ਅੰਮ੍ਰਿਤਪਾਲ ਸਿੰਘ ਐੱਮ.ਪੀ ਦੀ ਨਜ਼ਰਬੰਦੀ ਵਿਰੁੱਧ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ
ਲੁਧਿਆਣਾ, 21 ਮਈ 2025 - ਅਕਾਲੀ ਦਲ ‘ਵਾਰਿਸ ਪੰਜਾਬ ਦੇ' ਪਾਰਟੀ ਦੀ ਉੱਚ ਪੱਧਰੀ ਲੀਡਰਸ਼ਿਪ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ । ਮੀਟਿੰਗ ਦੀ ਪ੍ਰਧਾਨਗੀ ਕੋਰ ਕਮੇਟੀ ਮੈਂਬਰਾਨ ਸ. ਤਰਸੇਮ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਐੱਮ.ਪੀ. ਫਰੀਦਕੋਟ, ਅਮਰਜੀਤ ਸਿੰਘ ਵਿਨਝੜੀ, ਹਰਭਜਨ ਸਿੰਘ ਤੁੜ, ਬਾਬੂ ਸਿੰਘ ਬਰਾੜ ਨੇ ਕੀਤੀ, ਮੀਟਿੰਗ ਵਿਚ ਪਾਰਟੀ ਕਾਰਜਕਾਰਨੀ ਕਮੇਟੀ, ਮੈਂਬਰਸ਼ਿਪ ਭਰਤੀ ਕਮੇਟੀ ਅਤੇ ਸੰਵਿਧਾਨ ਘਾੜਾ ਕਮੇਟੀ, ਏਜੰਡਾ ਕਮੇਟੀ ਅਤੇ ਸਾਰੇ ਜ਼ਿਲ੍ਹਿਆਂ ਦੇ ਅਬਜ਼ਰਵਰ ਸ਼ਾਮਲ ਹੋਏ ।
ਮੀਟਿੰਗ ਵਿੱਚ ਭਾਈ ਅਮ੍ਰਿਤਪਾਲ ਸਿੰਘ ਐੱਮ.ਪੀ. ਸ਼੍ਰੀ ਖੰਡੂਰ ਸਾਹਿਬ ਦੀ ਵਧਾਈ ਗਈ ਨਜ਼ਰਬੰਦੀ (ਐੱਨ.ਐੱਸ.ਏ.) ਦੀ ਨਿਖੇਧੀ ਕੀਤੀ ਗਈ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਐੱਨ. ਐੱਸ. ਏ. ਦੇ ਵਿਰੋਧ ਵਿੱਚ 27 ਮਈ ਨੂੰ ਰੋਸ ਮੁਜ਼ਾਹਰੇ ਕਰਕੇ ਰਾਜਪਾਲ ਪੰਜਾਬ ਦੇ ਨਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪਾਰਟੀ ਦੇ ਸੰਗਠਨ ਅਤੇ ਵਿਸਥਾਰ ਬਾਰੇ ਵੀ ਚਰਚਾ ਕੀਤੀ ਗਈ। ਸਾਰੇ ਜ਼ਿਲ੍ਹਿਆਂ ਦੇ ਅਬਜ਼ਰਵਰਾਂ ਤੋਂ ਸੁਝਾਅ ਅਤੇ ਰਿਪੋਰਟਾਂ ਲਈਆਂ ਗਈਆਂ। ਪਾਰਟੀ ਨੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਬਰਦਸਤੀ ਜ਼ਮੀਨਾਂ ਐਕਵਾਇਰ ਕਰਨ ਦੀ ਨਿੰਦਾ ਕੀਤੀ ਅਤੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਮੁਕਤਸਰ ਸਾਹਿਬ ਵਿੱਚ ਭੁੱਲਰ ਨਹਿਰ ਵਿੱਚ ਆ ਰਹੇ ਕਾਲਾ ਪਾਣੀ ਪ੍ਰਤੀ ਸਰਕਾਰ ਨੂੰ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ। ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਕੀਤਾ ਜਾਵੇਗਾ। ਕਿਸਾਨਾਂ ਨੂੰ ਡੀ. ਏ. ਪੀ ਅਤੇ ਯੂਰੀਆ ਖਾਦ ਦੀ ਮੁਸ਼ਕਲ ਦਾ ਸਰਕਾਰ ਨੂੰ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਅਤੇ ਇਸ ਦੀ ਕਾਲਾਬਜ਼ਾਰੀ ਖਤਮ ਕੀਤੀ ਜਾਵੇ। ਚਮਕੌਰ ਸਾਹਿਬ ਵਿੱਚ ਲੱਗ ਰਹੀ ਗੱਤਾ ਫੈਕਟਰੀ ਦਾ ਵਿਰੋਧ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਨਾਲ ਖੜਨ ਦਾ ਫੈਸਲਾ ਕੀਤਾ ਗਿਆ ।
ਭਾਰਤ-ਪਾਕਿਸਤਾਨ ਜੰਗ ਦੌਰਾਨ ਪੰਜਾਬ ਅਤੇ ਪੰਜਾਬੀਆਂ ਦੇ ਹੋਏ ਨੁਕਸਾਨ ਦਾ ਮੁਆਵਜੇ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ।
ਮੀਟਿੰਗ ਵਿੱਚ ਪਾਰਟੀ ਦੇ ਪ੍ਰੋਗਰਾਮ ਅਤੇ ਏਜੰਡਿਆਂ ਨੂੰ ਸ. ਪਰਮਜੀਤ ਸਿੰਘ ਜੋਹਲ ਪਾਰਟੀ ਕੋ-ਆਰਡੀਨੇਟਰ ਨੇ ਰੱਖਿਆ। ਮੀਟਿੰਗ ਦੀ ਕਾਰਵਾਈ ਸ. ਕਾਬਲ ਸਿੰਘ ਭੁੱਲਰ ਮੈਂਬਰ ਕਾਰਜਕਾਰਨੀ ਕਮੇਟੀ ਨੇ ਸੁਚੱਜੇ ਢੰਗ ਨਾਲ ਚਲਾਇਆ।