ਰੂਸ-ਯੂਕਰੇਨ ਜੰਗ ‘ਚ ਮੌਤ ਦੇ ਮੂੰਹ ਵਿੱਚੋਂ ਪਰਤੇ ਨੌਜਵਾਨ ਨੇ ਦੱਸੀਆਂ ਰੂਹ ਕਬਾਊ ਗੱਲਾਂ
* ਘਰ ਕਦੇ ਗੁਲੇਲ ਨਹੀਂ ਸੀ ਚਲਾਈ, ਉਥੇ ਅਧੁਨਿਕ ਹਥਿਆਰ ਦੇ ਟਿੱਗਰ ‘ਤੇ ਰਹਿੰਦੀ ਸੀ ਉਂਗਲ
* ਲਾਸ਼ਾਂ ਦੇ ਢੇਰ ਵਿੱਚੋਂ ਲੰਘਦਿਆ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਡਰੋਨ ਨੇ ਹਮਲਾ ਕਰ ਦੇਣਾ
* 15 ਦਿਨ ਬਾਅਦ ਪੀਣ ਵਾਲਾ ਪਾਣੀ ਹੁੰਦਾ ਸੀ ਨਸੀਬ
* ਸੰਤ ਸੀਚੇਵਾਲ ਨਾ ਕਰਦੇ ਮੱਦਦ ਤਾਂ ਸਾਡੀਆਂ ਲਾਸ਼ਾਂ ਵੀ ਘਰ ਨਹੀਂ ਸੀ ਪੁਹੰਚਣੀਆਂ
ਜਲੰਧਰ, 06 ਅਗਸਤ 2025 - ਰੂਸ-ਯੂਕਰੇਨ ਜੰਗ ਦੌਰਾਨ ਵਰ੍ਹਦੀਆਂ ਗੋਲੀਆਂ ਵਿੱਚੋਂ ਜਾਨ ਬਚਾ ਕੇ ਵਾਪਸ ਪਰਤੇ ਪੰਜਾਬ ਦੇ ਨੌਜਵਾਨ ਨੇ ਆਪਣੀ ਹੱਡਬੀਤੀ ਦੱਸਦਿਆ ਲੂੰ-ਕੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਦਾ ਖੁਲਾਸਾ ਕੀਤਾ। ਸਾਲ 2024 ਨੂੰ ਅਪ੍ਰੈਲ ਦੇ ਮਹੀਨੇ ਰੂਸ ਗਏ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਦੋ ਹਫ਼ਤਿਆਂ ਦੀ ਫੌਜੀ ਸਿਖਲਾਈ ਤੋਂ ਬਾਅਦ ਉਨਾ ਨੂੰ ਸਿੱਧਾ ਯੂਕਰੇਨ ਸਰਹੱਦ ‘ਤੇ ਜੰਗ ਲੜਨ ਲਈ ਭੇਜ ਦਿੱਤਾ। ਇਸ ਨੌਜਵਾਨ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਮੱਦਦ ਨਾ ਕਰਦੇ ਤਾਂ ਉਨ੍ਹਾਂ ਦੀਆਂ ਲਾਸ਼ਾਂ ਵੀ ਸ਼ਾਇਦ ਘਰਾਂ ਵਿੱਚ ਨਹੀਂ ਸੀ ਪਹੁੰਚਣੀਆਂ। ਸਰਬਜੀਤ ਸਿੰਘ ਨੇ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਮਾਪੇ ਸਮਝੇ ਹਨ ਉਨ੍ਹਾਂ ਦੇ ਪੁੱਤ ਦਾ ਦੁਬਾਰਾ ਜਨਮ ਹੋਇਆ ਹੈ।
ਇਹ ਨੌਜਵਾਨ ਉਥੇ ਲਾਪਤਾ 14 ਭਾਰਤੀਆਂ ਦੀ ਤਲਾਸ਼ ਕਰਨ ਵਾਸਤੇ ਮੁੜ ਮਾਸਕੋ ਜਾ ਰਿਹਾ ਹੈ ਤਾਂ ਜੋ ਉਥੇ ਫੌਜੀ ਟਿਕਾਣਿਆ ਤੋਂ ਲਾਪਤਾ ਭਾਰਤੀਆਂ ਦੀ ਨਿਸ਼ਾਨਦੇਹੀ ਹੋ ਸਕੇ।
ਸਰਬਜੀਤ ਸਿੰਘ ਉਥੇ 8 ਮਹੀਨੇ ਤੋਂ ਵੱਧ ਸਮਾਂ ਰਹਿ ਕੇ ਆਇਆ ਹੈ ਤੇ ਉਸ ਨੂੰ ਬਹੁਤ ਸਾਰੇ ਸ਼ਹਿਰਾਂ ਬਾਰੇ ਜਾਣਕਾਰੀ ਹੈ। ਸਰਬਜੀਤ ਸਿੰਘ ਦੱਸਿਆ ਕਿ ਉਹ ਕੁਲ 18 ਜਣੇ ਸਨ ਜਿੰਨਾ ਨੂੰ ਟ੍ਰੈਵਲ ਏਜੰਟ ਨੇ ਕੋਰੀਅਰ ਦਾ ਕੰਮ ਕਰਨ ਲਈ ਮਾਸਕੋ ਭੇਜਿਆ ਸੀ। ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਏਅਰਪੋਰਟ ‘ਤੇ ਉਤਰਦਿਆ ਕਾਬੂ ਕਰ ਲਿਆ ਗਿਆ ਤੇ ਇੱਕ ਬਿਲਡਿੰਗ ਵਿੱਚ ਲੈ ਗਏ। ਉਥੇ ਦਸਤਾਵੇਜ ਤਿਆਰ ਕਰਨ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ 15 ਦਿਨਾਂ ਦੀ ਫੌਜੀ ਸਿਖਲਾਈ ਮਗਰੋਂ ਰੂਸ ਯੂਕਰੇਨ ਦੀ ਚੱਲ ਰਹੀ ਜੰਗ ਵਿੱਚ ਝੋਕ ਦਿੱਤਾ ਗਿਆ ਜਿਸਦਾ ਉਹਨਾਂ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀ ਸੀ।
ਉਥੇ ਕਦੇਂ ਗੱਡੀਆਂ ਵਿੱਚ ਲੈ ਜਾਂਦੇ ਸਨ ਤੇ ਕਦੇਂ ਕਈ-ਕਈ ਕਿਲੋਮੀਟਰ ਤੱਕ ਤੋਰ ਕੇ ਲੈਜਾਇਆ ਜਾਂਦਾ ਸੀ। ਉਥੇ ਪੰਜ-ਪੰਜ ਜਣਿਆਂ ਦੀਆਂ ਟੀਮਾਂ ਬਣਾ ਦਿੱਤੀਆਂ । ਫੋਜੀ ਵਰਦੀ ਪੁਆ ਕੇ ਅਸਲ੍ਹੇ ਨਾਲ ਲੱਦ ਦਿੱਤਾ। ਉਸਨੇ ਦੱਸਿਆ ਕਿ ਜਦੋਂ ਯੂਕਰੇਨ ਵਿੱਚ ਅੱਗੇ ਵੱਧਦੇ ਸੀ ਤਾਂ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ। ਸਰਬਜੀਤ ਨੇ ਦੱਸਿਆ ਕਿ ਏਨਾ ਲਾਸ਼ਾਂ ਵਿੱਚ ਕਈ ਭਾਰਤੀ ਵੀ ਸਨ ਤੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨਾਂ ਦੀਆਂ ਲਾਸ਼ਾਂ ਸਨ।
ਸਰਬਜੀਤ ਸਿੰਘ ਨੇ ਦੱਸਿਆ ਕੇ ਉਹਨਾਂ ਨੂੰ ਕਈ-ਕਈ ਦਿਨ ਪਾਣੀ ਵੀ ਪੀਣਾ ਨਸੀਬ ਨਹੀ ਸੀ ਹੁੰਦਾ ਤੇ ਨਾ ਹੀ ਰੋਟੀ ਸਮੇਂ ਸਿਰ ਮਿਲਦੀ ਸੀ। ਇੱਕ ਵਾਰ ਤਾਂ ਉਹ ਏਨਾ ਤੰਗ ਆ ਗਿਆ ਸੀ ਕਿ ਉਸ ਨੇ ਹੈਂਡ ਗ੍ਰੇਨਡ ਦੀ ਪਿੰਨ ਕੱਢਕੇ ਖੁਦ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਉਸਨੇ ਦੱਸਿਆ ਕਿ ਉੱਥੇ ਜੰਗ ਦੇ ਮਾਹੌਲ ਵਿੱਚ ਕਿਧਰੋਂ ਗੋਲੀ ਜਾਂ ਬੰਬ ਆ ਡਿੱਗਦਾ ਸੀ ਕੁੱਝ ਵੀ ਨਹੀ ਸੀ ਪਤਾ ਲਗਦਾ। ਸਰਬਜੀਤ ਸਿੰਘ ਨੇ ਦੱਸਿਆ ਕਿ ਜੰਗ ਦੌਰਾਨ ਉਸ ਨੇ ਜਿੰਦਗੀ ਵਿੱਚ ਪਹਿਲੀਵਾਰ ਮੌਤ ਏਨੀ ਨੇੜੇਓ ਤੱਕਿਆ ਸੀ।
*ਬਾਕਸ ਆਈਟਿਮ*
ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਚੱਲ ਰਹੇ ਮੌਨਸੂਨ ਦੇ ਪਾਰਲੀਮੈਂਟ ਸ਼ੈਸ਼ਨ ਦੌਰਾਨ ਰੂਸ ਵਿੱਚ ਫਸੇ ਇਹਨਾਂ ਭਾਰਤੀਆਂ ਦੀ ਸਹਾਇਤਾ ਲਈ ਹਰ ਤਰ੍ਹਾਂ ਨਾਲ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ ਤੇ ਸਰਕਾਰ ਪਾਸੋਂ ਇਹਨਾਂ ਦੀ ਮਦੱਦ ਲਈ ਵੀ ਗੁਹਾਰ ਲਾ ਰਹੇ ਹਨ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਪੁਛੇ ਸਵਾਲ ਰਾਹੀ ਉਹਨਾਂ ਦੱਸਿਆ ਸੀ ਕਿ ਰੂਸ ਆਰਮੀ ਵਿੱਚ 13 ਵਿੱਚੋਂ ਅਜੇ ਵੀ 12 ਭਾਰਤੀ ਲਾਪਤਾ ਹਨ। ਜਿਹਨਾਂ ਦੀ ਭਾਲ ਲਈ ਮੰਤਰਾਲਾ ਯਤਨ ਕਰ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੂਸ ਵਿੱਚ ਫਸੇ ਭਾਰਤੀਆਂ ਦੀ ਸਰੱਖਿਅਤ ਵਾਪਸੀ ਕਰਵਾਏ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਲੰਘੀ ਫਰਵਰੀ ਵਿੱਚ ਦੋ ਜਣਿਆਂ ਨੂੰ ਰੂਸ ਜਾਣ ਦੀਆਂ ਟਿਕਟਾਂ ਵੀ ਲੈ ਕੇ ਦਿੱਤੀਆਂ ਸਨ ਤਾਂ ਜੋ ਉਹ ਆਪਣਿਆਂ ਦੀ ਭਾਲ ਕਰ ਸਕਣ। ਮਾਸਕੋ ਵਿਚਲੇ ਭਾਰਤੀ ਦੂਤਾਵਾਸ ਨੂੰ ਵੀ ਪੱਤਰ ਲਿਖਕੇ ਏਨਾ ਪਰਿਵਾਰਾਂ ਦੀ ਮੱਦਦ ਕਰਨ ਲਈ ਕਿਹਾ ਗਿਆ ਹੈ।