ਸਾਧਾਂਪੁਰ 'ਚ ਦੂਸ਼ਿਤ ਪਾਣੀ ਸਪਲਾਈ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਮਈ 2025: ਪਿੰਡ ਸਾਧਾਂਪੁਰ ਦੇ ਇੱਕ ਮੁਹੱਲੇ 'ਚ ਪਿਛਲੇ ਕਈਂ ਦਿਨਾਂ ਤੋਂ ਪੀਣ ਵਾਲੇ ਦੂਸ਼ਿਤ ਪਾਣੀ ਦੀ ਹੋ ਰਹੀ ਸਪਲਾਈ ਕਾਰਨ ਮੁਹੱਲਾ ਵਾਸੀ ਬਹੁਤ ਪ੍ਰੇਸ਼ਾਨ ਹਨ। ਮੁਹੱਲਾ ਵਾਸੀ ਪੀਣ ਵਾਲੇ ਸਾਫ਼ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ, ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਹ ਪਿੰਡ ਦੇ ਸਰਪੰਚ ਨੂੰ ਵੀ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀ ਕੀਤਾ ਜਾ ਰਿਹਾ, ਜਿਸ ਕਾਰਨ ਮੁਹੱਲਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਵਾਸੀ ਗੁਰਮੀਤ ਸਿੰਘ ਬੰਟੀ, ਵਿਜੈ ਕੁਮਾਰ, ਓਮਕਾਰ, ਕੁਲਵਿੰਦਰ, ਰਾਜੂ , ਲਾਡਾ , ਜਗਤਾਰ ਸਿੰਘ ਸੋਨੀ ਆਦਿ ਦਾ ਕਹਿਣਾ ਹੈ ਕਿ ਪਿਛਲੇ ਕਈਂ ਦਿਨਾਂ ਤੋਂ ਮੁਹੱਲੇ ਵਿਚ ਗੰਧਲੇ ਪਾਣੀ ਦੀ ਸਪਲਾਈ ਹੋ ਰਹੀ ਹੈ ਅਤੇ ਪਿੰਡ ਵਿਚ ਸਰਕਾਰੀ ਟੁੱਟੀਆਂ ਦੇ ਪੀਣ ਵਾਲੇ ਪਾਣੀ ਦਾ ਹੋਰ ਕੋਈ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਇਹ ਗੰਧਲਾ ਪਾਣੀ ਪੀਣਾ ਅਤੇ ਵਰਤਣਾ ਪੈ ਰਿਹਾ ਹੈ, ਜਿਸ ਕਾਰਨ ਪਿੰਡ ਵਿਚ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਹੋਇਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੱਸਿਆ ਸਬੰਧੀ ਉਹ ਪਿੰਡ ਦੇ ਸਰਪੰਚ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਸੰਪਰਕ ਕਰਨ ‘ਤੇ ਪਿੰਡ ਦੇ ਸਰਪੰਚ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਨਵੀਂ ਪਾਈਪ ਲਾਈਨ ਪਾਈ ਸੀ, ਪਹਿਲਾਂ ਤਾਂ ਪਾਣੀ ਸਾਫ ਆਇਆ ਪਰ ਕੁੱਝ ਦਿਨਾਂ ਬਾਅਦ ਪਾਣੀ ਗੰਧਲਾ ਆਉਣ ਲੱਗਾ ਸੀ, ਜਿਸ ਨੂੰ ਉਨ੍ਹਾਂ ਵੱਲੋਂ ਇੱਕ ਵਾਰੀ ਆਪਣੇ ਪੱਧਰ ਉੱਤੇ ਠੀਕ ਕਰਵਾ ਦਿੱਤਾ ਸੀ, ਪਰ ਹੁਣ ਕੁੱਝ ਦਿਨਾਂ ਤੋਂ ਦੁਬਾਰੇ ਗੰਧਲੇ ਪਾਣੀ ਦੀ ਸਪਲਾਈ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਠੇਕੇਦਾਰ ਵੱਲੋਂ ਪਾਈਪ ਲਾਈਨ ਪਾਈ ਸੀ ਉਹ ਕੱਲ ਨੂੰ ਆ ਕੇ ਪੂਰੀ ਪਾਈਪ ਲਾਈਨ ਦੀ ਜਾਂਚ ਕਰਨਗੇ ਅਤੇ ਜਿਥੋਂ ਵੀ ਲੀਕੇਜ ਹੋਈ ਉਸ ਨੂੰ ਦਰੁਸਤ ਕਰ ਦਿੱਤਾ ਜਾਵੇਗਾ।