ਅਖੌਤੀ ਸਿੱਖਿਆ ਕ੍ਰਾਂਤੀ ਦੇ ਪ੍ਰਚਾਰ ਲਈ ਵਿਦਿਆਰਥੀਆਂ ਦੇ ਮੋਢੇ ਨਾ ਵਰਤੇ ਆਪ ਸਰਕਾਰ -ਜੀ.ਟੀ.ਯੂ. ਪੰਜਾਬ
ਸਕੂਲਾਂ ਚ ਹਜ਼ਾਰਾਂ ਅਸਾਮੀਆਂ ਖਾਲੀ ਤੇ ਹਜ਼ਾਰਾਂ ਅਧਿਆਪਕ ਗੈਰ ਵਿਦਿਅਕ ਕੰਮਾਂ ਕਾਰਨ ਸਕੂਲਾਂ ਤੋਂ ਬਾਹਰ - ਜਸਵਿੰਦਰ ਸਿੰਘ ਸਮਾਣਾ
ਵੋਟ ਬਟੋਰਨ ਲਈ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਵੰਡੇ ਬੈਗ, ਬਾਕੀ ਵਿਦਿਆਰਥੀਆਂ ਨਾਲ ਕੀਤਾ ਵਿਤਕਰਾ- ਪਰਮਜੀਤ ਸਿੰਘ ਪਟਿਆਲਾ
ਪਟਿਆਲਾ 21 ਜੁਲਾਈ (ਗੁਰਪ੍ਰੀਤ ਸਿੰਘ ਜਖਵਾਲੀ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੋਢਾ ਵਰਤ ਕੇ ਪੰਜਾਬ ਦੀ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ
ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦੀਆਂ ਰਾਜ ਕਰਦੀਆਂ ਸਰਕਾਰਾਂ ਦਾ ਇਸ ਤਰ੍ਹਾਂ ਦੇ ਪ੍ਰਚਾਰ ਦਾ ਡਟਵਾਂ ਵਿਰੋਧ ਕੀਤਾ ਸੀ ਪਰ ਸੱਤਾ ਮਿਲਦਿਆਂ ਹੀ ਸਰਕਾਰ ਨੇ ਆਪਣੇ ਪ੍ਰਚਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹੁਣ ਸਰਕਾਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਰਤਿਆ ਜਾ ਰਿਹਾ ਹੈ। ਇਸੇ ਤਹਿਤ ਹੀ ਕਦੇ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਲਿਫਾਫੇ ਭੇਜੇ ਜਾਂਦੇ ਹਨ, ਕਦੇ ਮਾਪੇ ਅਧਿਆਪਕ ਮਿਲਣੀ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਲੀਫਲੈਟ ਭੇਜੇ ਜਾਂਦੇ ਹਨ ਅਤੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਜਾ ਰਹੇ ਹਨ ਜਿਨਾਂ ਦੇ ਉੱਪਰ ਵੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਆਗੂਆਂ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੂੰ ਆਪਣੇ ਪ੍ਰਚਾਰ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਦੇ ਮੋਢੇ ਨਹੀਂ ਵਰਤਣੇ ਚਾਹੀਦੇ। ਪੰਜਾਬ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਨ ਤੋਂ ਪਹਿਲੋਂ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਅਧਿਆਪਕ ਪ੍ਰਮੋਸ਼ਨਾਂ ਨੂੰ ਤਰਸ ਰਹੇ ਹਨ ਅਤੇ ਅਨੇਕਾਂ ਗੈਰ ਵਿੱਦਿਅਕ ਕੰਮਾਂ ਕਾਰਨ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਰੱਖਿਆ ਹੋਇਆ ਹੈ। ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁਗਪਰਗਟ ਸਿੰਘ,ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਇਸ ਫੋਕੀ ਸ਼ੋਹਰਤਬਾਜ਼ੀ ਨੂੰ ਛੱਡ ਕੇ ਸਕੂਲ ਸਿੱਖਿਆ ਵੱਲ ਧਿਆਨ ਦੇਵੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲੇ ਹੱਲ ਕਰੇ।