ਸੰਸਦ ਵੱਲ ਮਾਰਚ ਕਰਦੇ ਵਿਦਿਆਰਥੀਆਂ 'ਤੇ ਲਾਠੀਚਾਰਜ ਖਿਲਾਫ ਮੋਦੀ ਸਰਕਾਰ ਦੇ ਪੁਤਲਿਆਂ ਨੂੰ ਲਾਂਬੂ ਲਾਏ
ਅਸ਼ੋਕ ਵਰਮਾ
ਲੰਬੀ, 21 ਜੁਲਾਈ 2026 :ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਦਿੱਲੀ ਵਿੱਚ ਸੰਸਦ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦਿਆਂ ਲੰਬੀ ਅਤੇ ਪਿੰਡ ਸਿੰਘੇਵਾਲਾ ਵਿਖੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਗਟਾਇਆ ਗਿਆ।ਇਸ ਮੌਕੇ ਭਾਕਿਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਖੁਨਣ ਖੁਰਦ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਇਸ ਕਦਮ ਨੂੰ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੱਤਾ। ਇਸ ਉਪਰੰਤ ਲੰਬੀ ਵਿਖੇ ਬਲਾਕ ਭਰ ਚੋਂ ਪਹੁੰਚੇ ਮਜ਼ਦੂਰਾਂ ਕਿਸਾਨਾਂ ਤੇ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂ ਗੁਰਪਾਸ਼ ਸਿੰਘ, ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਦਿਲਾਵਰ ਸਿੰਘ ਤੇ ਪ੍ਰਕਾਸ਼ ਚੰਦ ਚੰਨੂ ਨੇ ਆਖਿਆ ਕਿ ਬੀਤੇ ਦਿਨ ਯੰਤਰ ਮੰਤਰ ਤੋਂ ਸੰਸਦ ਵੱਲ ਆਪਣੀਆਂ ਮੰਗਾਂ ਦੇ ਹੱਕ ਵਿੱਚ ਮਾਰਚ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਦੇ ਨਾਲ ਸਿਵਲ ਕੱਪੜਿਆਂ ਚ ਮੌਜੂਦ ਗੁੰਡਾ ਅਨਸਰਾਂ ਵੱਲੋਂ ਅੰਨਾ ਤਸ਼ੱਦਦ ਕਰਕੇ ਦਰਜਨਾਂ ਵਿਦਿਆਰਥੀਆਂ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਪਹਿਲਾਂ ਝੂਠੇ ਕੇਸ ਵੀ ਮੜ੍ਹ ਦਿੱਤੇ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਪਿਛਲੇ 24 ਦਿਨਾਂ ਤੋਂ ਪੇਪਰ ਲੀਕ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ, ਘੁਟਾਲਿਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਪਰ ਮੋਦੀ ਸਰਕਾਰ ਉਹਨਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ।
ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਰਾਜ ਚ ਸੈਂਕੜੇ ਪੇਪਰ ਲੀਕ ਹੋ ਚੁੱਕੇ ਹਨ ਅਤੇ ਨੀਟ ਦੀ ਮੁੜ ਪ੍ਰਖਿਆ ਚ ਦੋ ਲੱਖ ਤੋਂ ਵੱਧ ਵਿਦਿਆਰਥੀ ਮੁੜ ਪ੍ਰਖਿਆ ਨਹੀਂ ਦੇ ਸਕੇ ਜਦੋਂ ਕਿ ਦਰਜਨ ਦੇ ਕਰੀਬ ਵਿਦਿਆਰਥੀ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਸੁਣਨ ਦੀ ਬਜਾਏ ਉਨ੍ਹਾਂ 'ਤੇ ਬਲ ਪ੍ਰਯੋਗ ਕਰਨਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਵਿਦਿਆਰਥੀਆਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਪੇਪਰ ਲੀਕ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪ੍ਰੀਤ ਕੌਰ, ਕਿਸਾਨ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ, ਮਜ਼ਦੂਰ ਆਗੂ ਰਾਮਪਾਲ ਗੱਗੜ ਤੇ ਮੁਲਾਜ਼ਮ ਆਗੂ ਪਰਮਜੀਤ ਸਿੰਘ ਖਿਓਵਾਲੀ ਵੀ ਮੌਜੂਦ ਸਨ।