ਸ੍ਰੀ ਗੀਤਾ ਭਵਨ ਮੰਦਿਰ ਵਿਖੇ 26 ਲੱਖ ਰੁਪਏ ਦੀ ਲਾਗਤ ਨਾਲ ਬਣੇ ਲੰਗਰ ਹਾਲ ਦਾ ਉਦਘਾਟਨ
ਰੋਹਿਤ ਗੁਪਤਾ
ਗੁਰਦਾਸਪੁਰ, 21 ਜੁਲਾਈ
ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਦੇ ਯਤਨਾਂ ਸਦਕਾ ਸ੍ਰੀ ਗੀਤਾ ਭਵਨ ਮੰਦਿਰ, ਗੁਰਦਾਸਪੁਰ ਵਿਖੇ 26 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲੰਗਰ ਹਾਲ ਦਾ ਨਿਰਮਾਣ ਕਰਵਾਇਆ ਗਿਆ। ਅੱਜ ਇਸ ਲੰਗਰ ਹਾਲ ਦਾ ਉਦਘਾਟਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਸ੍ਰੀ ਗੀਤਾ ਭਵਨ ਮੰਦਿਰ ਗੁਰਦਾਸਪੁਰ ਦਾ ਇੱਕ ਬਹੁਤ ਹੀ ਪ੍ਰਾਚੀਨ ਅਤੇ ਆਸਥਾ ਦਾ ਕੇਂਦਰ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਅਟੁੱਟ ਸ਼ਰਧਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਵੀ ਇਸ ਮੰਦਿਰ ਨਾਲ ਲਗਭਗ ਚਾਰ ਪੀੜੀਆਂ ਤੋਂ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਇਸ ਮੰਦਿਰ ਲਈ ਜ਼ਮੀਨ ਦਾਨ ਕੀਤੀ ਗਈ ਸੀ ਅਤੇ ਸਮੇਂ-ਸਮੇਂ ’ਤੇ ਸੇਵਾ ਅਤੇ ਤਪੱਸਿਆ ਵੀ ਕੀਤੀ ਗਈ।
ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਇਸ ਲੰਗਰ ਹਾਲ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਟਰੱਸਟ ਵੱਲੋਂ ਸ੍ਰੀ ਗੀਤਾ ਭਵਨ ਮੰਦਿਰ ਵਿਖੇ ਬਣਾਏ ਗਏ ਇਸ ਲੰਗਰ ਹਾਲ ’ਤੇ ਕਰੀਬ 26 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਗੁਰਦਾਸਪੁਰ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਜਿੱਥੇ ਵੀ ਲੋੜ ਪਵੇਗੀ, ਨਗਰ ਸੁਧਾਰ ਟਰੱਸਟ ਹਮੇਸ਼ਾ ਅੱਗੇ ਰਹਿ ਕੇ ਵਿਕਾਸ ਕਾਰਜ ਕਰਵਾਏਗਾ ਅਤੇ ਸ਼ਹਿਰ ਦੀ ਤਰੱਕੀ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਬਲਾਕ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਬਲਾਕ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਰਘੁਬੀਰ ਸਿੰਘ ਖਾਲਸਾ, ਕੌਂਸਲਰ ਵਾਰਡ ਨੰਬਰ 9 ਯੋਗੇਸ਼ ਸ਼ਰਮਾ, ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਅਤੇ ਸ੍ਰੀ ਗੀਤਾ ਭਵਨ ਮੰਦਿਰ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ, ਕਾਰਜ ਸਾਧਕ ਅਫ਼ਸਰ ਮਨੋਜ ਸ਼ਰਮਾ, ਸ਼ਹਿਰ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
- Download Babushahi App
-
-