ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਸੜਕ ਦੇ ਨਵੀਨੀਕਰਨ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
8.28 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਕਾਹਨੂੰਵਾਨ ਤੋਂ ਘੋੜੇਵਾਹ ਤੱਕ ਸੜਕ - ਜਗਰੂਪ ਸਿੰਘ ਸੇਖਵਾਂ
ਰੋਹਿਤ ਗੁਪਤਾ
ਕਾਹਨੂੰਵਾਨ/ਗੁਰਦਾਸਪੁਰ, 25 ਜੁਲਾਈ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਪ੍ਰੋਜੈਕਟ ਲਈ ਜਿੱਥੇ ਪਹਿਲਾਂ ਹੀ 25.98 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ਓਥੇ ਹੁਣ 8.28 ਕਰੋੜ ਰੁਪਏ ਦੀ ਲਾਗਤ ਨਾਲ ਕਾਹਨੂੰਵਾਨ ਤੋਂ ਵਾਇਆ ਚੱਕ ਯਕੂਬ, ਜਾਗੋਵਾਲ ਭੱਟੀਆਂ ਰਾਹੀਂ ਘੋੜੇਵਾਹ ਤੱਕ ਸੜਕ ਦੇ ਨਵੀਨੀਕਰਨ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਕਾਹਨੂੰਵਾਨ ਤੋਂ ਵਾਇਆ ਚੱਕ ਯਕੂਬ, ਜਾਗੋਵਾਲ ਭੱਟੀਆਂ ਰਾਹੀਂ ਘੋੜੇਵਾਹ ਤੱਕ ਸੜਕ ਦੇ ਪ੍ਰੋਜੈਕਟ ਉੱਪਰ 8.28 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਦਕਿ 5 ਸਾਲ ਤੱਕ ਇਸ ਸੜਕ ਦੇ ਰੱਖ-ਰਖਾਅ ਲਈ 73.68 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਇਸ ਪ੍ਰੋਜੈਕਟ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਟੈਕਨੀਕਲ ਅਪਰੂਵਲ ਜਾਰੀ ਕਰ ਦਿੱਤੀ ਗਈ ਹੈ ਅਤੇ ਟੈਂਡਰ ਪ੍ਰੀਕ੍ਰਿਆ ਪੂਰੀ ਹੋਣ ਤੋਂ ਬਾਅਦ ਜਲਦੀ ਹੀ ਇਸ ਸੜਕ ਦੇ ਨਵੀਨੀਕਰਨ ਪ੍ਰੋਜੈਕਟ ਉੱਪਰ ਕੰਮ ਸ਼ੁਰੂ ਹੋ ਜਾਵੇਗਾ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਬਣਨ ਵਾਲੀਆਂ ਇਹ ਸੜਕਾਂ ਸਿਰਫ਼ ਆਵਾਜਾਈ ਲਈ ਨਹੀਂ, ਸਗੋਂ ਇਲਾਕੇ ਦੀ ਆਰਥਿਕਤਾ ਅਤੇ ਸਥਾਨਕ ਵਿਕਾਸ ਲਈ ਇੱਕ ਨਵੀਂ ਰਾਹਦਾਰੀ ਸਾਬਤ ਹੋਣਗੀਆਂ।