ਭਾਰਤ ਸਰਕਾਰ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ 'ਕੁਆਲਿਟੀ ਪ੍ਰਮਾਣ ਪੱਤਰ’ ਦੇ ਐਵਾਰਡ ਨਾਲ ਨਵਾਜਿਆ
- ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਸਾਰੇ ਮਾਪਦੰਡਾਂ ’ਤੇ ਖਰ੍ਹਾ ਉਤਰਿਆ, 86.96 ਫੀਸਦੀ ਅੰਕ ਕੀਤੇ ਪ੍ਰਾਪਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 18 ਮਈ 2025- ਭਾਰਤ ਸਰਕਾਰ ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਬਿਹਤਰ, ਮਿਆਰੀ ਤੇ ਸੁਰੱਖਿਅਤ ਸਿਹਤ ਸੇਵਾਵਾਂ ਦੇਣ ਲਈ ‘ਕੁਆਲਿਟੀ ਪ੍ਰਮਾਣ ਪੱਤਰ’ ਨਾਲ ਨਵਾਜਿਆ ਹੈ। ਭਾਰਤ ਸਰਕਾਰ ਦੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਪਿਛਲੇ ਅਪ੍ਰੈਲ ਮਹੀਨੇ ਵਿਚ ਹੋਏ ਮੁਲਾਂਕਣ ਵਿਚ ਜ਼ਿਲ੍ਹਾ ਹਸਪਤਾਲ ਨਵਾਂਸਹਿਰ ਸਾਰੇ ਮਾਪਦੰਡਾਂ ਉੱਤੇ ਖਰ੍ਹਾ ਉਤਰਿਆ ਹੈ। ਉਨ੍ਹਾਂ ਦੱਸਿਆ ਕਿ ਐੱਨ.ਕਿਊ.ਏ.ਐੱਸ. ਦੇ ਮੁਲਾਂਕਣ ਦੇ ਨਤੀਜੇ ਕੁਝ ਦਿਨ ਪਹਿਲਾਂ ਘੋਸ਼ਿਤ ਕੀਤੇ ਗਏ, ਜਿਨ੍ਹਾਂ ਵਿੱਚ ਨਵਾਂਸ਼ਹਿਰ ਹਸਪਤਾਲ ਨੂੰ 86.96 ਫੀਸਦੀ ਅੰਕ ਪ੍ਰਾਪਤ ਹੋਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕੀ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਦਾ ਸਰਟੀਫਿਕੇਟ ਪ੍ਰਾਪਤ ਹੋਣ ਨਾਲ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਇਕ ਵੱਖਰੀ ਪਛਾਣ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਸਿਹਤ ਵਿਭਾਗ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੇਬਰ ਰੂਮ ਤੇ ਆਪਰੇਸ਼ਨ ਥੀਏਟਰ ਦੇ ਗੁਣਵੱਤਾਪੂਰਵਕ ਸੁਧਾਰਾਂ ਨਾਲ ਮਾਤਰੀ ਤੇ ਬਾਲ ਮੌਤ ਦਰ ਵਿਚ ਕਮੀ ਆਵੇਗੀ ਅਤੇ ਮਰੀਜ਼ਾਂ ਦਾ ਸਹੀ ਇਲਾਜ ਸਹੀ ਸਮੇਂ 'ਤੇ ਕੀਤਾ ਜਾ ਸਕੇਗਾ।
ਭਾਰਤ ਸਰਕਾਰ ਨੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੁਰੱਖਿਅਤ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤਾ ਹੋਇਆ ਹੈ। ਨੈਸ਼ਨਲ ਕੁਆਲਿਟੀ ਇਸ਼ੋਰੈਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿਹਤ ਸੰਸਥਾਵਾਂ ਦੀ 3 ਸਾਲਾਂ ਬਾਅਦ ਮੁੜ ਤੋਂ ਅਸੈਸਮੈਂਟ ਹੋਣੀ ਹੁੰਦੀ ਹੈ। ਭਾਰਤ ਸਰਕਾਰ ਦੇ ਕੇਂਦਰੀ ਸਿਹਤ ਮੰਤਰਾਲੇ, ਨਵੀਂ ਦਿੱਲੀ ਦੀ ਟੀਮ ਨੇ ਪਿਛਲੇ ਅਪ੍ਰੈਲ ਮਹੀਨੇ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ 16 ਵਿਭਾਗਾਂ ਵਿਚ ਸੁਰੱਖਿਅਤ ਤੇ ਮਿਆਰੀ ਦੇਖਭਾਲ ਲਈ ਨਿਰਧਾਰਿਤ ਵੱਖ-ਵੱਖ ਪੈਮਾਨਿਆਂ ਦੀ ਡੂੰਘਾਈ ਨਾਲ ਅਸੈਸਮੈਂਟ ਕੀਤੀ ਸੀ।
ਇਸ ਸਬੰਧੀ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਜਾਂਚਕਰਤਾਵਾਂ ਨੇ ਲਗਾਤਾਰ ਤਿੰਨ ਦਿਨ ਤੱਕ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਜਿਨ੍ਹਾਂ 16 ਵਿਭਾਗਾਂ ਦੀ ਅਸੈਸਮੈਂਟ ਕੀਤੀ ਸੀ, ਉਨ੍ਹਾਂ ਵਿਚ ਲੇਬਰ ਰੂਮ, ਮੈਟਰਨਟੀ ਆਪਰੇਸ਼ਨ ਥੀਏਟਰ, ਮੈਟਰਨਟੀ ਵਾਰਡ, ਪੋਸਟਪਾਰਟਮ ਯੂਨਿਟ, ਫਾਰਮੇਸੀ ਵਿੰਗ, ਲੈਬੋਰਟਰੀ, ਰੇਡੀਓਲਾਜੀ, ਐਮਰਜੈਂਸੀ ਵਾਰਡ, ਓ.ਪੀ.ਡੀ., ਆਈ.ਪੀ.ਡੀ, ਐੱਸ.ਐੱਨ.ਸੀ. ਯੂਨਿਟ, ਟਰਾਮਾ ਵਾਰਡ, ਪੇਡੀਐਟਰਿਕ ਵਾਰਡ, ਪ੍ਰਬੰਧਕੀ ਬਲਾਕ ਅਤੇ ਮੋਰਚਰੀ ਆਦਿ ਸ਼ਾਮਲ ਸਨ।
ਇਸ ਮੌਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਜ਼ਿਲ੍ਹਾ ਹਸਪਤਾਲ ਨੂੰ ‘ਕੁਆਲਿਟੀ ਪ੍ਰਮਾਣ ਪੱਤਰ’ ਮਿਲਣ ’ਤੇ ਸਮੂਹ ਮੈਡੀਕਲ ਅਫਸਰਾਂ, ਪੈਰਾ ਮੈਡੀਕਲ ਸਟਾਫ ਤੇ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਐੱਨ.ਕਿਊ.ਏ.ਐੱਸ. ਕੁਆਲਿਟੀ ਪ੍ਰਮਾਣ ਪੱਤਰ ਲਈ ਚੁਣੇ ਜਾਣ ਦਾ ਸਿਹਰਾ ਹਸਪਤਾਲ ਦੇ ਸਮੁੱਚੇ ਅਮਲੇ ਨੂੰ ਦਿੱਤਾ ਹੈ।
ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਦੀ ਅਸੈਸਮੈਟ ਵਿਚ ਸਹਿਯੋਗ ਦੇਣ ਲਈ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਤੇ ਏ.ਐੱਚ.ਏ. ਪੂਜਾ ਸਮੇਤ ਸਮੂਹ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਜ਼ਿਲ੍ਹਾ ਹਸਪਤਾਲ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰਮਾਣ ਪੱਤਰ ਲਈ ਚੁਣੇ ਜਾਣਾ ਇਸ ਦੀਆਂ ਮਾਨਵਤਾ ਪ੍ਰਤੀ ਬਿਹਤਰ ਸੇਵਾਵਾਂ ’ਤੇ ਮੋਹਰ ਹੈ।