ਲੁੱਟ-ਖਸੁੱਟ: ਕੀ ਕਰੀਏ ਬਿਜ਼ਨਸ? ਸੁਰੱਖਿਆ ਕਿਥੇ?
ਮੈਨੁਕਾਓ ਵਿਖੇ ਪੰਜਾਬੀਆਂ ਦੇ ਇਲੈਕਟ੍ਰੋਨਿਕ ਸਟੋਰ ਉਤੇ ਚਾਰ ਲੁਟੇਰਿਆਂ ਵੱਲੋਂ ਹਮਲਾ-ਕੁਝ ਫੋਨ ਵੀ ਲੈ ਗਏ
-ਸਟੋਰ ਮਾਲਕ ਅਤੇ ਸਟਾਫ ਨੇ ਬਹਾਦਰੀ ਵਿਖਾ ਲੁਟੇਰੇ ਭਜਾਏ
-ਪੁਲਿਸ ਨੇ ਤੁਰੰਤ ਫੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 18 ਮਈ 2025:-ਨੈਸ਼ਨਲ ਸਰਕਾਰ ਦੀ ਅਪਰਾਧ ਅਤੇ ਅਪਰਾਧੀਆਂ ਦੇ ਉਤੇ ਕਿੰਨੀ ਕੁ ਹੁਣ ਤੱਕ ਪਕੜ ਬਣੀ ਹੈ, ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਲੁੱਟ ਦੀ ਘਟਨਾ ਵੇਲੇ ਪੁਲਿਸ ਨੂੰ ਸੂੁਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਦਾ ਕਹਿਣਾ ਹੁੰਦਾ ਹੈ ਕਿ ਤੁਸੀਂ ਥੋੜ੍ਹਾ ਸਾਂਭ-ਸੰਭਾਲ ਅਤੇ ਸਫਾਈ ਕਰ ਲਓ ਅਸੀਂ ਵੇਖਦੇ ਹਾਂ ਕਿ ਜੇਕਰ ਪੁਲਿਸ ਤੁਹਾਡੇ ਤੱਕ ਪਹੁੰਚ ਕਰ ਸਕੇ। ਫਿਰ ਲਗਪਗ ਅੱਧੇ ਘੰਟੇ ਬਾਅਦ ਪੁਲਿਸ ਦਾ ਫੋਨ ਆਉਂਦਾ ਹੈ ਕਿ ਦੋ ਪੁਲਿਸ ਅਫਸਰ ਤੁਹਾਡੇ ਕੋਲ ਪਹੁੰਚ ਰਹੇ ਹਨ।
ਕਿੱਥੇ ਦੀ ਹੈ ਘਟਨਾ?: ਮੈਨੁਕਾਓ ਦੇ ਸਪੈਂਸਰ ਨੌਰਮਨ ਡ੍ਰਾਈਵ ਉਤੇ ਸਥਿਤ ਇਕ ਇਲੈਕਟ੍ਰੋਨਿਕ ਸਟੋਰ ( ਹੌਟ ਸਪੌਟ ਇਲੈਕਟ੍ਰੋਨਿਕਸ) ਨੂੰ ਜਦੋਂ ਸ਼ਾਮ 6:04 ਵਜੇ ਬੰਦ ਕਰਨ ਦੀ ਤਿਆਰੀ ਹੋ ਰਹੀ ਸੀ ਤਾਂ ਚਾਰ ਲੁਟੇਰੇ ਗੌਲਫ ਸਟਿੱਕ, ਸਟੀਰਿੰਗ ਵੀਲ੍ਹ ਲੌਕ ਅਤੇ ਕੁਝ ਹੋਰ ਮਾਰੂ ਸਮਾਨ ਲੈ ਕੇ ਦਾਖਲ ਹੋਏ। ਉਨ੍ਹਾਂ ਆਉਂਦਿਆਂ ਹੀ ਕਾਊਂਟਰ ਦੇ ਸ਼ੀਸ਼ੇ ਭੰਨ ਦਿੱਤੇ। ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਐਨੇ ਨੂੰ ਦੁਕਾਨ ਮਾਲਕ ਅਤੇ ਸਟਾਫ ਨੇ ਬਹਾਦਰੀ ਵਿਖਾ ਕੇ ਉਨ੍ਹਾਂ ਵੱਲ ਕੁਝ ਸਮਾਨ ਵਗਾਹ ਮਾਰਿਆ ਕਿ ਉਹ ਨਸ ਜਾਣ। ਇਸ ਦਰਮਿਆਨ ਉਹ ਕੁਝ ਫੋਨ ਲਿਜਾਉਣ ਵਿਚ ਸਫਲ ਹੋ ਗਏ, ਪਰ ਬਾਹਰ ਨਿਕਲਣ ਤੋਂ ਬਾਅਦ ਦੁਬਾਰਾ ਅੰਦਰ ਵੜ੍ਹਨ ਦੀ ਕੋਸ਼ਿਸ ਕਰਦੇ ਰਹੇ। ਕਿਸੀ ਨਾ ਕਿਸੀ ਤਰ੍ਹਾਂ ਸਟੋਰ ਮਾਲਕ ਉਨ੍ਹਾਂ ਨੂੰ ਰੋਕਣ ਵਿਚ ਸਫਲ ਹੋ ਗਿਆ ਪਰ ਇਸ ਗੱਲ ਦਾ ਗਹਿਰਾ ਅਸਰ ਪੈ ਗਿਆ ਕਿ ਇਥੇ ਰਹਿ ਕੇ ਕੀ ਕਰੀਏ ਬਿਜ਼ਨਸ? ਕਿੱਥੇ ਹੈ ਕੋਈ ਸੁਰੱਖਿਆ?। ਪੁਲਿਸ ਨੇ ਤੁਰੰਤ ਉਹ ਫੁਰਤੀ ਨਹੀਂ ਵਿਖਾਈ ਜਿਸ ਦੇ ਨਾਲ ਉਹ ਫੜੇ ਜਾ ਸਕਦੇ ਜਾਂ ਉਨ੍ਹਾਂ ਲਈ ਕੋਈ ਡਰ ਪੈਦਾ ਹੋ ਸਕਦਾ।
ਵਰਨਣਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਮਾਰਚ ਮਹੀਨੇ ਦੋ ਲੁਟੇਰੀਆਂ ਕੁੜੀਆਂ ਵੀ ਗਾਹਕ ਬਣ ਕੇ ਆਈਆਂ ਅਤੇ ਫੋਨ ਲੈ ਕੇ ਭੱਜ ਗਈਆਂ। ਉਨ੍ਹਾਂ ਦੀ ਕਾਰ ਵੀ ਚੋਰੀ ਦੀ ਸੀ। ਉਨ੍ਹਾਂ ਨੇ ਫੋਨ ਵੀ ਨੈਟ ਉਤੇ ਪਾ ਕੇ ਵੇਚ ਦਿੱਤੇ। ਇਸਬਾਰੇ ਪੁਲਿਸ ਨੂੰ ਵੀ ਈਮੇਲ ਰਾਹੀਂ ਸੂਚਿਤ ਕੀਤਾ ਗਿਆ। ਇਹ ਸਟੋਰ ਪਹਿਲਾਂ ਕਿਸੀ ਹੋਰ ਥਾਂ ਉਤੇ ਸੀ ਅਤੇ ਪਿਛਲੇ ਸਾਲ ਅਕਤੂਬਰ ਮਹੀਨੇ ਇਥੇ ਖੋਲ੍ਹਿਆ ਸੀ।