ਵਿਦਿਆਰਥੀਆਂ ਅਤੇ ਨੌਜਵਾਨਾਂ 'ਤੇ ਦਿੱਲੀ ਪੁਲਿਸ ਵੱਲੋਂ ਕੀਤੇ ਤਸ਼ੱਦਦ ਖਿਲਾਫ ਮਾਨਸਾ ਜ਼ਿਲ੍ਹੇ ਵਿੱਚ ਰੋਸ ਮੁਜ਼ਾਹਰੇ
ਅਸ਼ੋਕ ਵਰਮਾ
ਮਾਨਸਾ, 21 ਜੁਲਾਈ 2026: ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਵਿਦਿਆਰਥੀਆਂ, ਨੌਜ਼ਵਾਨਾਂ ਉੱਤੇ ਪੁਲਿਸ ਵੱਲੋਂ ਢਾਹੇ ਗਏ ਅੰਨ੍ਹੇ ਤਸੱਦਦ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲ੍ਹਾ ਮਾਨਸਾ ਵਿੱਚ ਵੱਖ—ਵੱਖ ਥਾਂਵਾਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਿਲ੍ਹਾ ਕਚਹਿਰੀਆਂ ਮਾਨਸਾ, ਜੋਗਾ, ਬੁਢਲਾਡਾ, ਝੁਨੀਰ ਸਮੇਤ ਵੱਖ—ਵੱਖ ਪਿੰਡਾਂ ਵਿੱਚ 12 ਜਗ੍ਹਾ ਉੱਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਹਕੂਮਤਾਂ ਹਰ ਰੋਜ਼ ਢੰਡੋਰਾ ਪਿੱਟਦੀਆਂ ਹਨ ਕਿ ਹਿੰਦੂਸਤਾਨ ਵਿੱਚ ਲੋਕਤੰਤਰ ਹੈ, ਹਰ ਕੋਈ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ/ਮਸਲਿਆ ਤੇ ਅਵਾਜ਼ ਉਠਾ ਸਕਦਾ ਹੈ, ਪਰ ਹਰ ਰੋਜ਼ ਹੋ ਇਸ ਦੇ ਉਲਟ ਰਿਹਾ ਹੈ।
ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਨੂੰ ਪੁਲਿਸੀ ਡਾਂਗਾ ਦੇ ਨਾਲ ਪਸ਼ੂਆਂ ਵਾਂਗ ਕੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਦਿਆਰਥੀਆਂ ਤੇ ਨੌਜ਼ਵਾਨਾਂ ਦਾ ਪ੍ਰਗਟ ਹੋਇਆ ਜ਼ੋਰਦਾਰ ਰੋਹ ਨੌਜ਼ਵਾਨਾਂ ਅੰਦਰ ਜਮ੍ਹਾਂ ਹੋ ਚੁੱਕੇ ਰੋਸ਼ ਤੇ ਬੇਚੈਨੀ ਦਾ ਸਿੱਧਾ ਇਜਹਾਰ ਹੈ। ਪ੍ਰੀਖਿਆ ਪ੍ਰਣਾਲੀ ਦੇ ਘੁਟਾਲਿਆਂ ਤੋਂ ਲੈ ਕੇ ਅੰਤਾਂ ਦੀ ਮਹਿੰਗੀ ਸਿੱਖਿਆ ਤੇ ਮਗਰੋਂ ਬੇਰੁਜ਼ਗਾਰੀ ਦਾ ਸੰਤਾਪ ਹੰਡਾਉਂਦੇ ਨੌਜ਼ਵਾਨਾਂ ਦੀ ਪੀੜ੍ਹ ਸੁਣਨ ਦੀ ਬਜਾਏ ਮੋਦੀ ਸਰਕਾਰ ਇਸ ਅਵਾਜ਼ ਨੂੰ ਜਬਰ ਨਾਲ ਕੁਚਲਣ ਦਾ ਭਰਮ ਪਾਲ ਰਹੀ ਹੈ। ਵਿਦਿਆਰਥੀਆਂ ਦੀ ਅਵਾਜ਼ ਨੂੰ ਅਣਸੁਣਿਆ ਕੀਤਾ ਗਿਆ ਹੈ। ਇਸ ਮੌਕੇ ਵੱਖ—ਵੱਖ ਥਾਵਾਂ ਤੇ ਅਰਥੀ ਸਾੜਨ ਸਮੇਂ ਭੋਲਾ ਸਿੰਘ ਮਾਖਾ, ਮੇਜਰ ਸਿੰਘ ਗੋਬਿੰਦਪੁਰਾ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।