋਟ ਦੀ ਟੀਮ ਨੇ ਫਾਈਨਲ ਮੈਚ ਵਿੱਚ ਕਾਲਾ ਅਫਗਾਨਾ ਦੀ ਟੀਮ ਨੂੰ ਦੋ ਗੋਲਾਂ ਦੇ ਫਰਕ ਨਾਲ ਹਰਾ ਕੇ ਇਸ 20ਵੇਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦੀ ਚੈਂਪੀਅਨ ਬਣੀ। 1976 ਤੋਂ 2025 ਦੇ ਪਿੰਡ ਬਸੰਤ ਕੋਟ ਦੇ ਇਸ ਫੁੱਟਬਾਲ ਸਫ਼ਰ ਦੌਰਾਨ ਇਸ ਸਾਲ ਬਸੰਤਕੋਟ ਦੀ ਜੇਤੂ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਅਤੇ ਮੈਂ ਪਿੰਡ ਟੂਰਨਾਮੈਂਟ ਕਮੇਟੀ ਨੂੰ ਇਸ ਟੂਰਨਾਮੈਂਟ ਨੂੰ ਸਫਲਤਾ ਸੰਪੰਨ ਕਰਨ ਲਈ ਵਧਾਈ ਭੇਟ ਕਰਦਾ ਹਾਂ।