ਆਸਟ੍ਰੇਲੀਆ ਦੇ 200 ਸਾਲਾ ਇਤਿਹਾਸ 'ਚ ਪਹਿਲੀ ਵਾਰ 'ਕੌਰ' ਬਣੀ MP: ਪੰਜਾਬ ਦੇ ਇਸ ਪਿੰਡ ਦੀ ਧੀ ਡਾ. ਪਰਵਿੰਦਰ ਕੌਰ ਨੇ ਰਚਿਆ ਇਤਿਹਾਸ
ਗੁਰਸ਼ਮਿੰਦਰ ਸਿੰਘ ਬਰਾੜ (ਮਿੰਟੂ)
ਐਡਲੇਡ (ਆਸਟਰੇਲੀਆ), 19 ਮਈ 2025- ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ। ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ ਨਿਊ ਸਾਊਥ ਵੇਲਸ ਤੋਂ ਪਹਿਲੇ 'ਸਿੰਘ' ਮੈਂਬਰ ਪਾਰਲੀਮੈਂਟ ਬਣੇ ਸਨ ਤੇ ਹੁਣ ਡਾ ਪਰਵਿੰਦਰ ਕੌਰ ਨੂੰ ਆਸਟ੍ਰੇਲੀਆ ਦੇ ਤਕਰੀਬਨ ਦੋ ਸੌ ਸਾਲ ਦੇ ਇਤਿਹਾਸ ’ਚ ਪਹਿਲੇ 'ਕੌਰ' ਮੈਂਬਰ ਪਾਰਲੀਮੈਂਟ ਬਣਨ ਦਾ ਸੁਭਾਗ ਮਿਲਿਆ ਹੈ। ਆਓ ਤੁਹਾਨੂੰ ਮਿਲਾਈਏ ਪੰਜਾਬ ਦੇ ਇਕ ਪਿੰਡ ਤੋਂ ਪੱਛਮੀ ਆਸਟ੍ਰੇਲੀਆ ਦੇ ਪਾਰਲੀਮੈਂਟ ਤੱਕ ਦਾ ਸਫ਼ਰ ਤਹਿ ਕਰਨ ਵਾਲੀ ਮਾਣਮੱਤੀ ਡਾ ਪਰਵਿੰਦਰ ਕੌਰ ਨਾਲ।
ਗੱਲ 2014 ਦੀ ਹੈ। ਸਿੱਖ ਖੇਡਾਂ ਦੇ ਸਿਲਸਿਲੇ 'ਚ ਅਸੀਂ ਪਰਥ ਵਿਚ ਸਾਂ। ਖੇਡਾਂ ਦੌਰਾਨ ਬਹੁਤ ਸਾਰੇ ਚਾਹੁਣ ਵਾਲੇ ਮਿਲੇ। ਇਸੇ ਦੌਰਾਨ ਬਹੁਤ ਹੀ ਖ਼ੂਬਸੂਰਤ, ਹੱਸੂ-ਹੱਸੂ ਕਰਦੇ ਚਿਹਰੇ ਦੀ ਮਾਲਕ ਇੱਕ ਕੁੜੀ ਨੇ ਭੀੜ ਵਿਚੋਂ ਦੀ ਅੱਗੇ ਹੁੰਦੀਆਂ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਕਿਹਾ, "ਮਿੰਟੂ ਭਾਜੀ ਕਾਫ਼ੀ ਚਿਰ ਤੋਂ ਸੁਣਦੇ ਅਤੇ ਪੜ੍ਹਦੇ ਆ ਰਹੇ ਹਾਂ, ਬੱਸ ਮਿਲਣ ਦਾ ਸਬੱਬ ਨਹੀਂ ਬਣਿਆ।" ਮੇਰੇ ਧੰਨਵਾਦ ਕਹਿਣ ਤੇ ਉਹਨਾਂ ਅੱਗੇ ਗੱਲ ਤੋਰਦਿਆਂ ਦੱਸਿਆ ਕਿ "ਮੇਰਾ ਨਾਮ ਪਰਵਿੰਦਰ ਹੈ ਤੇ ਮੈਨੂੰ ਵੀ ਰੇਡੀਓ ਮੇਜ਼ਬਾਨੀ ਦਾ ਬੜਾ ਸ਼ੌਕ ਹੈ।" ਪਹਿਲੀ ਸੱਟੇ ਮੈਂ ਅਸਲੀ ਪਰਵਿੰਦਰ ਦੇ ਦਰਸ਼ਨ ਨਹੀਂ ਸਾਂ ਕਰ ਸਕਿਆ। ਉਹਨਾਂ ਸਾਨੂੰ ਦੂਜੇ ਦਿਨ ਆਪਣੇ ਦਫ਼ਤਰ ਆਉਣ ਦਾ ਸੱਦਾ ਦੇ ਦਿੱਤਾ। ਇਸ ਦੌਰਾਨ ਮੈਨੂੰ ਏਧਰੋਂ ਉਧਰੋਂ ਪਤਾ ਚੱਲਿਆ ਕਿ ਉਹ ਇੱਕ ਵਿਗਿਆਨੀ ਹਨ। ਜਦੋਂ ਦੂਜੇ ਦਿਨ ਅਸੀਂ ਉਹਨਾਂ ਕੋਲ ਪੁੱਜੇ ਤਾਂ ਚਿੱਟੇ ਕੋਟ 'ਚ ਆਪਣੀ ਲੈਬ 'ਚ ਮਸਰੂਫ਼ ਡਾ ਪਰਵਿੰਦਰ ਨੇ ਸਾਡਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਸਾਰੀ ਯੂਨੀਵਰਸਿਟੀ ਦਾ ਗੇੜਾ ਲਵਾ ਕੇ ਆਪਣੇ ਚੱਲ ਰਹੇ ਕੰਮਾਂ-ਕਾਰਾਂ ਤੋਂ ਜਾਣੂ ਕਰਵਾਇਆ।
ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਿਆਤ ਪੁਰ ਰੁੜਕੀ ਦੇ ਸਰਦਾਰ ਕਸ਼ਮੀਰ ਸਿੰਘ ਜੋ ਕਿ ਭਾਰਤੀ ਫ਼ੌਜ ਵਿਚ ਸੇਵਾ ਮੁਕਤ ਸਨ ਅਤੇ ਬੀਬੀ ਜਰਨੈਲ ਕੌਰ ਦੇ ਘਰ ਪਰਵਿੰਦਰ ਦਾ ਜਨਮ ਹੋਇਆ। ਪਰਵਿੰਦਰ ਹੁਰੀਂ ਦੋ ਹੀ ਭੈਣ ਭਰਾ ਹਨ। ਭਰਾ ਨਿੱਕਾ ਹੈ। ਉਹਨਾਂ ਦੀ ਸਕੂਲੀ ਵਿੱਦਿਆ ਵੱਖ-ਵੱਖ ਫ਼ੌਜੀ ਸਕੂਲਾਂ 'ਚ ਹੋਈ। ਜਿਨ੍ਹਾਂ 'ਚ ਜਲੰਧਰ ਕੈਂਟ ਅਤੇ ਅੰਬਾਲਾ ਕੈਂਟ ਜ਼ਿਕਰਯੋਗ ਹਨ। ਇਸ ਉਪਰੰਤ ਉਹਨਾਂ ਪਟਿਆਲੇ ਤੋਂ ਆਪਣੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਸਿੱਖਿਆ ਹਾਸਲ ਕੀਤੀ। ਭਾਵੇਂ ਬਾਪ ਦੀ ਫ਼ੌਜ ਵਿੱਚ ਨੌਕਰੀ ਕਾਰਨ ਪਰਵਿੰਦਰ ਨੂੰ ਵੱਖ-ਵੱਖ ਥਾਵਾਂ ਤੇ ਰਹਿਣਾ ਪਿਆ, ਪਰ ਹਰ ਛੁੱਟੀਆਂ ਪਿੰਡ ’ਚ ਗੁਜ਼ਾਰਨ ਕਾਰਨ ਕਿਤੇ ਨਾ ਕਿਤੇ ਉਸ ਦੀ ਪਿੰਡ ਨਾਲ ਅਤੇ ਖੇਤੀ ਕਿੱਤੇ ਨਾਲ ਸਾਂਝ ਬਹੁਤ ਗੂੜ੍ਹੀ ਕਰ ਦਿੱਤੀ। ਉਹ ਦੱਸਦੇ ਹਨ ਕਿ ਗਿਆਰ੍ਹਵੀਂ 'ਚ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਮੇਰੀ ਮੰਜ਼ਿਲ ਕੀ ਹੈ! ਭਾਵੇਂ ਮੇਰੀ ਮੁੱਢ ਤੋਂ ਸਾਇੰਸ ਵਿਚ ਰੁਚੀ ਸੀ ਪਰ ਮੈਂ ਗਿਆਰ੍ਹਵੀਂ 'ਚ ਮਿਲੇ-ਜੁਲੇ ਜਿਹੇ ਵਿਸ਼ੇ ਚੁਣ ਲਏ। ਪਰ ਬਾਰ੍ਹਵੀਂ ਤੱਕ ਆਉਂਦੇ-ਆਉਂਦੇ ਮੈਨੂੰ ਏਨਾ ਕੁ ਅਹਿਸਾਸ ਹੋ ਗਿਆ ਸੀ ਕਿ ਬਿਨਾਂ ਟੀਚਾ ਮਿਥਿਆਂ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਕੁਝ ਕੁ ਦਿਨਾਂ ਲਈ ਦੰਦਾਂ ਦੀ ਡਾਕਟਰੀ ਚੁਣ ਲਈ ਸੀ, ਭਾਵੇਂ ਮੇਰੀ ਪਸੰਦ ਦੇ ਵਿਸ਼ੇ ਜੀਵ ਵਿਗਿਆਨ (Biology) ਸੀ।
ਪਰ ਉਸੇ ਵਕਤ ਕਿਸਮਤ ਨਾਲ ਮੈਨੂੰ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਦਾਖ਼ਲਾ ਮਿਲ ਗਿਆ ਤੇ ਉਹ ਵੀ ਸਕਾਲਰਸ਼ਿਪ ਨਾਲ। ਕਿਉਂਕਿ ਮੈਂ ਪਹਿਲੇ ਪੰਜ ਵਿਦਿਆਰਥੀਆਂ 'ਚ ਆਪਣਾ ਨਾਮ ਦਰਜ ਕਰਵਾਉਣ 'ਚ ਕਾਮਯਾਬ ਹੋ ਗਈ ਸੀ। ਪਿੰਡ ’ਚ ਗੁਜ਼ਾਰੇ ਸਮੇਂ ਨੇ ਮੈਨੂੰ ਸਿਖਾ ਦਿੱਤਾ ਸੀ ਕਿ ਅੰਨਦਾਤਾ ਕਹਾਉਣਾ ਕਿੰਨਾ ਕੁ ਔਖਾ। ਸ਼ਾਇਦ ਇਸੇ ਕਰਕੇ ਇਹ ਮੇਰਾ ਜਨੂੰਨ ਬਣ ਗਿਆ। ਗਰੈਜੂਏਸ਼ਨ ਦੌਰਾਨ ਕੀਤੀ ਮਿਹਨਤ ਦਾ ਫਲ਼ ਮਾਸਟਰਜ਼ ਲਈ ਸਕਾਲਰਸ਼ਿਪ ਦੇ ਰੂਪ 'ਚ ਮਿਲਿਆ ਤੇ ਮਾਸਟਰਜ਼ 'ਚ ਕੀਤੀ ਮਿਹਨਤ ਦਾ ਫਲ਼ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਮਸ਼ਹੂਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਨੇ ਸਕਾਲਰਸ਼ਿਪ ਦੇ ਰੂਪ 'ਚ ਦਿੱਤਾ।
ਜਦੋਂ ਮੈਂ ਆਪਣੇ ਰਿਟਾਇਰ ਹੋ ਚੁੱਕੇ ਪਿਤਾ ਜੀ ਨੂੰ ਦੱਸਿਆ ਕਿ ਮੈਂ ਵਿਦੇਸ਼ ਜਾਣਾ ਤਾਂ ਉਹ ਕਹਿੰਦੇ ਆਪਾ ਇਕ ਛੋਟੇ ਜ਼ਿਮੀਂਦਾਰ ਹਾਂ ਸੋ ਏਨਾ ਖ਼ਰਚ ਕਿਵੇਂ ਕਰਾਂਗੇ? ਜਦ ਮੈਂ ਉਹਨਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਮੇਰਾ ਸਾਰਾ ਖ਼ਰਚ ਚੁੱਕੇਗੀ। ਤਾਂ ਕਿਸੇ ਨੂੰ ਯਕੀਨ ਨਹੀਂ ਸੀ ਆਇਆ। ਪਰ ਸੱਚ ਦੱਸਾਂ ਮੇਰਾ ਇਕ ਪੈਸਾ ਵੀ ਨਹੀਂ ਲੱਗਿਆ ਇੱਥੇ ਆ ਕੇ ਪੜ੍ਹਨ ਲਿਖਣ ਅਤੇ ਰਹਿਣ ਸਹਿਣ ’ਤੇ।
ਪਰਵਿੰਦਰ ਤੋਂ ਰੁਜ਼ਗਾਰ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਦੂਜਾ ਉਹ ਭਾਗਾਂ ਵਾਲਾ ਹੁੰਦਾ ਜਿਸ ਨੂੰ ਉਸ ਦੇ ਸ਼ੌਕ ਮੁਤਾਬਿਕ ਕਿੱਤਾ ਮਿਲ ਜਾਵੇ। ਡੀ.ਐਨ.ਏ. ਉੱਤੇ ਕੰਮ ਕਰਨਾ ਮੇਰਾ ਸ਼ੌਕ ਸੀ ਪਰ ਹੁਣ ਮੈਨੂੰ ਇਸ ਦੇ ਪੈਸੇ ਮਿਲਦੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਪਰਵਿੰਦਰ ਨੇ ਆਸਟ੍ਰੇਲੀਆ ਦੀ ਬਹੁਤ ਵੱਡੀ ਸਮੱਸਿਆ ਉੱਤੇ ਕੰਮ ਕੀਤਾ ਤੇ ਜਿਸ ਕਾਰਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੱਥੋਂ ਸਨਮਾਨ ਵੀ ਹਾਸਲ ਹੋਇਆ। ਉਹਨਾਂ ਦੇ ਦੱਸਣ ਮੁਤਾਬਕ ਆਸਟ੍ਰੇਲੀਆ ਦੇ ਪਸ਼ੂਆਂ ਦੇ ਚਾਰੇ ਵਿਚ ਕੁਝ ਅਜਿਹੇ ਤੱਤ ਸਨ ਜਿਨ੍ਹਾਂ ਕਾਰਨ ਬਹੁਤ ਜ਼ਿਆਦਾ ਮੀਥੇਨ ਗੈਸ ਬਣਦੀ ਹੈ ਜੋ ਕਿ ਓਜ਼ੋਨ 'ਚ ਹੋਏ ਸੁਰਾਖ਼ ਲਈ ਜਿਮੇਵਾਰ ਹੈ। ਆਸਟ੍ਰੇਲੀਆ 'ਚ ਬਣਦੀ ਕੁੱਲ ਮੀਥੇਨ ਗੈਸ ਦਾ ਚਾਲੀ ਪ੍ਰਤੀਸ਼ਤ ਹਿੱਸਾ ਇਸ ਚਾਰੇ ਨੂੰ ਖਾ ਕੇ ਇਹ ਜਾਨਵਰ ਬਣਾਉਂਦੇ ਸਨ। ਪਰ ਪਰਵਿੰਦਰ ਦੀ ਮਿਹਨਤ ਸਦਕਾ ਇਸ 'ਤੇ ਕਾਬੂ ਪੈਣਾ ਸ਼ੁਰੂ ਹੋ ਗਿਆ ਹੈ।
ਜਦੋਂ ਕਰੋਨਾ ਦਾ ਕਾਲ ਦੁਨੀਆ 'ਤੇ ਮੰਡਰਾਉਣਾ ਲੱਗਿਆ ਤਾਂ ਪਰਵਿੰਦਰ ਨੂੰ ਫੇਰ ਸੁਭਾਗ ਮਿਲਿਆ ਮਾਨਵਤਾ ਦੀ ਸੇਵਾ ਕਰਨ ਦਾ। ਜਿਸ ਨੂੰ ਉਸ ਨੇ ਖਿੜੇ ਮੱਥੇ ਲੈਂਦਿਆਂ ਦੱਸਿਆ ਕਿ ਕੋਰੋਨਾ ਦਾ ਡੀ.ਐਨ.ਏ. ਕੋਡ ਫ਼ਸਲਾਂ ਦੇ ਕੋਡ ਨਾਲੋਂ ਬਹੁਤ ਛੋਟਾ ਕੋਡ ਹੈ ਪਰ ਇਸ ਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੈ ਇਸ ਲਈ ਇਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਉਸ ਨੇ ਸਖ਼ਤ ਮਿਹਨਤ ਕਰਕੇ ਕਰੋਨਾ ਦੇ ਕੋਡ ਨੂੰ ਡੀ ਕੋਡ ਕੀਤਾ।
ਪਰਵਾਰ ਬਾਰੇ ਪੁੱਛਣ ਤੇ ਪਰਵਿੰਦਰ ਦਾ ਕਹਿਣਾ ਹੈ ਕਿ ਮੇਰੀ ਮੰਮੀ ਜੀ ਪਰਵਾਰਿਕ ਮਜਬੂਰੀਆਂ ਕਾਰਨ ਬਚਪਨ ’ਚ ਆਪਣੀ ਪੜਾਈ ਪੂਰੀ ਨਹੀਂ ਸਨ ਕਰ ਸਕੇ ਤੇ ਉਹਨਾਂ ਉਸੇ ਵਕਤ ਹੀ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਸੁਫ਼ਨੇ ਆਪਣੇ ਬੱਚਿਆਂ ਦੇ ਰਾਹੀਂ ਪੂਰੇ ਕਰਾਂਗੀ।
ਹਰ ਮਾਂ ਬਾਪ ਵਾਂਗ ਮੇਰੇ ਮਾਂ ਬਾਪ ਦੇ ਸਾਹਮਣੇ ਵੀ ਇੱਕ ਵੱਡੀ ਸਮੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ ਭਰ ਦੀ ਕਮਾਈ ਆਪਣੇ ਪੁੱਤਰ ਉੱਤੇ ਲਾਉਣ ਜਾਂ ਧੀ ਉੱਤੇ। ਕਿਉਂਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਸਾਡੇ ਸਮਾਜ ਇਹ ਫ਼ਰਕ ਮੁੱਢ ਕਦੀਮ ਤੋਂ ਚੱਲਦਾ ਆਇਆ ਹੈ। ਪਰ ਮੈਂ ਇੱਥੇ ਵੀ ਖ਼ੁਸ਼ ਕਿਸਮਤ ਰਹੀ ਤੇ ਮੇਰੇ ਮਾਂ ਬਾਪ ਨੇ ਆਪਣੀ ਧੀ ਉੱਤੇ ਵਿਸ਼ਵਾਸ ਜਤਾਇਆ ਅਤੇ ਮੈਨੂੰ ਹਰ ਥਾਂ ਲੋੜ ਤੋਂ ਵੱਧ ਸਾਥ ਦਿੱਤਾ।
ਮੈਂ ਇੱਥੇ ਵੀ ਭਾਗਾਂ ਵਾਲੀ ਰਹੀ ਹਾਂ ਕਿ ਮੈਨੂੰ ਮੇਰੇ ਸਹਿਪਾਠੀ ਅਮਿਤ ਦਾ ਸਾਥ ਮਿਲਿਆ। ਮੇਰੇ ਮਾਂ ਬਾਪ ਭਾਵੇਂ ਵਿਗਿਆਨ ਦੀ ਭਾਸ਼ਾ ਸਮਝਦੇ ਨਹੀਂ ਸਨ ਪਰ ਫੇਰ ਵੀ ਉਹ ਜਦੋਂ ਮੇਰੀ ਹਰ ਗੱਲ 'ਚ ਹੁੰਗਾਰਾ ਭਰਦੇ ਹਨ ਤਾਂ ਮੇਰੀ ਅੱਧੀ ਜਿੱਤ ਤਹਿ ਹੋ ਜਾਂਦੀ ਹੈ। ਅਮਿਤ ਗਿਆਰ੍ਹਵੀਂ ਕਲਾਸ 'ਚ ਪੜ੍ਹਾਈ ਦੌਰਾਨ ਮੇਰਾ ਮੁਕਾਬਲੇਬਾਜ਼ ਸੀ। ਸੰਜੋਗ ਵੱਸ ਲੰਮੇ ਅੰਤਰਾਲ ਬਾਅਦ ਅਸੀਂ ਫੇਰ ਪਰਦੇਸ ਆ ਮਿਲੇ ਅਤੇ ਜੀਵਨ ਸਾਥੀ ਬਣ ਗਏ।
ਆਪਣੇ ਸ਼ੌਕ ਦਾ ਜਨੂੰਨ ਇਸ ਕਦਰ ਭਾਰੂ ਸੀ ਕਿ ਜਦੋਂ ਮੇਰੇ ਘਰ ਪੁੱਤਰ ਦਾ ਜਨਮ ਹੋਇਆ ਭਾਵੇਂ ਮੈਂ ਛੇ ਮਹੀਨਿਆਂ ਦੀ ਛੁੱਟੀ ਲੈ ਸਕਦੀ ਸੀ ਪਰ ਆਪਣੇ ਸ਼ੁਰੂ ਕੀਤੇ ਕਾਰਜ ਨੂੰ ਨਹੀਂ ਸੀ ਛੱਡ ਸਕਦੀ। ਮੇਰਾ ਮੰਨਣਾ ਹੈ ਕਿ ਤੁਸੀਂ ਆਪਣੇ ਹੱਥੀਂ ਲਾਏ ਬੂਟੇ ਨੂੰ ਉਦੋਂ ਨਹੀਂ ਛੱਡ ਸਕਦੇ ਜਦੋਂ ਉਸ ਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ। ਸੋ ਮੈਂ ਸਿਰਫ਼ ਪੰਦਰਾਂ ਦਿਨਾਂ ਬਾਅਦ ਆਪਣੀ ਲੈਬ 'ਚ ਸੀ ਤੇ ਤਿੰਨ ਮਹੀਨਿਆਂ ਦਾ ਆਪਣਾ ਬੱਚਾ ਛੱਡ ਵੱਖ-ਵੱਖ ਮੁਲਕਾਂ 'ਚ ਰਿਸਰਚ ਦੀ ਲੱਗੀ ਡਿਊਟੀ ਲਈ ਤੁਰ ਪਈ ਸਾਂ। ਇਹ ਇਕ ਵੱਡਾ ਫ਼ੈਸਲਾ ਸੀ ਜੋ ਮੈਂ ਇਕੱਲੀ ਨਹੀਂ ਲੈ ਸਕਦੀ ਸੀ ਅਮਿਤ ਅਤੇ ਮੇਰਾ ਸਹੁਰਾ ਪਰਵਾਰ ਮੇਰੇ ਪਿੱਛੇ ਆ ਖੜਿਆ ਸੀ। ਮੇਰੇ ਮੰਮੀ ਕਹਿੰਦੇ ਸਾਰੀ ਉਮਰ ਪਛਤਾਉਣ ਨਾਲੋਂ ਤੈਨੂੰ ਆਪਣੇ ਮਿਸ਼ਨ ਤੇ ਜਾਣਾ ਚਾਹੀਦਾ ਹੈ। ਮੇਰੇ ਮਨ ਵਿੱਚ ਇਹ ਸੀ ਕੀ ਮੇਰਾ ਪੁੱਤਰ ਵੱਡਾ ਹੋ ਕੇ ਕੀ ਸੋਚੇਗਾ ਕਿ ਮੇਰੀ ਮਾਂ ਮੈਨੂੰ ਏਨੇ ਛੋਟੇ ਨੂੰ ਛੱਡ ਪਰਦੇਸ ਆਪਣੇ ਮਿਸ਼ਨ ਤੇ ਚਲੀ ਗਈ। ਪਰ ਉਸ ਵਕਤ ਮੇਰੇ ਮਾਂ ਬਾਪ ਨੇ ਸਮਝਾਇਆ ਕਿ ਉਹ ਵੱਡਾ ਹੋ ਕੇ ਤੇਰੇ ਤੇ ਮਾਣ ਕਰੇਗਾ। ਇਹ ਸੱਚ ਵੀ ਹੋ ਰਿਹਾ ਮੇਰੇ ਸਾਰੇ ਵੱਡੇ ਮਾਅਰਕੇ ਉਸੇ ਵਕਤ ਮੈਨੂੰ ਮਿਲੇ। ਜੇਕਰ ਮੇਰਾ ਪਰਵਾਰ ਮੈਨੂੰ ਹੱਲਾਸ਼ੇਰੀ ਨਾ ਦਿੰਦਾ ਸ਼ਾਇਦ ਮੈਂ ਹਾਸਲ ਨਾ ਕਰ ਪਾਉਂਦੀ। ਤਿੰਨ ਮਹੀਨੇ ਬਾਅਦ ਜਦ ਮੈਂ ਘਰ ਵਾਪਸ ਆਈ ਤਾਂ ਮੇਰੇ ਪੁੱਤਰ 'ਅਕਸ਼ਰ’ਨੇ ਮੈਨੂੰ ਪਛਾਣਿਆ ਤੱਕ ਨਹੀਂ ਸੀ। ਇੱਕ ਮਾਂ ਲਈ ਇਹ ਪਲ ਬਹੁਤ ਔਖੇ ਹੁੰਦੇ ਹਨ। ਪਰ ਕੁਝ ਪਾਉਣ ਲਈ ਗੁਆਉਣ ਤਾਂ ਪੈਂਦਾ ਹੀ ਹੈ। ਪਰ ਉਸ ਤੋਂ ਬਾਅਦ ਮੈਂ ਆਪਣੇ ਪੁੱਤਰ ਨੂੰ ਹਰ ਥਾਂ ਨਾਲ ਰੱਖਿਆ। ਜਦੋਂ ਉਹ ਹਾਲੇ ਏ ਬੀ ਸੀ ਵੀ ਨਹੀਂ ਸੀ ਜਾਣਦਾ ਪਰ ਮੇਰੇ ਨਾਲ ਲੈਕਚਰ ਸੁਣਦਾ ਕਾਨਫਰੈਂਸ ਤੇ ਜਾਂਦਾ, ਕਲਾਸਾਂ ਲਾਉਂਦਾ। ਇਹ ਤਾਂ ਸ਼ੁੱਕਰ ਹੈ ਇਸ ਮੁਲਕ ਦਾ ਜੋ ਇੱਕ ਮਾਂ ਦੀ ਇਸ ਜੱਦੋ ਜਹਿਦ ਨੂੰ ਸਮਝਦੇ ਹੋਏ ਹਰ ਹਾਲਾਤ ਵਿੱਚ ਸਹਿਯੋਗ ਦਿੰਦਾ ਹੈ। ਅੱਜ ਗਿਆਰਾਂ ਵਰ੍ਹਿਆਂ ਦਾ ਮੇਰੇ ਪੁੱਤਰ ਚੋਂ ਮੈਨੂੰ ਜਦੋਂ ਪਰਪੱਕਤਾ ਦਿਸਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਮਿਹਨਤ ਅਜਾਈਂ ਨਹੀਂ ਗਈ।
ਪਰਵਿੰਦਰ ਦਾ ਭਰਾ ਵੀ ਭੈਣ ਦੀਆਂ ਪੈੜਾਂ ਨੱਪਦਾ, ਵਜ਼ੀਫ਼ੇ ਲੈਂਦਾ ਆਸਟ੍ਰੇਲੀਆ ਆ ਪੁੱਜਿਆ। ਉਹ ਵੀ ਅੱਜਕੱਲ੍ਹ ਪੱਛਮੀ ਆਸਟ੍ਰੇਲੀਆ ਵਿੱਚ ਇੱਕ ਕੌਂਸਲਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਅੱਜ ਦੋਨੋਂ ਪਰਵਾਰ ਪਰਥ ਵਿਖੇ ਨਾਲ-ਨਾਲ ਘਰ ਪਾ ਕੇ ਇਕ ਸਾਂਝੇ ਪਰਵਰ ਵਾਂਗ ਵਿਚਰ ਰਹੇ ਹਨ।
ਪਰਵਿੰਦਰ ਇਕ ਬਹੁਤ ਹੀ ਖ਼ੂਬ-ਸੂਰਤ ਅਤੇ ਖ਼ੂਬ-ਸੀਰਤ ਵਾਲੀ ਕੁੜੀ ਹੈ। ਇਹ ਵੀ ਨਹੀਂ ਕਹਿ ਸਕਦੇ ਕਿ ਉਹ ਆਧੁਨਿਕ ਨਹੀਂ ਹੈ, ਉਹ ਨਵੇਂ ਖ਼ਿਆਲਾਂ ਦੀ ਹੈ, ਮਰਜ਼ੀ ਨਾਲ ਬਣਦੀ ਸੰਵਰਦੀ ਹੈ, ਮਰਜ਼ੀ ਦੇ ਕੱਪੜੇ ਪਾਉਂਦੀ ਹੈ, ਉਸ ਨੂੰ ਪੇਕਿਆਂ ਨੇ ਆਜ਼ਾਦੀ ਦਿੱਤੀ, ਉਸ ਦੇ ਸਹੁਰਿਆਂ ਨੇ ਉਸ ਦੀ ਆਜ਼ਾਦੀ ਬਰਕਰਾਰ ਰੱਖੀ ਪਰ ਉਸ ਨੇ ਉਸ ਆਜ਼ਾਦੀ ਨੂੰ ਮਾਣਿਆ ਨਾ ਕਿ ਉਸ ਦਾ ਨਾਜਾਇਜ਼ ਫ਼ਾਇਦਾ ਚੁੱਕਿਆ। ਪਰ ਉਸ ਨੇ ਕਦੇ ਸਸਤੀ ਸ਼ੁਹਰਤ ਦਾ ਰਾਹ ਨਹੀਂ ਚੁਣਿਆ। ਉਹ ਇਕ ਪਹਿਲੇ ਸਫ਼ਿਆਂ ਦੀ ਵਿਗਿਆਨੀ ਬਣੀ ਪਰ ਨਾ ਤਾਂ ਉਹ ਰੱਬ ਨੂੰ ਭੁੱਲੀ ਹੈ ਨਾ ਵਿਰਸੇ ਨੂੰ। ਵਿਗਿਆਨ ਦੇ ਨਾਂ ਤੇ ਰੱਬ ਤੋਂ ਮੁਨਕਰ ਹੋਣਾ ਸਹੀ ਰਾਹ ਨਹੀਂ ਹੈ। ਸਗੋਂ ਜੋ ਸਾਡੇ ਗ੍ਰੰਥਾਂ 'ਚ ਪਹਿਲਾਂ ਤੋਂ ਹੀ ਦਰਜ ਹੈ ਵਿਗਿਆਨ ਉਸੇ ਨੂੰ ਹੀ ਆਪਣਾ ਅਧਾਰ ਬਣਾ ਕੇ ਚੱਲ ਰਿਹਾ ਹੈ। ਸਾਨੂੰ ਮੰਨਣਾ ਪੈਣਾ ਹੈ ਕਿ ਦੁਨੀਆ 'ਤੇ ਕੋਈ ਤਾਂ ਸਿਰਮੌਰ ਤਾਕਤ ਹੈ ਜੋ ਇਹ ਸਭ ਚਲਾ ਰਹੀ ਹੈ। ਵਿਰਸੇ ਨੂੰ ਸਾਂਭਣ ਲਈ ਪਰਵਿੰਦਰ ਤੁਹਾਨੂੰ ਕਦੇ ਪਰਥ 'ਚ ਹੁੰਦੇ ਸਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੀ ਦਿਖਾਈ ਦੇਵੇਗੀ ਕਦੇ ਰੇਡੀਓ ’ਤੇ ਮੇਜ਼ਬਾਨੀ ਕਰਦੀ ਸੁਣਾਈ ਦੇਵੇਗੀ।
ਯੂਨੀਵਰਸਿਟੀ ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਸ ਨੇ ਨਾਲ-ਨਾਲ ਸਰਕਾਰੇ ਦਰਬਾਰੇ ਵੀ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕੀਤੀ। ਜਿਸ ਦੌਰਾਨ ਉਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਬਹੁਤ ਸਾਰੇ ਮੰਤਰੀਆਂ ਅਤੇ ਵੱਡੇ ਮਹਿਕਮਿਆਂ ’ਚ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਦੀਆਂ ਇਹਨਾਂ ਰੁਚੀਆਂ ਨੂੰ ਦੇਖਦੇ ਹੋਏ ਪੱਛਮੀ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਹਨਾਂ ਨੂੰ ਉਤਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਉਂਦੇ ਹੋਏ ਟਿਕਟ ਦਿੱਤੀ। ਜਿਸ ਨੂੰ ਉਹ ਅਸਾਨੀ ਨਾਲ ਜਿੱਤਣ ’ਚ ਕਾਮਯਾਬ ਹੋਏ। ਸੌਂਹ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਮਨਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਇੱਕ ਸਿਆਸਤਦਾਨ ਨਾਲੋਂ ਦੁਨੀਆ ਦਾ ਸਭ ਤੋਂ ਚੰਗਾ ਸਾਂਸਦ ਬਣਨ ’ਚ ਵਿਸ਼ਵਾਸ ਰੱਖਦੇ ਹਨ।
ਅਖੀਰ 'ਚ ਪਰਵਿੰਦਰ ਕੌਰ ਨੇ ਜੋ ਸੁਨੇਹਾ ਦਿੱਤਾ ਉਹ ਇਹ ਸੀ ਕਿ ਆਪਣਾ ਇਕ ਨਿਸ਼ਾਨਾ ਮਿਥੋ, ਉਸ ਤੇ ਧਿਆਨ ਕੇਂਦਰਿਤ ਕਰ ਲਵੋ ਤੇ ਜਦੋਂ ਤੁਸੀਂ ਉਸ ਨੂੰ ਹਾਸਲ ਕਰ ਲਵੋ ਤਾਂ ਹੋਰ ਵੀ ਨਿਮਰ ਹੋ ਜਾਓ। ਕਿਉਂਕਿ ਇਹੋ ਜਿਹੀ ਕਾਮਯਾਬੀ ਕਦੇ ਵੀ ਆਲ਼ੇ ਦੁਆਲ਼ੇ ਦੇ ਸਹਿਯੋਗ ਬਿਨਾ ਨਹੀਂ ਮਿਲ ਸਕਦੀ। ਸੋ ਵਾਹਿਗੁਰੂ ਸਮੇਤ ਸਭ ਦਾ ਸ਼ੁਕਰਗੁਜ਼ਾਰ ਹੋਣਾ ਹੀ ਕਾਮਯਾਬੀ ਦਾ ਅਸਲ ਸ਼ਿਖਰ ਹੈ। ਸੋ ਇਹ ਸੀ ਪ੍ਰੋ ਪਰਵਿੰਦਰ ਕੌਰ(ਡਾ.) ਦੀ ਵੱਡੀ ਕਾਮਯਾਬੀ ਦਾ ਸੰਖੇਪ ਵਰਣਨ।
ਮਿੰਟੂ ਬਰਾੜ(ਗੁਰਸ਼ਮਿੰਦਰ ਸਿੰਘ)