ਅਮਰੀਕਾ 'ਚ ਤਾਂ ਹੁਣ H-1 ਵੀਜ਼ਾ ਅਤੇ ਗ੍ਰੀਨ ਕਾਰਡ ਵਾਲੇ ਵੀ ਸੇਫ਼ ਨਹੀਂ, ਡੌਂਕੀ ਵਾਲੇ ਤਾਂ ਭੁੱਲ ਜਾਓ- US ਦੇ ਕਾਨੂੰਨੀ ਮਾਹਿਰ ਜਸਪ੍ਰੀਤ ਸਿੰਘ ਨੇ ਕੀਤਾ ਖ਼ਬਰਦਾਰ (ਵੇਖੋ ਵੀ ਵੀਡੀਓ)
ਅਮਰੀਕੀ ਇਮੀਗ੍ਰੇਸ਼ਨ 'ਚ ਵੱਡੇ ਬਦਲਾਅ: "ਡੌਂਕੀ" ਜਾਂ ਗੈਰ-ਕਾਨੂੰਨੀ ਰਸਤੇ ਰਾਹੀਂ ਅਮਰੀਕਾ ਜਾਣ ਦੀ ਭੁੱਲ ਨਾ ਕਰੋ, ਅਟਾਰਨੀ ਜਸਪ੍ਰੀਤ ਸਿੰਘ ਦੀ ਚੇਤਾਵਨੀ
ਚੰਡੀਗੜ੍ਹ 'ਚ ਬੋਲੇ ਜਸਪ੍ਰੀਤ ਸਿੰਘ: US 'ਚ ਅਸਾਇਲਮ ਕੇਸਾਂ ਦੀ ਅਪਰੂਵਲ ਰੇਟ 5% ਤੱਕ ਘਟੀ, ਸਕਿੱਲ ਅਤੇ ਸਹੀ ਵੀਜ਼ਾ ਹੀ ਇੱਕੋ-ਇੱਕ ਰਾਹ
ਚੰਡੀਗੜ੍ਹ, 21 ਜੁਲਾਈ 2026- ਅਮਰੀਕਾ ਵਿੱਚ ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਹੋ ਰਹੇ ਵੱਡੇ ਬਦਲਾਅ ਅਤੇ ਸਖ਼ਤੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇੱਕ ਮਹੱਤਵਪੂਰਨ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਮਰੀਕਾ ਦੇ ਪ੍ਰਸਿੱਧ 'ਅਟਾਰਨੀ ਅਟ ਲਾਅ' (Attorney at Law) ਜਸਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਮਰੀਕਾ ਜਾਣ ਦੇ ਬਦਲਦੇ ਕਾਨੂੰਨਾਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਗੈਰ-ਕਾਨੂੰਨੀ ਤਰੀਕੇ (ਡੌਂਕੀ) ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਜਾਨ ਅਤੇ ਪੈਸੇ ਦੋਵਾਂ ਦਾ ਵੱਡਾ ਨੁਕਸਾਨ ਕਰ ਸਕਦੀ ਹੈ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਕੈਲੀਫੋਰਨੀਆ ਵਰਗੇ ਸੂਬਿਆਂ ਵਿੱਚ ਇਮੀਗ੍ਰੇਸ਼ਨ ਅਤੇ ਅਸਾਇਲਮ (ਸ਼ਰਨ) ਕੇਸਾਂ ਦੀ ਮਨਜ਼ੂਰੀ (Approval Rate) 70 ਤੋਂ 80 ਫੀਸਦੀ ਤੱਕ ਹੁੰਦੀ ਸੀ, ਜੋ ਕਿ ਹੁਣ ਘੱਟ ਕੇ ਮਾਤਰ 5 ਫੀਸਦੀ ਰਹਿ ਗਈ ਹੈ। ਅਮਰੀਕੀ ਸਰਕਾਰ ਨੇ ਦਰਜਨਾਂ ਪੁਰਾਣੇ ਇਮੀਗ੍ਰੇਸ਼ਨ ਜੱਜਾਂ ਨੂੰ ਬਦਲ ਦਿੱਤਾ ਹੈ। ਨਵੇਂ ਨਿਯੁਕਤ ਕੀਤੇ ਗਏ ਜੱਜਾਂ ਨੂੰ ਬਹੁਤ ਹੀ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਬਹੁਤ ਹੀ 'ਰੇਅਰ' ਅਤੇ ਠੋਸ ਕੇਸਾਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਰਾਜਨੀਤਿਕ ਸ਼ਰਨ (Political Asylum) ਦੇ ਨਾਂ 'ਤੇ ਝੂਠੇ ਕੇਸ ਬਣਾ ਕੇ ਪੱਕੇ ਹੋਣ ਦਾ ਸਮਾਂ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।
ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ-ਦੋ ਸਾਲਾਂ ਵਿੱਚ ਬਾਰਡਰ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਬਹੁਤ ਸਾਰੇ ਨੌਜਵਾਨ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਇੱਕ ਕੇਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ 16-16 ਮਹੀਨੇ ਜੇਲ੍ਹ ਵਿੱਚ ਬਿਤਾਉਣ ਅਤੇ ਕੇਸ ਜਿੱਤਣ ਦੇ ਬਾਅਦ ਵੀ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਬਾਰਡਰ 'ਤੇ ਸਖ਼ਤੀ ਇੰਨੀ ਜ਼ਿਆਦਾ ਹੈ ਕਿ ਹੁਣ ਅੰਦਰ ਦਾਖਲ ਹੋਣਾ ਅਤੇ ਬਾਅਦ ਵਿੱਚ ਜੇਲ੍ਹ 'ਚੋਂ ਛੁੱਟਣਾ ਲਗਭਗ ਅਸੰਭਵ ਹੋ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਲ 2028 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਹੁਤ ਜ਼ਿਆਦਾ ਸਖ਼ਤੀ ਰਹੇਗੀ। ਚਾਹੇ ਕੋਈ ਡੈਮੋਕ੍ਰੇਟ ਪ੍ਰੈਜ਼ੀਡੈਂਟ ਆਵੇ ਜਾਂ ਰਿਪਬਲਿਕਨ, ਬਾਰਡਰ ਖੁੱਲ੍ਹਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਵਿਜ਼ਿਟਰ (ਟੂਰਿਸਟ) ਜਾਂ ਸਟੂਡੈਂਟ ਵੀਜ਼ੇ 'ਤੇ ਜਾਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਵੀਜ਼ੇ ਦੀ ਸੀਮਾ (Overstay) ਦਾ ਉੱਲਘਣ ਨਾ ਕਰਨ। ਜਿਸ ਪਰਪਸ (ਮਕਸਦ) ਲਈ ਵੀਜ਼ਾ ਲਿਆ ਗਿਆ ਹੈ, ਉਹੀ ਰੱਖੋ। ਅਮਰੀਕਾ ਜਾ ਕੇ ਤੁਰੰਤ ਵਿਆਹ ਕਰਵਾ ਕੇ ਜਾਂ ਗਲਤ ਤਰੀਕੇ ਨਾਲ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਹੁਣ ਫੜੀ ਜਾ ਰਹੀ ਹੈ।
ਜਸਪ੍ਰੀਤ ਸਿੰਘ ਨੇ ਕਿਹਾ ਕਿ ਅਗਲੇ ਸਮੇਂ ਵਿੱਚ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ (ਜਿਵੇਂ ਕੈਨੇਡਾ) ਜਾਣ ਲਈ ਹੁਨਰਮੰਦ (Skilled) ਹੋਣਾ ਲਾਜ਼ਮੀ ਹੈ। ਚਾਹੇ ਕੋਈ ਕੰਮ ਕਿੰਨਾ ਵੀ ਛੋਟਾ ਹੋਵੇ ਜਿਵੇਂ ਪਲੰਬਿੰਗ, ਏ.ਸੀ. ਰਿਪੇਅਰ, ਇਲੈਕਟ੍ਰੀਸ਼ਨ ਜਾਂ ਹੋਰ ਟਰੇਡ ਜੇਕਰ ਨੌਜਵਾਨ ਆਪਣੇ ਆਪ ਨੂੰ ਟ੍ਰੇਨ ਕਰਕੇ ਜਾਣਗੇ ਤਾਂ ਹੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ। H-1B ਵੀਜ਼ਾ ਧਾਰਕਾਂ ਅਤੇ ਹਾਈ-ਟੈਕ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਭਾਰਤੀਆਂ 'ਤੇ ਵੀ ਇਮੀਗ੍ਰੇਸ਼ਨ ਨੀਤੀਆਂ ਦਾ ਅਸਰ ਪਿਆ ਹੈ।
ਅਟਾਰਨੀ ਜਸਪ੍ਰੀਤ ਸਿੰਘ ਨੇ ਭਾਰਤੀਆਂ ਅਤੇ ਪੰਜਾਬੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਦੀ ਬਹੁਤ ਇੱਜ਼ਤ ਹੈ। ਹਾਲਾਂਕਿ, ਉਨ੍ਹਾਂ ਐਨ.ਆਰ.ਆਈ. (NRI) ਵੀਰਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਸਿਰਫ਼ ਖੇਡ ਮੇਲੇ ਜਾਂ ਸਕੂਲਾਂ ਵਿੱਚ ਲਾਈਟਾਂ ਲਵਾਉਣ ਤੱਕ ਸੀਮਤ ਨਾ ਰਹਿਣ। ਉਨ੍ਹਾਂ ਕਿਹਾ, "ਜੇਕਰ NRI ਭਰਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਪਿੰਡਾਂ 'ਚ ਹੀ 2 ਤੋਂ 5 ਲੱਖ ਰੁਪਏ ਤੱਕ ਦਾ ਛੋਟਾ-ਮੋਟਾ ਕਾਰੋਬਾਰ (ਜਿਵੇਂ ਚਾਹ ਦੀ ਦੁਕਾਨ, ਸਾਈਕਲ/ਗਾੜੀਆਂ ਦਾ ਵਰਕਸ਼ਾਪ ਆਦਿ) ਖੋਲ੍ਹ ਕੇ ਦੇਣ, ਤਾਂ ਇਸ ਨਾਲ ਪੰਜਾਬ 'ਚ ਪ੍ਰਾਈਵੇਟ ਰੁਜ਼ਗਾਰ ਪੈਦਾ ਹੋਵੇਗਾ। ਜਦੋਂ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲੇਗਾ ਤਾਂ ਉਹ ਬਾਹਰ ਜਾ ਕੇ ਜੇਲ੍ਹਾਂ 'ਚ ਰੁਲਣ ਤੋਂ ਬਚਣਗੇ।" ਅੰਤ ਵਿੱਚ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਪਾਲਣਾ ਕਰਨ, ਗਲਤ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਆਪਣੇ ਸੁਪਨੇ ਪੂਰੇ ਕਰਨ।
- Download Babushahi App
-
-