ਪਾਲਤੂ ਕੁੱਤਿਆਂ ਦੀ ਰੇਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ : ਕਮਿਸ਼ਨਰ ਨਗਰ ਨਿਗਮ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 21 ਜੁਲਾਈ 2026 :ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਇਸ ਬਾਰੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਜਾਣੂੰ ਕਰਵਾਉਣ ਲਈ ਵਿਸ਼ੇਸ਼ ਜਨਤਕ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਲੋਕਾਂ ਨੂੰ ਪਾਲਤੂ ਕੁੱਤਿਆਂ ਦੀ ਆਸਾਨ ਰਜਿਸ਼ਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਾਲ ਹੀ ਗਲੀ ਦੇ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸੁਖਾਲਾ ਕਰਦਿਆਂ https://mseva.lgpunjab.gov.in/digit-ui/citizen/ptr-home ਪੋਰਟਲ ਜਾਂ msewa ਐੱਪ ‘ਤੇ ਘਰ ਬੈਠੇ ਰਜਿਸਟ੍ਰੇਸ਼ਨ ਦੀ ਸੁਵਿਧਾ ਦਿੱਤੀ ਗਈ ਹੈ। ਜਿਸ ਕਿਸੇ ਘਰ 'ਚ ਵੀ ਪਾਲਤੂ ਜਾਨਵਰ ਹੈ ਉਹ ਆਪਣੇ ਜਾਨਵਰ ਦੀ ਰਜਿਸਟ੍ਰੇਸ਼ਨ ਬੜੀ ਹੀ ਆਸਾਨੀ ਨਾਲ ਇਸ ਪੋਰਟਲ ਜਾਂ ਐੱਪ ‘ਤੇ ਕਰ ਸਕਦਾ ਹੈ। ਰਜਿਸਟ੍ਰੇਸ਼ਨ ਕਰਨ ਸਮੇਂ ਮਾਲਿਕ ਦਾ ਨਾਂ ਅਤੇ ਮੋਬਾਈਲ ਨੰਬਰ, ਪਤਾ, ਕੁੱਤੇ ਦੀ ਫੋਟੋ, ਕੁੱਤੇ ਦੀ ਨਸਲ ਅਤੇ ਉਮਰ, ਟੀਕਾਕਰਣ ਦੇ ਵੇਰਵੇ ਲੋੜੀਂਦੇ ਹਨ। ਇਸ ਤੋਂ ਇਲਾਵਾ ਰੇਜਿਸਟ੍ਰੇਸ਼ਨ ਨਗਰ ਨਿਗਮ ਬਠਿੰਡਾ ਦੇ ਦਫਤਰ, ਮਾਲ ਗੋਦਾਮ ਰੋਡ ਕਮਰਾ ਨੰਬਰ 27 ਵਿਖੇ ਵੀ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਮੁਹੱਲਿਆਂ 'ਚ ਜਾ ਕੇ ਰਜਿਸਟ੍ਰੇਸ਼ਨ ਦੇ ਵੇਰਵੇ ਦੱਸੇ ਜਾ ਰਹੇ ਹਨ। ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਜ਼ਿੰਮੇਵਾਰ ਮਾਲਕ ਵਜੋਂ ਸਾਰੇ ਲਾਗੂ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਦੌਰਾਨ ਗਲੀ ਦੇ ਕੁੱਤਿਆਂ ਬਾਰੇ ਵੀ ਜਾਗਰੂਕਤਾ ਫੈਲਾਈ ਗਈ, ਜਿਸ ਵਿੱਚ ਨਗਰ ਨਿਗਮ ਨੂੰ ਸਮੱਸਿਆਵਾਂ ਬਾਰੇ ਸੂਚਿਤ ਕਰਨ ਦੀ ਮਹੱਤਤਾ, ਜਾਨਵਰਾਂ ਨਾਲ ਬੇਰਹਿਮੀ ਨਾ ਕਰਨ ਅਤੇ ਅਵਾਰਾ ਕੁੱਤਿਆਂ ਦੇ ਸੁਰੱਖਿਅਤ ਤੇ ਮਾਨਵੀ ਪ੍ਰਬੰਧਨ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਵਰਗੇ ਪਹਿਲੂ ਸ਼ਾਮਲ ਹਨ। ਨਗਰ ਨਿਗਮ ਬਠਿੰਡਾ ਵੱਲੋਂ ਐਨੀਮਲ ਬਰਥ ਕੰਟਰੋਲ ਸੈਂਟਰ, ਡੱਬਵਾਲੀ ਰੋਡ ਨੇੜੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਆਵਾਰਾ ਕੁੱਤਿਆਂ ਦਾ ਟੀਕਾਕਰਣ ਅਤੇ ਉਨ੍ਹਾਂ ਨਸਬੰਦੀ ਦਾ ਕੰਮ ਕੀਤਾ ਜਾਂਦਾ ਹੈ। ਇਸ ਤਹਿਤ ਸੈੱਲ 2025 'ਚ ਬਠਿੰਡਾ ਸ਼ਹਿਰ ਦੇ 4335 ਕੁੱਤਿਆਂ ਦੇ ਟੀਕੇ ਲਗਾਏ ਗਏ ਅਤੇ ਉਨ੍ਹਾਂ ਨਸਬੰਦੀ ਕੀਤੀ ਗਈ। ਜਿਸ ਵਿਚ 2125 ਨਰ ਕੁੱਤੇ ਅਤੇ 2210 ਮਾਦਾ ਕੁੱਤੇ ਸ਼ਾਮਲ ਹਨ। ਕਮਿਸ਼ਨਰ ਨੇ ਦੱਸਿਆ ਕਿ ਮੁੱਖ ਸੈਨੀਟੇਰੀ ਇਸੰਪੈਕਟਰ ਨੂੰ ਅਵਾਰਾ ਕੁੱਤਿਆਂ ਤੋਂ ਸੁਰੱਖਿਆ ਅਤੇ ਐਮਰਜੈਂਸੀ ਰਿਸਪਾਂਸ ਸਬੰਧੀ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ । ਕਿਸੇ ਵੀ ਕੁੱਤੇ ਦੇ ਹਮਲੇ ਸੀ ਸਥਿਤੀ ਵਿੱਚ, ਅਵਾਰਾ ਕੁੱਤਿਆਂ ਦੇ ਹਮਲਾਵਰ ਰਵੱਈਏ ਦੀ ਸ਼ਿਕਾਇਤ ਲਈ, ਤੁਰੰਤ ਕਾਰਵਾਈ ਅਤੇ ਮੱਦਦ ਲਈ, ਅਵਾਰਾ ਕੁੱਤਿਆਂ ਦੇ ਟੀਕਾਕਰਣ ਅਤੇ ਨਸਬੰਦੀ ਲਈ ਅਤੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਸਬੰਧੀ 9478840058 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।