ਅਬੋਹਰ ਨਗਰ ਨਿਗਮ 'ਤੇ ਭਾਜਪਾ ਦਾ ਕਬਜ਼ਾ: ਪੂਜਾ ਵਧਵਾ ਬਣੀ ਨਵੀਂ ਮੇਅਰ, ਤਿੰਨੋਂ ਸੀਟਾਂ 'ਤੇ ਜਿੱਤ ਦਰਜ
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੁੜ ਹੋਈ ਚੋਣ: ਅਬੋਹਰ 'ਚ ਭਾਜਪਾ ਨੇ ਜਿੱਤਿਆ ਮੇਅਰ, ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦਾ ਅਹੁਦਾ
ਫਾਜ਼ਿਲਕਾ / ਅਬੋਹਰ, 21 ਜੁਲਾਈ 2026- ਅਬੋਹਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਮੰਗਲਵਾਰ ਨੂੰ ਫਾਜ਼ਿਲਕਾ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਅਦਾਲਤੀ ਹੁਕਮਾਂ ਤੋਂ ਬਾਅਦ ਦੁਬਾਰਾ ਕਰਵਾਈ ਗਈ ਇਸ ਚੋਣ ਪ੍ਰਕਿਰਿਆ ਵਿੱਚ ਭਾਰਤੀ ਜਨਤਾ ਪਾਰਟੀ (BJP) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨੋਂ ਪ੍ਰਮੁੱਖ ਅਹੁਦਿਆਂ 'ਤੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਅਨੁਸਾਰ ਭਾਜਪਾ ਦੀ ਪੂਜਾ ਵਧਵਾ ਨੂੰ ਅਬੋਹਰ ਨਗਰ ਨਿਗਮ ਦੀ ਨਵੀਂ ਮੇਅਰ ਚੁਣਿਆ ਗਿਆ ਹੈ।
ਇਸ ਦੇ ਨਾਲ ਹੀ, ਧਰਮਵੀਰ ਮਲਕਟ ਸੀਨੀਅਰ ਡਿਪਟੀ ਮੇਅਰ ਅਤੇ ਦੀਪਕ ਛਪੋਲਾ ਡਿਪਟੀ ਮੇਅਰ ਵਜੋਂ ਚੁਣੇ ਗਏ ਹਨ। ਨਿਗਮ ਚੋਣਾਂ ਦੀ ਇਹ ਪੂਰੀ ਪ੍ਰਕਿਰਿਆ ਸ਼ੁਰੂ ਤੋਂ ਹੀ ਕਾਫ਼ੀ ਚਰਚਾ ਦਾ ਵੀਸ਼ਾ ਬਣੀ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਜੁਲਾਈ ਨੂੰ ਹੋਈ ਚੋਣ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਗਣੇਸ਼ ਸਬਲਾਨੀਆ ਨੂੰ ਮੇਅਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਭਾਜਪਾ ਨੇ ਪੂਰੀ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਚੁੱਕਦਿਆਂ ਦੋਸ਼ ਲਾਇਆ ਸੀ ਕਿ ਨਿਗਮ ਵਿੱਚ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਉਸ ਦੇ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਨਿਯਮਾਂ ਦੇ ਉਲਟ ਜਾ ਕੇ ਮੇਅਰ ਦੀ ਚੋਣ ਕਰਵਾਈ ਗਈ।
ਜੇਕਰ ਅਬੋਹਰ ਨਗਰ ਨਿਗਮ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕੁੱਲ 50 ਮੈਂਬਰਾਂ ਵਾਲੇ ਹਾਊਸ ਵਿੱਚ ਭਾਜਪਾ ਦੇ 28 ਕੌਂਸਲਰ, ਆਮ ਆਦਮੀ ਪਾਰਟੀ ਦੇ 20 ਕੌਂਸਲਰ, ਇੱਕ ਆਜ਼ਾਦ ਅਤੇ ਇੱਕ ਕਾਂਗਰਸ ਦਾ ਕੌਂਸਲਰ ਸ਼ਾਮਲ ਹੈ। ਭਾਜਪਾ ਦਾ ਸ਼ੁਰੂ ਤੋਂ ਹੀ ਦਾਅਵਾ ਸੀ ਕਿ ਸਪੱਸ਼ਟ ਬਹੁਮਤ ਉਨ੍ਹਾਂ ਦੇ ਪੱਖ ਵਿੱਚ ਹੋਣ ਦੇ ਬਾਵਜੂਦ ਪਹਿਲੀ ਚੋਣ ਪ੍ਰਕਿਰਿਆ ਦੌਰਾਨ ਧਾਂਦਲੀ ਅਤੇ ਧੱਕੇਸ਼ਾਹੀ ਕੀਤੀ ਗਈ ਸੀ, ਜਿਸ ਕਾਰਨ ਭਾਜਪਾ ਨੇ ਪਹਿਲੇ ਨਤੀਜਿਆਂ ਦਾ ਪੂਰੇ ਜ਼ੋਰ-ਸ਼ੋਰ ਨਾਲ ਓਹਦਾ ਵਿਰੋਧ ਕੀਤਾ ਸੀ।
ਜਦੋਂ ਵਿਵਾਦ ਜ਼ਿਆਦਾ ਵਧ ਗਿਆ ਤਾਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ। ਅਦਾਲਤ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਮੰਗਲਵਾਰ ਨੂੰ ਫਾਜ਼ਿਲਕਾ ਦੇ ਡੀ.ਸੀ. ਦਫ਼ਤਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੁਬਾਰਾ ਵੋਟਿੰਗ ਕਰਵਾਈ ਗਈ।
ਦੁਬਾਰਾ ਹੋਈ ਵੋਟਿੰਗ ਦੌਰਾਨ ਭਾਜਪਾ ਨੇ ਹਾਊਸ ਵਿੱਚ ਆਪਣਾ ਬਹੁਮਤ ਸਾਬਤ ਕਰ ਦਿੱਤਾ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨੋਂ ਅਹੁਦਿਆਂ 'ਤੇ ਜਿੱਤ ਹਾਸਲ ਕਰ ਲਈ। ਨਤੀਜਿਆਂ ਦਾ ਐਲਾਨ ਹੁੰਦੇ ਹੀ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਢੋਲ ਦੀ ਥਾਪ 'ਤੇ ਜਸ਼ਨ ਮਨਾਇਆ।
ਚੋਣ ਨਤੀਜਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਇਸ ਨੂੰ ਲੋਕਤੰਤਰ ਅਤੇ 'ਸੱਚ ਦੀ ਜਿੱਤ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਧੱਕੇਸ਼ਾਹੀ ਨਾਲ ਬਹੁਮਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅਦਾਲਤ ਦੇ ਦਖਲ ਨਾਲ ਅੱਜ ਇਨਸਾਫ਼ ਹੋਇਆ ਹੈ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਕਾਸ ਕਾਰਜਾਂ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ ਹੈ।
- Download Babushahi App
-
-