← ਪਿਛੇ ਪਰਤੋ
Babushahi Special: ਗਰਮੀ ਦਾ ਪਾਰਾ: ਬਠਿੰਡਾ ’ਚ ਉੱਘੜਨ ਲੱਗਿਆ ਬੀਕਾਨੇਰ ਨਾਲੋਂ ਵੱਧ ਬੈਂਗਣੀ
ਅਸ਼ੋਕ ਵਰਮਾ
ਬਠਿੰਡਾ,17 ਮਈ2025: ਬਠਿੰਡਾ ਦੀ ਗਰਮੀ ਰਾਜਸਥਾਨ ਦੇ ਗਰਮ ਮੰਨੇ ਜਾਂਦੇ ਬੀਕਾਨੇਰ ਵਰਗੇ ਸ਼ਹਿਰਾਂ ਨੂੰ ਪਿੱਛੇ ਛੱਡਣ ਲੱਗੀ ਹੈ। ਕੁੱਝ ਦਿਨ ਪਹਿਲਾਂ ਤੱਕ ਹਲਕੀ ਕਿਣਮਿਣ ਕਾਰਨ ਮਾਣੀਆਂ ਠੰਢੇ ਮੌਸਮ ਦੀਆਂ ਮੌਜਾਂ ਦੇ ਉਲਟ ਸੂਰਜ ਦੇ ਤੇਜ ਹੋਏ ਪਾਰੇ ਨੇ ਲੋਕਾਂ ਨੂੰ ਬੇਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਤਾਂ ਪੂਰਾ ਦਿਨ ਬਠਿੰਡਾ ਇੱਟਾਂ ਪਕਾਉਣ ਵਾਲੇ ਭੱਠਿਆਂ ਵਾਂਗ ਤਪਦਾ ਨਜ਼ਰ ਆਇਆ। ਗਰਮੀ ਕਾਰਨ ਸਭ ਤੋਂ ਵੱਧ ਅਸਰ ਆਮ ਜਨਜੀਵਨ ਤੇ ਪਿਆ ਹੈ। ਲੋਕ 11 ਵਜੇ ਤੋਂ ਬਾਅਦ ਅਣਸਰਦੇ ਨੂੰ ਘਰੋਂ ਬਾਹਰ ਨਿਕਲਣ ਲੱਗੇ ਹਨ। ਗਰਮੀ ਨੇ ਸਭ ਤੋਂ ਵੱਧ ਬੇਹਾਲ ਛੋਟੇ ਬੱਚਿਆਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਆਉਣ ਵਾਲੇ ਪੰਜ ਦਿਨਾਂ ਸਬੰਧੀ ਜਾਰੀ ਸੂਚਨਾ ਮੁਤਾਬਕ ਅੱਜ ਸ਼ਨੀਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸ਼ੀਅਸ ਦਰਜ ਕੀਤਾ ਗਿਆ ਹੈ। ਬਠਿੰਡਾ ’ਚ ਅੱਜ ਘੱਟ ਤੋਂ ਘੱਟ ਤਾਪਮਾਨ ਵੀ 25 ਡਿਗਰੀ ਰਿਹਾ ਹੈ। ਇਸ ਦੇ ਉਲਟ ਅੱਜ ਰਾਜਸਥਾਨ ਦੇ ਸ਼ਹਿਰ ਬੀਕਾਨੇਰ ’ਚ ਦੁਪਹਿਰ ਦਾ ਤਾਪਮਾਨ 43 ਅਤੇ ਜੈਸਲਮੇਰ ਦਾ 41.5 ਡਿਗਰੀ ਸੀ। ਇਸ ਤੋਂ ਸਪਸ਼ਟ ਹੈ ਕਿ ਬਠਿੰਡਾ ਬੀਕਾਨੇਰ ਵਰਗੇ ਤੱਤੇ ਸ਼ਹਿਰਾਂ ਨੂੰ ਪਛਾੜਨ ਲੱਗਿਆ ਹੈ। ਜੈਸਲਮੇਰ ਦੇ ਤਾਪਮਾਨ ’ਚ ਬੁੱਧਵਾਰ ਤੋਂ ਵਾਧਾ ਹੋਣ ਦੇ ਅਨੁਮਾਨ ਹਨ। ਬਠਿੰਡਾ ਜਿਲ੍ਹੇ ਦੇ ਤਾਪਮਾਨ ਬਾਰੇ ਖਾਸ ਗੱਲ ਇਹ ਹੈ ਕਿ ਮੌਸਮ ਵਿਭਾਗ ਅਨੁਸਾਰ ਐਤਵਾਰ ਤੋਂ ਵੀਰਵਾਰ ਤੱਕ 46 ਡਿਗਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਗਰਮੀ ਕਾਰਨ ਤਾਂ ਅੱਜ ਦੇਰ ਸ਼ਾਮ ਤੱਕ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ। ਪਿਛਲੇ ਚਾਰ ਦਿਨਾਂ ਤੋਂ ਤਪਸ਼ ਵਧਣ ਲੱਗੀ ਹੈ ਜਦੋਂਕਿ ਇਸ ਤੋਂ ਪਹਿਲਾਂ ਮੌਸਮ ਠੀਕ ਰਿਹਾ ਸੀ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕਿ ਆਉਂਦੇ ਦਿਨੀਂ ਪਾਰਾ ਹੋਰ ਵੀ ਚੜ੍ਹ ਸਕਦਾ ਹੈ। ਵੇਰਵਿਆਂ ਅਨੁਸਾਰ ਐਤਕੀਂ ਅਪਰੈਲ ਅਤੇ ਮਈ ਮਹੀਨੇ ਦੇ ਕੱੁਝ ਦਿਨ ਠੰਢੇ ਵੀ ਰਹੇ ਹਨ। ਮਾਹਿਰ ਆਖਦੇ ਹਨ ਕਿ ਜੂਨ ਵਿੱਚ ਗਰਮੀ ਆਮ ਨਾਲੋਂ ਕਾਫੀ ਜ਼ਿਆਦਾ ਪੈ ਸਕਦੀ ਹੈ। ਗਰਮੀ ਨੂੰ ਦੇਖਦਿਆਂ ਸਮਾਜਿਕ ਸੰਸਥਾਵਾਂ ਨੇ ਆਪਣੇ ਪੱਧਰ ਤੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਜਿਵੇਂ ਹੀ ਲੋੜ ਮਹਿਸੂਸ ਹੋਈ ਪਾਣੀ ਦੀਆਂ ਟੈਂਕੀਆਂ ਆਦਿ ਚਾਲੂ ਕਰ ਦਿੱਤੀਆਂ ਗਈਆਂ ਹਨ। ਅੱਜ ਤਾਂ ਇਹ ਵੀ ਦੇਖਣ ’ਚ ਆਇਆ ਹੈ ਕਿ ਤਾਂ ਬਜ਼ਾਰਾਂ ਵਿੱਚ ਵੀ ਬਹੁਤੀ ਚਹਿਲ -ਪਹਿਲ ਹੀ ਨਹੀਂ ਸੀ। ਧੋਬੀ ਬਜ਼ਾਰ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਦਾ ਮੌਸਮ ਗਰਮ ਹੋਇਆ ਹੈ ਤਾਂ ਲੋਕ ਮੁਸ਼ਕਲ ਨਾਲ ਸ਼ਾਮ ਸਮਂੇ ਹੀ ਘਰੋਂ ਬਾਹਰ ਨਿਕਲਣ ਲੱਗੇ ਹਨ ਜਦੋਂਕਿ ਇਸ ਤੋਂ ਪਹਿਲਾਂ ਬਜ਼ਾਰਾਂ ਵਿੱਚ ਪੂਰਾ ਪੂਰਾ ਦਿਨ ਚਹਿਲ ਪਹਿਲ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਉਨ੍ਹਾਂ ਕੋਲ ਰੱਖੀਆਂ ਕਈ ਤਰਾਂ ਦੀਆਂ ਖਾਣ ਪੀਣ ਵਾਲੀਆਂ ਵਸਤਾਂ ਦੀ ਵਿੱਕਰੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ । ਇਸ ਵੇਲੇ ਵਿੱਕਰੀ ਏਅਰ ਕੰਡੀਸ਼ਨਰ ਜਾਂ ਕੂਲਰਾਂ ਤੋਂ ਇਲਾਵਾ ਪੀਣ ਵਾਲੇ ਠੰਢੇ ਪਦਾਰਥਾਂ ਦੀ ਹੈ। ਗਰਮੀ ਕਾਰਨ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿੰਡ ਨਥੇਹਾ ਦੇ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਗਰਮੀ ਕਾਰਨ ਝੋਨੇ ਦੀ ਬਿਜਾਂਦ ਲਈ ਖੇਤ ਤਿਆਰ ਕਰਨ ਵਾਸਤੇ ਦਿੱਕਤਾਂ ਆਉਣ ਲੱਗੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਨੀਰੀ ਲਈ ਵੀ ਬਹੁਤੀ ਗਰਮੀ ਠੀਕ ਨਹੀਂ ਹੈ। ਮਹਿਰਾਜ਼ ਦੇ ਕਿਸਾਨ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਗਰਮੀ ਕਾਰਨ ਪਾਣੀ ਦੀ ਮੰਗ ਵਧ ਗਈ ਹੈ ਤੇ ਪਸ਼ੂਆਂ ਦਾ ਦੁੱਧ ਸੁੱਕਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਪਸ਼ੂਆਂ ਨੂੰ ਵਾਰ ਵਾਰ ਪਾਣੀ ਪਿਲਾਉਣਾ ਪੈਂਦਾ ਹੈ। ਬਚਾਅ ਰੱਖਣ ਦੀ ਜਰੂਰਤ ਸਿਵਲ ਹਸਪਤਾਲ ਬਠਿੰਡਾ ਦੇ ਸਾਬਕਾ ਮੈਡੀਕਲ ਅਫਸਰ ਡਾ. ਪਰਮਿੰਦਰ ਬਾਂਸਲ ਦਾ ਕਹਿਣਾ ਸੀ ਕਿ ਗਰਮੀ ਦੌਰਾਨ ਫੂਡ ਪੁਆਇਜ਼ਨਿੰਗ ਅਤੇ ਪੇਟ ਦਰਦ ਦੇ ਕੇਸਾਂ ’ਚ ਕਾਫੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਪਾਣੀ ਵੱਧ ਤੋ ਵੱਧ ਪੀਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤਿੱਖੀ ਧੁੱਪ ’ਚ ਬਾਹਰ ਨਿਕਲਣ ਅਤੇ ਖਾਣ ਪੀਣ ਵਾਲੀਆਂ ਅਣਢਕੀਆਂ ਵਸਤਾਂ ਤੋਂ ਪੂਰੀ ਤਰਾਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਬਿਜਲੀ ਪਾਣੀ ਦੇ ਪ੍ਰਬੰਧ ਹੋਣ ਕਿਸਾਨ ਆਗੂ ਜਸਬੀਰ ਸਿੰਘ ਬੁਰਜ ਸੇਮਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿੱਧੀ ਬਿਜਾਈ ਵਾਲੇ ਝੋਨੇ ਲਈ ਹੁਣ ਤੋਂ ਹੀ ਪੂਰੀ ਪੂਰੀ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਝੋਨੇ ਅਤੇ ਨਰਮੇ ਦੀ ਫਸਲ ਨੂੰ ਪਾਲਣ ਲਈ ਨਹਿਰੀ ਪਾਣੀ ਅਤੇ ਬਿਜਲੀ ਦਾ ਵੀ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਫਿਲਹਾਲ ਕੋਈ ਖਤਰਾ ਨਹੀਂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾਕਟਰ ਜਗਦੀਸ਼ ਸਿੰਘ ਦਾ ਕਹਿਣਾ ਸੀ ਕਿ ਫਿਲਹਾਲ ਜੋ ਗਰਮੀ ਪੈ ਰਹੀ ਹੈ ਉਹ ਨਰਮੇ ਦੀ ਬਿਜਾਂਦ ਲਈ ਪੂਰੀ ਤਰਾਂ ਮਾਕੂਲ ਹੈ। ਉਨ੍ਹਾਂ ਕਿਹਾ ਕਿ ਪਾਣੀ ਵਾਲੀ ਥਾਂ ਤੇ ਹੀ ਲਾਉਣ ਕਰਕੇ ਝੋਨੇ ਦੀ ਪਨੀਰੀ ਨੂੰ ਵੀ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇੜੇ ਪਾਣੀਆਂ ਵਾਲੀਆਂ ਜਮੀਨਾਂ ਖਤਰੇ ਹੇਠ ਹੁੰਦੀਅ ਹੋਣ ਕਰਕੇ ਕਿਸਾਨਾਂ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਂਦ ਬਾਅਦ ਦੁਪਹਿਰ ਕਰਨ ਅਤੇ ਕਿਸੇ ਦਿੱਕਤ ਦੀ ਸੂਰਤ ’ਚ ਖੇਤੀ ਵਿਭਾਗ ਨਾਲ ਸੰਪਰਕ ਕਰਨ ਦੀ ਸਲਾਹ ਵੀ ਦਿੱਤੀ ਹੈ।
Total Responses : 418