ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ
ਰਮਨ ਬਹਿਲ ਨੇ ਆਈ.ਟੀ.ਆਈ ਦੀਆਂ 17 ਸਿਖਿਆਰਥਣਾਂ ਨੂੰ ਜਾਬ ਆਫ਼ਰ ਲੈਟਰ ਵੰਡੇ
ਰੋਹਿਤ ਗੁਪਤਾ
ਗੁਰਦਾਸਪੁਰ, 25 ਜੁਲਾਈ - ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਸਿਖਿਆਰਥਣਾਂ ਵੱਲੋਂ ਅੱਜ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਤੀਆਂ ਦੇ ਉਤਸਵ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ।
ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਦੀਆਂ ਸਿਖਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਧੀਆਂ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਉਹ ਖ਼ੂਬਸੂਰਤ ਰੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਰੂਹ ਧੜਕਦੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਜਿੱਥੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਪੰਜਾਬ ਦੇ ਰਿਵਾਇਤੀ ਤਿਉਹਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਸਾਡੀਆਂ ਧੀਆਂ ਨੇ ਤੀਆਂ ਦਾ ਤਿਉਹਾਰ ਮਨਾ ਕੇ ਇੱਕ ਵਾਰ ਫਿਰ ਰੰਗਲੇ ਪੰਜਾਬ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਹੈ, ਜਿਸ ਲਈ ਸਮੂਹ ਸਿਖਿਆਰਥਣਾਂ ਅਤੇ ਸਟਾਫ਼ ਵਧਾਈ ਦਾ ਹੱਕਦਾਰ ਹੈ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਦੀਆਂ 17 ਲੜਕੀਆਂ ਨੂੰ ਵੱਖ-ਵੱਖ ਨਾਮੀਂ ਕੰਪਨੀਆਂ ਵਿੱਚ ਚੋਣ ਹੋਣ ਉਪਰੰਤ ਜਾਬ ਆਫ਼ਰ ਲੈਟਰ ਵੀ ਤਕਸੀਮ ਕੀਤੇ। ਸਿਖਿਆਰਥਣਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਹੁਨਰਮੰਦ ਹੋਣਾ ਸਭ ਤੋਂ ਜ਼ਰੂਰੀ ਹੈ ਅਤੇ ਹੁਨਰਮੰਦ ਵਿਅਕਤੀ ਜ਼ਿੰਦਗੀ ਵਿੱਚ ਕਦੀ ਪਿੱਛੇ ਨਹੀਂ ਰਹਿੰਦਾ। ਇਸ ਮੌਕੇ ਆਈ.ਟੀ.ਆਈ. ਦੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਾਣਾ ਅਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਬਹਿਲ ਨੇ ਆਈ.ਟੀ.ਆਈ. ਵਿੱਚ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦਾ ਸੁਨੇਹਾ ਵੀ ਦਿੱਤਾ।
ਇਸ ਮੌਕੇ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਾਣਾ ਨੇ ਦੱਸਿਆ ਕਿ ਆਈ.ਟੀ.ਆਈ. ਵਿੱਚ 8 ਵੱਖ-ਵੱਖ ਟਰੇਡਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਪਰੇਟਰ ਪ੍ਰੋਗਰਾਮਿੰਗ ਅਸਿਸਟੈਂਟ, ਕੰਪਿਊਟਰ ਹਾਰਡਵੇਅਰ, ਫ਼ੈਸ਼ਨ ਟੈਕਨੌਲੋਜੀ, ਕੋਸਮੈਟੋਲੀਜੀ, ਇਲੈੱਕਟ੍ਰਾਨਿਕ, ਡਰੈੱਸ ਮੇਕਿੰਗ ਸਿਲਾਈ ਅਤੇ ਕਢਾਈ ਦੀਆਂ ਟਰੇਡਾਂ ਵਿੱਚ 8ਵੀਂ ਅਤੇ 10ਵੀਂ ਪਾਸ ਵਿਦਿਆਰਥਣਾਂ ਦਾਖਲਾ ਲੈ ਸਕਦੀਆਂ ਹਨ ਅਤੇ ਦਾਖਲਾ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਮੈਰਿਟ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਟਰੇਡਾਂ ਦੇ ਦਾਖ਼ਲੇ ਲਈ ਦੋ ਕੌਂਸਲਿੰਗ ਹੋ ਚੁੱਕੀਆਂ ਹਨ ਅਤੇ ਅਗਲੇ ਮਹੀਨੇ ਤੱਕ ਦਾਖਲਾ ਜਾਰੀ ਰਹੇਗਾ। ਉਨ੍ਹਾਂ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਦਾਖ਼ਲਾ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਸ਼ਹਿਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।