ਬਿਕਰਮ ਸਿੰਘ ਮਜੀਠੀਆ ਖਿਲਾਫ ਸਬੂਤ ਇਕੱਠੇ ਕਰਨ ਵਿਚ ਫੇਲ੍ਹ ਹੋਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਝੂਠੇ ਸਬੂਤ ਤਿਆਰ ਕਰਨ ’ਚ ਜੁਟੇ: ਅਕਾਲੀ ਦਲ
ਮਜੀਠੀਆ ਖਿਲਾਫ ਤੀਜਾ ਝੂਠਾ ਕੇਸ ਦਰਜ ਕਰਨ ਦਾ ਖਦਸ਼ਾ ਪ੍ਰਗਟਾਇਆ
ਚੰਡੀਗੜ੍ਹ, 25 ਜੁਲਾਈ 2025 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਹਾਲ ਹੀ ਵਿਚ ਦਰਜ ਕੀਤੇ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ ਵਿਚ ਸਬੂਤ ਜੁਟਾਉਣ ਵਿਚ ਫੇਲ੍ਹ ਹੋਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਝੂਠੇ ਸਬੂਤ ਤਿਆਰ ਕਰਨ ਵਿਚ ਜੁੱਟ ਗਏ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਘਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਆਪਣੇ ਕੀਤੇ ਦਾਅਵੇ ਕਿ ਮਜੀਠੀਆ ਕੋਲੋਂ 29 ਮੋਬਾਈਲ ਫੋਨ ਬਰਾਮਦ ਹੋਏ 141 ਕਰੋੜ ਰੁਪਏ ਦਾ ਲੈਣ ਦੇਣ ਹੋਇਆ,540 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ ਹਿਮਾਚਲ ਪ੍ਰਦੇਸ਼ ਵਿਚ 1000 ਏਕੜ ਜ਼ਮੀਨ ਹੈ, ਦੇ ਹੱਕ ਵਿਚ ਸਬੂਤ ਨਹੀਂ ਜੁਟਾ ਸਕੀ। ਹੁਣ ਵਿਜੀਲੈਂਸ ਨੇ ਗੈਰ ਕਾਨੂੰਨੀ ਤੌਰ ’ਤੇ ਲੋਕਾਂ ਨੂੰ ਚੁੱਕਣ ਤੇ ਉਹਨਾਂ ਨੂੰ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਦਾਹਰਣ ਦਿੰਦਿਆਂ ਉਹਨਾਂ ਦੱਸਿਆ ਕਿ ਜੀ ਐਸ ਬੈਂਸ ਨਾਂ ਦੇ ਐਸ ਪੀ ਨੇ ਬਲਵਿੰਦਰ ਸਿੰਘ ਤੇ ਉਹਨਾਂ ਦੇ ਜੀਜਾ ਮਨਜਿੰਦਰ ਸਿੰਘ ਨੂੰ 21 ਜੁਲਾਈ ਨੂੰ ਅੰਮ੍ਰਿਤਸਰ ਤੋਂ ਚੁੱਕਿਆ।