ਇੰਜੀ. ਮੱਟੂ ਨੇ ਆਪਣੀਆਂ ਲਿਖੀਆਂ ਪੁਸਤਕਾਂ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਭੇਂਟ ਕੀਤੀਆਂ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 19 ਮਈ 2025:-
ਪੰਜਾਬੀ ਸਾਹਿਤਕ ਖ਼ੇਤਰ ਚ ਆਪਣੀਆਂ ਅਖਬਾਰੀ ਰਚਨਾਵਾਂ,ਰਿਕਾਰਡ ਹੋਏ ਗੀਤਾਂ ਅਤੇ ਧਾਰਮਿਕ, ਇਤਿਹਾਸਕ ਪੁਸਤਕਾਂ ਨਾਲ ਆਪਣਾ ਮੁਕਾਮ ਸਿਰਜਣ ਵਾਲੇ ਅਤੇ ਬਤੌਰ ਉੱਪ ਇੰਜਨੀਅਰ ਸੇਵਾਵਾਂ ਨਿਭਾ ਰਹੇ ਇੰਜੀ ਸਤਨਾਮ ਸਿੰਘ ਮੱਟੂ ਨੇ ਆਪਣੀਆਂ ਲਿਖੀਆਂ ਦੋਨੋਂ ਪੁਸਤਕਾਂ "ਯਖ਼ ਰਾਤਾਂ ਪੋਹ ਦੀਆਂ" ਜਿਸ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਵਾਪਰੀਆਂ ਦਰਦਨਾਕ ਘਟਨਾਵਾਂ ਨਾਲ ਪਰਿਵਾਰ ਦੇ ਵਿਛੋੜੇ, ਚਮਕੌਰ ਦੀ ਅਸਾਵੀਂ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ,ਸਰਹਿੰਦ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਲਹੂ ਭਿੱਜੇ ਦੇ ਇਤਿਹਾਸਕ ਪੰਨਿਆਂ ਦਾ ਜ਼ਿਕਰ ਹੈ ਅਤੇ "ਹੇਮਕੁੰਟ ਪਰਬਤ ਹੈ ਜਹਾਂ" ਯਾਤਰਾ ਦਾ ਵਰਣਨ ਤੋਂ ਇਲਾਵਾ ਉਤਰਾਖੰਡ ਦੇ ਉਸ ਇਲਾਕੇ ਦੀਆਂ ਭੂਗੋਲਿਕ ਪ੍ਰਸਥੀਆਂ, ਮੰਦਰਾਂ,ਪ੍ਰਯਾਗਾਂ ਦੇ ਵਿਸਥਾਰ ਸਹਿਤ ਜਾਣਕਾਰੀ ਭਰਪੂਰ ਸਫ਼ਰਨਾਮਾ ਆਪਣੇ ਮਹਿਕਮੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ
ਨੀਲਕੰਠ ਐਸ. ਅਵਹਦ ,ਆਈ.ਏ.ਐਸ. ਨੂੰ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਭੇਂਟ ਕੀਤੀਆਂ।
ਉਹਨਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਸਾਹਿਬ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੁਸਤਕਾਂ ਬਾਬਤ ਸੰਖੇਪ ਜਾਣਕਾਰੀ ਹਾਸਲ ਕੀਤੀ।ਭਾਈ ਜੈਤਾ ਜੀ/ਬਾਬਾ ਜੀਵਨ ਸਿੰਘ ਜੀ ਬਾਰੇ ਉਹਨਾਂ ਇਤਿਹਾਸਕ ਜਾਣਕਾਰੀ ਪ੍ਰਾਪਤ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣ ਦੀ ਇੱਛਾ ਦਾ ਇਜ਼ਹਾਰ ਵੀ ਕੀਤਾ।
ਪੁਸਤਕਾਂ ਨੂੰ ਪੜਦਿਆਂ ਉਹਨਾਂ ਰੌਚਕ ਪੰਨਿਆਂ ਨੂੰ ਫੋਲਡ ਵੀ ਕੀਤਾ। ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਉੱਥੋਂ ਦੀ ਭੂਗੋਲਿਕ ਸਥਿਤੀ ਨੂੰ ਵਿਚਾਰ-ਚਰਚਾ ਦੌਰਾਨ ਅਤੇ ਨਾਲੋਂ ਨਾਲ ਪੰਨਿਆਂ ਨੂੰ ਪਲਟਦਿਆਂ ਜਾਣਨ ਦੀ ਕੋਸ਼ਿਸ਼ ਵੀ ਕੀਤੀ।
ਉਹਨਾਂ ਮੁਬਾਰਕਬਾਦ ਦਿੰਦਿਆਂ ਭਵਿੱਖ ਚ ਇਸੇ ਤਰ੍ਹਾਂ ਇਤਿਹਾਸਕ , ਸਮਾਜਿਕ, ਧਾਰਮਿਕ, ਸੱਭਿਆਚਾਰਕ ਵਿਸ਼ਿਆਂ ਤੋਂ ਇਲਾਵਾ ਸਮਾਜਿਕ ਬੁਰਾਈਆਂ,ਕਦਰਾਂ ਕੀਮਤਾਂ,ਧਰਤੀ ਹੇਠਲੇ ਪੀਣ ਦੇ ਪਾਣੀ ਦੇ ਡਿੱਗ ਰਹੇ ਪੱਧਰ ਚਿੰਤਾ ਅਤੇ ਬਚਾਅ ਲਈ ਸੁਝਾਅ, ਜਲ ਸਪਲਾਈ ਸਕੀਮਾਂ ਤੇ ਪਾਣੀ ਦੀ ਵੇਸਟੇਜ ਰੋਕਣ ਲਈ ਉਪਾਅ ਅਤੇ ਸੁਝਾਅ, ਸੋਲਿਡ ਵੇਸਟ ਮੈਨੇਜਮੈਂਟ, ਲਿਕੁਇਡ ਵੇਸਟ ਮੈਨੇਜਮੈਂਟ ਆਦਿ ਬਾਰੇ ਵੀ ਲਿਖਦੇ ਰਹਿਣ ਦੀ ਤਾਕੀਦ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।