Breaking: ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਵਾਸਤੇ ਗੇਟ ਕੱਲ ਤੋਂ ਖੋਲੇ ਜਾਣਗੇ- ਧਾਲੀਵਾਲ
ਦੇਸ਼ ਦੀ ਰੱਖਿਆ ਲਈ ਸੁਰੱਖਿਆ ਫੋਰਸਾਂ ਵੱਲੋਂ ਪਾਏ ਯੋਗਦਾਨ ਲਈ ਕੀਤਾ ਧੰਨਵਾਦ
ਅੰਮ੍ਰਿਤਸਰ, 19 ਮਈ 2025- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਬਾਰਡਰ ਉੱਤੇ ਪਹੁੰਚ ਕੇ ਬੀ ਐਸ ਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਹਾਲ ਹੀ ਵਿੱਚ ਦੇਸ਼ ਉੱਤੇ ਆਏ ਸੰਕਟ ਸਮੇਂ ਸਰਹੱਦ ਉੱਤੇ ਸਖਤੀ ਨਾਲ ਪਹਿਰਾ ਦਿੱਤਾ।
ਅੱਜ ਸਰਹੱਦੀ ਚੌਂਕੀ ਸ਼ਾਹਪੁਰ ਵਿਖੇ ਪਹੁੰਚ ਕੇ ਜਵਾਨਾਂ ਨੂੰ ਮਠਿਆਈਆਂ ਅਤੇ ਫਲਾਂ ਦੇ ਟੋਕਰੇ ਭੇਟ ਕਰਦੇ ਹੋਏ ਕੈਬਨਿਟ ਮੰਤਰੀ ਨੇ ਪੰਜਾਬ ਵੱਲੋਂ ਸੁਰੱਖਿਆ ਫੋਰਸਾਂ ਦਾ ਸ਼ੁਕਰਾਨਾ ਕੀਤਾ। ਉਹਨਾਂ ਨੇ ਅੱਜ ਫੌਜ ਵੱਲੋਂ ਆਈ ਖਬਰ ਕਿ ਪਾਕਿਸਤਾਨ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ, ਬਾਰੇ ਬੋਲਦੇ ਕਿਹਾ ਕਿ ਪਾਕਿਸਤਾਨ ਦੇ ਫੌਜੀਆਂ ਨੇ ਬਹੁਤ ਹੀ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ, ਜਿਨਾਂ ਨੇ ਇੰਨੇ ਵੱਡੇ ਧਾਰਮਿਕ ਸਥਾਨ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਸਾਡੇ ਫੌਜਾਂ ਵਧਾਈ ਦੀਆਂ ਪਾਤਰ ਹਨ, ਜਿਨਾਂ ਨੇ ਪਾਕਿਸਤਾਨ ਵੱਲੋਂ ਸਾਧੇ ਗਏ ਨਿਸ਼ਾਨੇ ਨੂੰ ਹਵਾ ਵਿੱਚ ਹੀ ਰਾਖ ਕਰ ਦਿੱਤਾ।
ਉਹਨਾਂ ਕਿਹਾ ਕਿ ਸਾਨੂੰ ਆਪਣੇ ਜਵਾਨਾਂ ਉੱਤੇ ਮਾਣ ਹੈ ਅਤੇ ਭਵਿੱਖ ਵਿੱਚ ਜਦੋਂ ਵੀ ਕਿਧਰੇ ਇਹਨਾਂ ਨੂੰ ਸਾਡੀ ਲੋੜ ਪਵੇਗੀ ਅਸੀਂ ਪੰਜਾਬ ਸਰਕਾਰ ਅਤੇ ਕਿਸਾਨਾਂ ਵੱਲੋਂ ਇਹਨਾਂ ਦੇ ਨਾਲ ਹਰ ਵੇਲੇ ਖੜਾਂਗੇ।
ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਬੀਐਸਐਫ ਅਧਿਕਾਰੀਆਂ ਨਾਲ ਸਾਂਝੀ ਕਰਦੇ ਹੋਏ ਉਹਨਾਂ ਨੇ ਕਿਸਾਨਾਂ ਵਾਸਤੇ ਕੱਲ ਤੋਂ ਗੇਟ ਖੋਲਣ ਦਾ ਐਲਾਨ ਕੀਤਾ। ਧਾਲੀਵਾਲ ਨੇ ਕਿਹਾ ਕਿ ਹੁਣ ਸਾਡੇ ਕਿਸਾਨ ਕੱਲ ਤੋਂ ਆਪਣੇ ਖੇਤਾਂ ਵਿੱਚ ਰੂਟੀਨ ਦੀ ਤਰ੍ਹਾਂ ਆ ਜਾ ਸਕਣਗੇ।