ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ”:ਗੁਰੂ ਘਰਾਂ, ਸਕੂਲਾਂ ਤੇ ਸਾਂਝੀਆਂ ਥਾਂਵਾਂ ‘ਤੇ ਚੈਕਿੰਗ ਅਤੇ ਜਾਗਰੂਕਤਾ
ਅਸ਼ੋਕ ਵਰਮਾ
ਨਥਾਣਾ, 25 ਜੁਲਾਈ 2025 :ਸਿਹਤ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਯੋਗ ਅਗਵਾਈ ਹੇਠ ਬਲਾਕ ਨਥਾਣਾ ਅਧੀਨ ਪੈਂਦੇ ਸਮੂਹ ਧਾਰਮਿਕ, ਇਤਿਹਾਸਕ ਤੇ ਸਰਵਜਨਿਕ ਥਾਵਾਂ ’ਤੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਵਿਚ ਪਿੰਡਾਂ ਵਿਚ ਗੁਰਦੁਆਰਾ ਸਾਹਿਬ, ਡੇਰਾ ਅਸਥਾਨਾਂ, ਸਕੂਲਾਂ ਅਤੇ ਹੋਰ ਸਾਂਝੀਆਂ ਥਾਂਵਾਂ ‘ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਡਾ. ਸਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ ਵਿੱਚ ਡੇਂਗੂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲਾਰਵਾ ਨਸ਼ਟ ਕਰਨਾ ਹੈ।
ਇਸ ਕ੍ਰਮ ਅੰਦਰ ਸਬ-ਸੈਂਟਰ ਟੀਮ ਪੂਹਲਾ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਸਕੂਲ ਵਿੱਚ ਡੇਂਗੂ ਲਾਰਵਾ ਦੀ ਜਾਂਚ ਕੀਤੀ।ਟੀਮ ਨੇ ਪਾਣੀ ਵਾਲੀਆਂ ਟੈਂਕੀਆਂ, ਗਮਲੇ, ਕੂਲਰ ਤੇ ਫਰਿੱਜ ਦੀਆਂ ਟਰੇਆਂ ਆਦਿ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਕਈ ਥਾਵਾਂ ਉੱਤੇ ਖੜਿਆ ਹੋਇਆ ਪਾਣੀ ਤੁਰੰਤ ਸਾਫ਼ ਕਰਵਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਨਾਲ ਵੀ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਵੱਲੋਂ ਬੱਚਿਆਂ ਨੂੰ ਡੇਂਗੂ ਦੇ ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਉਹ ਆਪਣੇ ਘਰਾਂ ਵਿੱਚ ਵੀ ਸਫਾਈ ਨੂੰ ਯਕੀਨੀ ਬਣਾਉਣ ਅਤੇ ਡੇਂਗੂ ਰੋਕਥਾਮ ਸਬੰਧੀ ਸੁਝਾਅ ਆਪਣੇ ਪਰਿਵਾਰਕ ਮੈਂਬਰਾਂ ਤੱਕ ਵੀ ਪਹੁੰਚਾਉਣ।
ਉਨ੍ਹਾਂ ਦੱਸਿਆ ਕਿ “ਡੇਂਗੂ ਤੇ ਵਾਰ” ਮੁਹਿੰਮ ਅਗਲੇ ਹਫ਼ਤਿਆਂ ਤੱਕ ਲਗਾਤਾਰ ਜਾਰੀ ਰਹੇਗੀ ਅਤੇ ਡੇਂਗੂ ’ਤੇ ਨਿਯੰਤਰਣ ਪਾਉਣ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ ਤਾਂ ਇਸ ਮੁਹਿੰਮ ਵਿਚ ਲੋਕ ਆਪਣਾ ਵੱਧ ਤੋਂ ਵੱਧ ਸਾਥ ਦੇਣ। ਬੁਖਾਰ ਜਾਂ ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਤੋਂ ਆਪਣੀ ਜਾਂਚ ਯਕੀਨੀ ਬਣਾਓ। ਇਸ ਮੌਕੇ ਸੀ.ਐਚ.ਓ ਹਰਮਿੰਦਰ ਕੌਰ, ਸਿਹਤ ਕਰਮੀ ਲਛਮਣ ਸਿੰਘ ਤੇ ਸੁਧਾ ਰਾਣੀ ਸਮੇਤ ਆਸ਼ਾ ਵਰਕਰਾਂ ਹਾਜ਼ਰ ਸਨ।