ਮੁਕਾਬਲੇ ਦੌਰਾਨ 3 ਗੈਂਗਸਟਰ ਕਾਬੂ
ਗੈਂਗਸਟਰ ਵਲੋਂ ਅੰਮ੍ਰਿਤਸਰ ਵਿਖੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਰੂਪਨਗਰ, 25 ਜੁਲਾਈ: ਰੂਪਨਗਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਖੰਡਰ ਇਮਾਰਤ ਵਿੱਚ ਛਿਪੇ ਹੋਏ 3 ਗੈਂਗਸਟਰਾਂ ਨੂੰ ਫਾਈਰਿੰਗ ਮੁਕਾਬਲੇ ਦੌਰਾਨ ਕਾਬੂ ਕੀਤਾ, ਜਿਨ੍ਹਾਂ ਵੱਲੋਂ 4 ਜੁਲਾਈ, 2025 ਨੂੰ ਅੰਮ੍ਰਿਤਸਰ (ਰੂਰਲ) ਵਿਖੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ/ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਅਧੀਨ ਕਪਤਾਨ ਪੁਲਿਸ (ਡਿਟੈਕਟਿਵ) ਗੁਰਦੀਪ ਸਿੰਘ ਗੋਸਲ, ਉਪ ਕਪਤਾਨ ਪੁਲਿਸ (ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ) ਅਜੇ ਸਿੰਘ ਦੀ ਅਗਵਾਈ ਹੇਠ ਇੰਚਾਰਜ ਸੀ.ਆਈ.ਏ. ਰੂਪਨਗਰ ਇੰਸਪੈਕਟਰ ਮਨਫੂਲ ਸਿੰਘ ਅਤੇ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੇ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ।
ਉਨ੍ਹਾਂ ਦੱਸਿਆ ਕੀ ਜਦੋਂ ਇੰਚਾਰਜ ਸੀ.ਆਈ.ਏ. ਰੂਪਨਗਰ ਨੂੰ ਭਿੰਡਰ ਨਗਰ ਏਰੀਏ ਵਿੱਚ ਸਤਲੁਜ ਦਰਿਆ ਵਾਲੀ ਸਾਈਡ ਵੱਲ ਇਕ ਖੰਡਰ ਇਮਾਰਤ ਵਿਚ ਤਿੰਨ ਅਪਰਾਧ ਪਿਛੋਕੜ ਵਾਲੇ ਵਿਅਕਤੀ ਛੁਪੇ ਹੋਣ ਦੀ ਸੂਚਨਾ ਮਿਲੀ, ਜਿਸ ‘ਤੇ ਦੋਨਾਂ ਟੀਮਾਂ ਵਲੋਂ ਮਿਲ ਕੇ ਖੰਡਰ ਇਮਾਰਤ ਨੂੰ ਘੇਰਾ ਪਾਇਆ ਗਿਆ ਤਾਂ ਕਰੀਬ 01.30 ਵਜੇ ਦੇ ਬਿਲਡਿੰਗ ਦੇ ਅੰਦਰੋਂ ਇੱਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜੋ ਪੁਲੀਸ ਪਾਰਟੀ ਦੀ ਗੱਡੀ ਬਲੈਰੋ ਵਿੱਚ ਵੱਜੇ। ਪੁਲਿਸ ਪਾਰਟੀ ਵਲੋਂ ਜਵਾਬੀ ਕਾਰਵਾਈ ਦੌਰਾਨ ਫਾਈਰਿੰਗ ਕੀਤੀ ਗਈ ਅਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਦੌਰਾਨੇ ਮੁੱਠਭੇੜ ਕਾਬੂ ਕੀਤਾ ਗਿਆ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਗੈਂਗਸਟਰਾਂ ਦੇ ਨਾਮ ਗੁਰਵਿੰਦਰ ਸਿੰਘ ਉਰਫ਼ ਭੋਲਾ ਵਾਸੀ ਪਿੰਡ ਚੰਨਣਕੇ ਥਾਣਾ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਨਵਤੇਜ ਸਿੰਘ ਉਰਫ ਤੇਜੀ ਵਾਸੀ ਪਿੰਡ ਜੱਬੋਵਾਲ ਥਾਣਾ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਸਰਾਂ ਥਾਣਾ ਮੱਤੇਵਾਲ ਜ਼ਿਲ੍ਹਾ ਅੰਮ੍ਰਿਤਸਰ ਹਨ।
ਉਨ੍ਹਾਂ ਦੱਸਿਆ ਕਿ ਹੋਈ ਫਾਈਰਿੰਗ ਦੌਰਾਨ ਗੁਰਵਿੰਦਰ ਸਿੰਘ ਉਰਫ਼ ਭੋਲਾ ਦੇ ਸੱਜੇ ਪੱਟ ਵਿੱਚ ਗੋਲੀ ਲੱਗੀ ਹੋਈ ਸੀ, ਜਿਸਨੂੰ ਇਲਾਜ ਲਈ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭੇਜਿਆ ਗਿਆ ਸੀ, ਜੋ ਹੁਣ ਜੇਰੇ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 93 ਮਿਤੀ 25.07.2025 ਅ/ਧ 109, 3(5) ਬੀਐਨਐਸ & 25-54-50 ਆਰਮਜ਼ ਐਕਟ ਥਾਣਾ ਨੂਰਪੁਰ ਬੇਦੀ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਪਾਸੋਂ ਇਕ 9 ਐਮਐਮ ਗਲੋਕ ਪਿਸਟਲ ਸਮੇਤ ਮੈਗਜ਼ੀਨ, 01 ਜਿੰਦਾ ਕਾਰਤੂਸ ਅਤੇ 03 ਖੋਲ ਬਰਾਮਦ ਕੀਤੇ ਗਏ।
ਐੱਸਐੱਸਪੀ ਰੂਪਨਗਰ ਨੇ ਦੱਸਿਆ ਕਿ ਹੁਣ ਤੱਕ ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਦੋਸ਼ੀਆਂ ਨੇ 04 ਜੁਲਾਈ 2025 ਨੂੰ ਜੁਗਰਾਜ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਪਿੰਡ ਚੰਨਣਕੇ ਥਾਣਾ ਮਹਿਤਾ ਚੌਂਕ ਜਿਲ੍ਹਾ ਅੰਮ੍ਰਿਤਸਰ (ਰੂਰਲ) ਉਮਰ ਕਰੀਬ 28 ਸਾਲ ਦਾ ਵਕਤ ਕਰੀਬ 7.45 ਵਜੇ ਦੇ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਚੰਨਣਕੇ ਦੇ ਗੇਟ ਦੇ ਸਾਹਮਣੇ ਪਿੰਡ ਚੰਨਣਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਵੱਖ-ਵੱਖ ਥਾਂਵਾ ਤੋਂ ਹੁੰਦੇ ਹੋਏ ਜ਼ਿਲ੍ਹਾ ਰੂਪਨਗਰ ਵਿੱਚ ਛਿਪ ਗਏ ਸਨ ਅਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਫੜਨ ਲਈ ਨਿਰੰਤਰ ਛਾਪੇਮਾਰੀ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 76 ਮਿਤੀ 04.07.2025 ਅ/ਧ 103(1), 3(5), ਬੀਐਨਐਸ-2023, 25/54/59 ਆਰਮਜ਼ ਐਕਟ ਥਾਣਾ ਮਹਿਤਾ ਅੰਮ੍ਰਿਤਸਰ (ਰੂਰਲ) ਦਰਜ ਰਜਿਸਟਰ ਹੈ ਅਤੇ ਇਹ ਵਿਅਕਤੀ ਮੁਕੱਦਮੇ ਵਿਚ ਲੋੜੀਂਦੇ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਨ੍ਹਾ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।