ਵਿਧਾਇਕ ਦੀਆਂ ਅਰਥੀਆਂ ਸਾੜਨ ਮੌਕੇ 22 ਮਈ ਨੂੰ ਫਰੀਦਕੋਟ ਧਰਨੇ ਵਿੱਚ ਪੁੱਜਣ ਦਾ ਸੱਦਾ
ਅਸ਼ੋਕ ਵਰਮਾ
ਜੈਤੋ, 21 ਮਈ 2025:ਚੰਦਭਾਨ ਦੇ ਮਜ਼ਦੂਰਾਂ ਤੇ ਜ਼ਬਰ ਢਾਹੁਣ ਵਾਲੇ ਦੋਸ਼ੀਆਂ ਨੂੰ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਕੇਸ ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਨਾ ਕਰਨ ਅਤੇ ਮਜ਼ਦੂਰਾਂ ਤੇ ਦਰਜ਼ ਝੂਠਾ ਕੇਸ ਵਾਪਸ ਨਾਂ ਲੈਣ ਕਰਕੇ ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਤੀਸਰੇ ਦਿਨ ਇਲਾਕੇ ਦੇ ਪਿੰਡ ਚੰਦਭਾਨ , ਮੱਤਾਂ ਤੇ ਔਲਖ ਵਿਖੇ ਆਪ ਵਿਧਾਇਕ ਦੀਆਂ ਅਰਥੀਆਂ ਸਾੜੀਆਂ ਗਈਆਂ। ਭਾਵੇਂ ਬੀਤੇ ਦੋ ਦਿਨਾਂ ਤੋਂ ਇਲਾਕੇ ਦੇ ਪਿੰਡ ਰਾਮੇਆਣਾ ਖੱਚੜਾਂ ਤੇ ਅਜਿੱਤਗਿੱਲ ਆਦਿ ਪਿੰਡਾਂ ਚ ਅਰਥੀਆਂ ਸਾੜਨ ਮੌਕੇ ਪੁਲਿਸ ਵੱਲੋਂ ਕੋਈ ਵਿਘਨ ਨਹੀਂ ਪਾਇਆ ਗਿਆ ਪ੍ਰੰਤੂ ਅੱਜ ਜਿਉਂ ਹੀ ਮਜ਼ਦੂਰਾਂ ਦਾ ਕਾਫਲਾ ਮੱਤੇ ਵੱਲ ਰਵਾਨਾ ਹੋਇਆ ਤਾਂ ਡੀ ਐਸ ਪੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਲਿਆ। ਇਸੇ ਦੌਰਾਨ ਕੁੱਝ ਦੇਰ ਦੀ ਤਣਾ ਤਣੀ ਤੋਂ ਬਾਅਦ ਜਦੋਂ ਮਜ਼ਦੂਰ ਅੜੇ ਰਹੇ ਤਾਂ ਪੁਲਿਸ ਨੂੰ ਪਿੱਛੇ ਹਟਣਾ ਪਿਆ।
ਇਹਨਾਂ ਇਕੱਠਾਂ ਨੂੰ ਐਕਸ਼ਨ ਕਮੇਟੀ ਦੇ ਮੈਂਬਰ ਸੁਖਪਾਲ ਸਿੰਘ ਖਿਆਲੀ ਵਾਲਾ, ਸਿਕੰਦਰ ਸਿੰਘ ਅਜਿੱਤ ਗਿੱਲ, ਗੋਰਾ ਸਿੰਘ ਪਿਪਲੀ ਤੇ ਬਲਕਾਰ ਸਿੰਘ ਔਲਖ ਤੇ ਕੁਲਦੀਪ ਸਿੰਘ ਚੰਦਭਾਨ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਐਕਸ਼ਨ ਕਮੇਟੀ ਦੇ ਸੰਘਰਸ਼ ਦੀ ਬਦੌਲਤ ਭਾਵੇਂ ਐਸ ਐਸ ਪੀ ਫਰੀਦਕੋਟ ਨੂੰ 3 ਔਰਤਾਂ ਸਮੇਤ ਝੂਠੇ ਚ ਗਿਰਫ਼ਤਾਰ 41 ਮਜ਼ਦੂਰਾਂ ਨੂੰ ਰਿਹਾਅ ਕਰਨਾ ਪਿਆ ਅਤੇ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਤੇ ਜਾਤੀ ਸੂਚਕ ਵਰਤਣ ਵਾਲੇ ਸ਼ੈਲਰ ਮਾਲਕ ਗਮਦੂਰ ਸਿੰਘ ਪੱਪੂ ਤੇ ਹਰਵਿੰਦਰ ਸਿੰਘ ਜੱਜੀ ਤੇ ਇਰਾਦਾ ਕਤਲ ਤੇ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕਰਨਾ ਪੈ ਗਿਆ ਪਰ ਐਸ ਐਸ ਪੀ ਵੱਲੋਂ ਸਿਆਸੀ ਦਬਾਅ ਕਾਰਨ ਕੇਸ ਚ ਨਾਮਜ਼ਦ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਚੋਂ ਰਾਹਤ ਦੁਆਈ ਗਈ। ਉਹਨਾਂ ਦੋਸ਼ ਲਾਇਆ ਕਿ ਇਹਨਾਂ ਦੋਸ਼ੀਆਂ ਉੱਪਰ ਵੀ ਪੀੜਤ ਮਜ਼ਦੂਰਾਂ ਦੇ ਬਿਆਨਾਂ ਤੇ ਪਰਚਾ ਦਰਜ ਕਰਨ ਦੀ ਥਾਂ ਪੁਲਿਸ ਮੁਲਾਜ਼ਮਾਂ ਦੇ ਬਿਆਨ ਤੇ ਹੀ ਕੇਸ ਦਰਜ ਕੀਤਾ ਗਿਆ।
ਉਹਨਾਂ ਆਖਿਆ ਪੀੜਤ ਮਜ਼ਦੂਰਾਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਕਰੀਬ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਇਹਨਾਂ ਬਿਆਨਾਂ ਦੇ ਆਧਾਰ ਤੇ ਨਾਂ ਤਾਂ ਹੋਰਨਾਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਤੇ ਨਾ ਹੀ ਧਰਾਵਾਂ ਚ ਵਾਧਾ ਕੀਤਾ ਗਿਆ। ਉਹਨਾਂ ਆਖਿਆ ਕਿ ਪਿਛਲੇ ਸਾਰੇ ਸਮੇਂ ਦੌਰਾਨ ਐਕਸ਼ਨ ਕਮੇਟੀ ਨਾਲ਼ ਵੱਖ ਵੱਖ ਪੁਲਿਸ ਤੇ ਸਿਵਲ ਅਧਿਕਾਰੀਆਂ ਵੱਲੋਂ ਕੀਤੀਆਂ ਮੀਟਿੰਗਾਂ ਦੌਰਾਨ ਉਹਨਾਂ ਤੇ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਬਾਅ ਸਪੱਸ਼ਟ ਦਿਖਾਈ ਦਿੰਦਾ ਰਿਹਾ ਅਤੇ ਉੱਚ ਪਲਿਸ ਅਧਿਕਾਰੀ ਕਾਰਵਾਈ ਦੀ ਥਾਂ ਸਮਝੌਤਾ ਕਰਨ ਦੀਆਂ ਦਲੀਲਾਂ ਦਿੰਦੇ ਰਹੇ ਹਨ। ਉਹਨਾਂ ਆਖਿਆ ਕਿ ਅਮੋਲਕ ਸਿੰਘ ਦੀ ਦੋਸ਼ੀਆਂ ਨਾਲ ਸਾਂਝ ਤਾਂ ਏਨੀ ਸਪਸ਼ਟ ਹੈ ਕਿ ਉਹ ਐਕਸ਼ਨ ਕਮੇਟੀ ਕੋਲ ਗਮਦੂਰ ਸਿੰਘ ਵਗੈਰਾ ਨੂੰ ਬਚਾਉਣ ਲਈ ਤਾਂ ਖ਼ੁਦ ਮੁਆਫੀ ਮੰਗਣ ਦੀਆਂ ਤਜਵੀਜਾਂ ਭੇਜਦੇ ਰਹੇ ਹਨ। ਐਕਸ਼ਨ ਕਮੇਟੀ ਆਗੂਆਂ ਨੇ ਐਲਾਨ ਕੀਤਾ ਕਿ ਐਸ ਐਸ ਪੀ ਵੱਲੋਂ ਐਕਸ਼ਨ ਕਮੇਟੀ ਨਾਲ਼ 9 ਫਰਵਰੀ ਨੂੰ ਕੀਤੇ ਸਮਝੌਤੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਧਰਨਾ ਦੇਣਗੇ। ਇਸੇ ਦੌਰਾਨ ਐਕਸ਼ਨ ਕਮੇਟੀ ਦੇ ਆਗੂ ਨੌਨਿਹਾਲ ਸਿੰਘ, ਗੁਰਪਾਲ ਸਿੰਘ ਨੰਗਲ ਤੇ ਲਛਮਣ ਸਿੰਘ ਸੇਵੇਵਾਲਾ ਨੇ ਲੋਕਾਂ ਨੂੰ 22 ਦੇ ਧਰਨੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।