ਦਿੱਲੀ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ 'ਤੇ ਜਬਰ ਖਿਲਾਫ ਕਿਸਾਨਾਂ ਨੇ ਅਰਥੀਆਂ ਸਾੜੀਆਂ
ਅਸ਼ੋਕ ਵਰਮਾ
ਬਠਿੰਡਾ, 21 ਜੁਲਾਈ 2026 :ਦਿੱਲੀ 'ਚ ਵਿਦਿਆਰਥੀਆਂ ਤੇ ਨੌਜਵਾਨਾਂ 'ਤੇ ਜਬਰ ਤਸ਼ੱਦਦ ਢਾਉਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਦਿੱਤੇ ਸੱਦੇ ਤਹਿਤ ਅੱਜ ਜ਼ਿਲਾ ਬਠਿੰਡਾ ਵੱਲੋਂ ਜਿਲ੍ਹੇ ਅੰਦਰ ਜਿਉਂਦ, ਭੁੱਚੋ ਮੰਡੀ,ਕੋਠਾ ਗੁਰੂ,ਅਕਲੀਆ, ਜਲਾਲ,ਭਗਤਾ,ਮਲੂਕਾ, ਗੋਨਿਆਣਾ, ਘੁੱਦਾ, ਤਲਵੰਡੀ ਸਾਬੋ, ਭਾਈ ਬਖਤੌਰ ਆਦਿ 11 ਥਾਵਾਂ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਵੱਖ ਵੱਖ ਥਾਵਾਂ ਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਜਗਸੀਰ ਸਿੰਘ ਝੁੰਬਾ, ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ, ਜਸਪਾਲ ਸਿੰਘ ਕੋਠਾ, ਗੁਰੂ ਰਾਮ ਸਿੰਘ ਕੋਟਗੁਰੂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜਾਂ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਲੋਕਾਂ ਤੇ ਜਬਰ ਢਾਹ ਕੇ ਉਹਨਾਂ ਦੀ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੀਤੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਦਿੱਲੀ 'ਚ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਜ਼ੋਰਦਾਰ ਰੋਹ ਨੌਜਵਾਨਾਂ ਅੰਦਰ ਜਮ੍ਹਾਂ ਹੋ ਚੁੱਕੇ ਰੋਸ ਤੇ ਬੇਚੈਨੀ ਦਾ ਸਿੱਧਾ ਇਜ਼ਹਾਰ ਹੈ। ਪ੍ਰੀਖਿਆ ਪ੍ਰਣਾਲੀ ਦੇ ਘੁਟਾਲਿਆਂ ਤੋਂ ਲੈ ਕੇ ਅੰਤਾਂ ਦੀ ਮਹਿੰਗੀ ਸਿੱਖਿਆ ਤੇ ਮਗਰੋਂ ਬੇਰੁਜ਼ਗਾਰੀ ਦੇ ਸੰਤਾਪ ਹੰਢਾਉਂਦੇ ਨੌਜਵਾਨਾਂ ਦੀ ਪੀੜ ਸੁਣਨ ਦੀ ਬਜਾਏ ਮੋਦੀ ਸਰਕਾਰ ਇਸ ਆਵਾਜ਼ ਨੂੰ ਜਬਰ ਨਾਲ ਕੁਚਲਣ ਦਾ ਭਰਮ ਪਾਲ਼ ਰਹੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਗਿਆ ਹੈ। ਦਿੱਲੀ ਤੇ ਆਲੇ ਦੁਆਲੇ ਦੇ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ- ਮਾਰਿਆ ਤੇ ਘੜੀਸਿਆ ਗਿਆ ਹੈ। ਮੋਦੀ ਸਰਕਾਰ ਦਾ ਇਹ ਵਿਹਾਰ ਬਰਦਾਸ਼ਤ ਕਰਨ ਯੋਗ ਨਹੀਂ ਹੈ। ਅੱਜ ਦੇ ਇਕੱਠਾਂ ਵਿੱਚ ਬੁਲਾਰਿਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਕੀਤੇ ਜਬਰ ਅਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਕਰਮਚਾਰੀਆਂ ਤੇ ਕੀਤੇ ਜਬਰ ਦੀ ਵੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈਅਤੇ ਐਸ ਕੇ ਐਮ ਦੇ ਸੱਦੇ ਤਹਿਤ ਕੱਲ ( 22 ਜੁਲਾਈ) ਨੂੰ ਕੀਤੇ ਜਾ ਰਹੇ ਟੋਲ ਪਲਾਜਿਆਂ ਦੇ ਇਕੱਠਾਂ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।