ਵਿਦਿਆਰਥੀ ਪ੍ਰਦਰਸ਼ਨ 'ਤੇ ਪੁਲੀਸ ਤਸ਼ੱਦਦ: ਕਿਸਾਨਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ
ਬੀਕੇਯੂ ਡਕੌਂਦਾ ਵੱਲੋਂ ਵੀ ਨਿਖੇਧੀ
ਅਸ਼ੋਕ ਵਰਮਾ
ਬਰਨਾਲਾ,21 ਜੁਲਾਈ 2026 :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਵੱਖ ਵੱਖ ਥਾਵਾਂ ਉੱਤੇ ਸੰਘਰਸ਼ ਕਰ ਰਹੇ ਵਿਦਿਆਰਥੀਆ, ਨੌਜਵਾਨਾਂ, ਕਿਸਾਨ-ਮਜ਼ਦੂਰਾਂ, ਮਨਰੇਗਾ ਵਰਕਰ ਤੇ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ , ਅੱਥਰੂ ਗੈਸ ਆਦਿ ਜ਼ਬਰ ਤਸ਼ੱਦਦ ਨੂੰ ਲੈਕੇ ਵੱਖ ਵੱਖ ਪਿੰਡਾਂ ਵਿੱਚ ਕੇਂਦਰੀ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤੇ।ਜਥੇਬੰਦੀ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਤੇ ਔਰਤ ਵਿੰਗ ਕਨਵੀਨਰ ਕਮਲਜੀਤ ਕੌਰ ਬਰਨਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਪ੍ਰਗਟ ਹੋਇਆ ਜ਼ੋਰਦਾਰ ਰੋਹ ਉਨ੍ਹਾਂ 'ਚ ਪੈਦਾ ਹੋ ਚੁੱਕੇ ਰੋਸ ਤੇ ਬੇਚੈਨੀ ਦਾ ਸਿੱਧਾ ਇਜ਼ਹਾਰ ਹੈ। ਆਗੂਆਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਦੇ ਘੁਟਾਲਿਆਂ ਤੋਂ ਲੈ ਕੇ ਅੰਤਾਂ ਦੀ ਮਹਿੰਗੀ ਸਿੱਖਿਆ ਤੇ ਮਗਰੋਂ ਬੇਰੁਜ਼ਗਾਰੀ ਦੇ ਸੰਤਾਪ ਹੰਢਾਉਂਦੇ ਨੌਜਵਾਨਾਂ ਦੀ ਪੀੜ ਸੁਣਨ ਦੀ ਬਜਾਏ ਮੋਦੀ ਸਰਕਾਰ ਇਸ ਆਵਾਜ਼ ਨੂੰ ਜ਼ਬਰ ਨਾਲ ਕੁਚਲਣ ਦਾ ਭਰਮ ਪਾਲ਼ ਰਹੀ ਹੈ ਜੋ ਕਿ ਬਰਦਾਸ਼ਤ ਯੋਗ ਨਹੀਂ ਹੈ।
ਬੀਕੇਯੂ ਡਕੌਂਦਾ ਵੱਲੋਂ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 89ਵਾਰ ਪੇਪਰ ਲੀਕ ਅਤੇ 17ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰ ਜਾਣ ਦੇ ਬਾਵਜੂਦ ਪੀ ਐਮ ਮੋਦੀ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਫ਼ਾਰਗ ਨਾ ਕਰਨ ਅੜੇ ਹੋਏ ਹਨ, ਜਿਵੇਂ ਕਿ ਪਹਿਲਾਂ ਲਖੀਮਪੁਰ ਖੀਰੀ ਕਾਂਡ ਦੇ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਅਤੇ ਪਹਿਲਵਾਨ ਖਿਡਾਰਣਾਂ ਦੇ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਸਬੰਧੀ ਅੜੇ ਰਹੇ ਸਨ। ਇਸ ਤੋਂ ਇਲਾਵਾ ਵੀ ਅਨੇਕ ਉਦਾਹਰਨਾਂ ਹਨ। ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਰਾਮਪੁਰਾ ਤੇ ਅੰਗਰੇਜ਼ ਸਿੰਘ ਭਦੌੜ ਨੇ ਦਿੱਲੀ ਵਿਖੇ ਵਿਦਿਆਰਥੀਆਂ 'ਤੇ ਤਸ਼ੱਦਦ ਦੇ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਸਜ਼ਾਵਾਂ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਅਹੁਦੇ ਤੋਂ ਫੌਰੀ ਰੁਖ਼ਸਤਗੀ ਮੰਗੀ।