ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਭਾਰਤੀ ਹਾਕੀ ਟੀਮ ਦੇ ਧੁਰੰਧਰ ਖਿਡਾਰੀ ਰਾਜਵਿੰਦਰ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ
- ਇਸ ਸੰਬੰਧੀ ਪੀ.ਏ.ਯੂ. ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਚ ਇਕ ਸ਼ੋਕ ਸਭਾ ਕਰਵਾਈ ਗਈ
ਲੁਧਿਆਣਾ, 27 ਮਈ 2025 - ਸ਼ੋਕ ਸਭਾ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ. ਰਾਜਵਿੰਦਰ ਸਿੰਘ ਦੇ ਦੇਹਾਂਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ| ਡਾ. ਗੋਸਲ ਨੇ ਕਿਹਾ ਕਿ ਸ. ਰਾਜਵਿੰਦਰ ਸਿੰਘ ਪੀ.ਏ.ਯੂ. ਦੀ ਸ਼ਾਨਦਾਰ ਖੇਡ ਰਵਾਇਤ ਦੇ ਉੱਘੇ ਹਸਤਾਖਰ ਸਨ| ਉਹਨਾਂ ਨੇ ਬੀ ਐੱਸ ਸੀ ਦੀ ਪੜਾਈ ਦੌਰਾਨ 1971 ਵਿਚ ਹੋਏ ਪਹਿਲੇ ਹਾਕੀ ਵਿਸ਼ਵ ਕੱਪ ਮੁਕਾਬਲੇ ਵਿਚ ਬਾਰਸੀਲੋਨਾ ਵਿਚ ਭਾਗ ਲਿਆ ਅਤੇ ਤੀਸਰਾ ਸਥਾਨ ਹਾਸਲ ਕੀਤਾ ਸੀ|
ਉਹਨਾਂ ਦੀ ਸ਼ਾਨਦਾਰ ਖੇਡ ਦਾ ਸਿੱਕਾ ਪੂਰੀ ਦੁਨੀਆਂ ਨੇ ਮੰਨਿਆ ਅਤੇ ਸ. ਰਾਜਵਿੰਦਰ ਸਿੰਘ ਨੇ ਇਕ ਖਿਡਾਰੀ ਦੇ ਤੌਰ ਤੇ ਵਿਕਾਸ ਕਰਦਿਆਂ ਪੀ.ਏ.ਯੂ. ਦੇ ਖੇਡ ਮਾਹੌਲ ਨੂੰ ਗ੍ਰਹਿਣ ਕੀਤਾ| ਡਾ. ਗੋਸਲ ਨੇ ਕਿਹਾ ਕਿ ਉਹਨਾਂ ਦੀ ਮੌਤ ਨਾਲ ਭਾਰਤ ਨੇ ਸ਼ਾਨਦਾਰ ਹਾਕੀ ਖਿਡਾਰੀ ਤਾਂ ਗੁਆਇਆ ਹੀ ਹੈ, ਪੀ.ਏ.ਯੂ. ਵੀ ਆਪਣੇ ਇਸ ਮਹਾਨ ਖਿਡਾਰੀ ਤੋਂ ਵਾਂਝਾ ਹੋ ਗਿਆ ਹੈ|
ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਵਧੀਕ ਨਿਰਦੇਸ਼ਕ ਸੰਚਾਰ ਕੇਂਦਰ, ਡਾ. ਤੇਜਿੰਦਰ ਸਿੰਘ ਰਿਆੜ, ਸਾਬਕਾ ਵਾਲੀਵਾਲ ਕੋਚ, ਗੁਰਚਰਨ ਸਿੰਘ, ਸਾਬਕਾ ਹਾਕੀ ਕੋਚ, ਹਰਿੰਦਰ ਸਿੰਘ ਭੁੱਲਰ, ਡਾ ਨਵਦੀਪ ਸਿੰਘ,ਐਸੋਸਿਏਟ ਡਾਇਰੈਕਟਰ, ਸਕਿੱਲ ਡਿਵੇਲਪੈਂਟ ਸੈਂਟਰ ਡਾ, ਰੁਪਿੰਦਰ ਕੌਰ, ਅਤੇ ਜੁਆਇੰਟ ਡਾਇਰੈਕਟਰ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੁਰੀ ਸਾਰਿਆਂ ਨੇ ਹੀ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਸ. ਰਾਜਵਿੰਦਰ ਸਿੰਘ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।