ਪੁਲਿਸ ਵੱਲੋਂ 04 ਪਿਸਟਲ, 07 ਮੈਗਜ਼ੀਨ ਅਤੇ 52 ਰੌਂਦਾਂ ਸਮੇਤ 02 ਆਰੋਪੀ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ, 25 ਜੁਲਾਈ- ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਘੁੰਮਣ ਕਲਾਂ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ 2 ਆਰੋਪੀਆਂ ਨੂੰ 04 ਪਿਸਟਲ, 07 ਮੈਗਜ਼ੀਨ ਅਤੇ 52 ਰੌਂਦਾਂ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਸ੍ਰੀ ਆਦਿੱਤਯ, ਆਈ.ਪੀ.ਐੱਸ. ਨੇ ਦੱਸਿਆ ਕਿ ਸ੍ਰੀ ਗੌਰਵ ਯਾਦਵ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਨਾਨਕ ਸਿੰਘ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਥਾਣਾ ਘੁੰਮਣ ਕਲਾਂ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ ਗਸ਼ਤ ਦੌਰਾਨ ਸ਼ੱਕ ਦੇ ਅਧਾਰ 'ਤੇ ਇੱਕ ਵਿਅਕਤੀ ਜਿਸ ਦਾ ਨਾਲ ਬੌਬੀ ਸੀ ਨੂੰ ਕਾਬੂ ਕਰਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 02 ਰੌਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਆਰੋਪੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 47 ਮਿਤੀ 22 ਜੁਲਾਈ 2025, ਜੁਰਮ 25-54-59 ਅਸਲਾ ਐਕਟ ਤਹਿਤ ਥਾਣਾ ਘੁੰਮਣ ਕਲਾਂ ਵਿਖੇ ਦਰਜ ਕੀਤਾ ਗਿਆ।
ਐੱਸ.ਐੱਸ.ਪੀ. ਸ੍ਰੀ ਆਦਿੱਤਯ ਨੇ ਦੱਸਿਆ ਕਿ ਉਕਤ ਆਰੋਪੀ ਕੋਲੋਂ ਪੁੱਛ-ਗਿੱਛ ਕਰਨ 'ਤੇ ਉਸਨੇ ਫ਼ਰਦ ਇੰਕਸ਼ਾਫ਼ ਕੀਤਾ ਕਿ ਇਹ ਪਿਸਟਲ ਉਸਨੇ ਰਿਸ਼ਭ ਉਰਫ਼ ਰਿਸ਼ੂ ਵਾਸੀ ਅੰਮ੍ਰਿਤਸਰ ਕੋਲੋਂ ਲਿਆ ਸੀ, ਜੋ ਉਕਤ ਮੁਕੱਦਮਾ ਵਿੱਚ ਅਰੋਪੀ ਬੌਬੀ ਦੇ ਬੈਕਵਰਡ ਲਿੰਕ ਰਿਸ਼ਭ ਉਰਫ਼ ਰਿਸ਼ੂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 03 ਪਿਸਟਲ 32 ਬੋਰ, 06 ਮੈਗਜ਼ੀਨ ਅਤੇ 50 ਰੌਂਦ ਬਰਾਮਦ ਕੀਤੇ ਗਏ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਬੌਬੀ ਦੇ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਲੜਾਈ-ਝਗੜੇ ਦੇ 02 ਵੱਖ-ਵੱਖ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਪੀ. ਹੈੱਡ ਕੁਆਟਰ ਸ੍ਰੀ ਜੁਗਰਾਜ ਸਿੰਘ, ਡੀ.ਐੱਸ.ਪੀ. (ਡੀ.) ਸ੍ਰੀ ਗੁਰਵਿੰਦਰ ਸਿੰਘ, ਡੀ.ਐੱਸ.ਪੀ. (ਸਿਟੀ) ਮਨਮੋਹਨ ਸਿੰਘ, ਸ੍ਰੀ ਅਜੇ ਕੁਮਾਰ, ਐੱਸ.ਐੱਚ.ਓ. ਘੁੰਮਣ ਕਲਾਂ ਸਬ ਇੰਸਪੈਕਟਰ ਸ੍ਰੀ ਜਗਦੀਸ਼ ਸਿੰਘ, ਸਪੈਸ਼ਲ ਬਰਾਂਚ ਇੰਸਪੈਕਟਰ ਸ੍ਰੀ ਰਾਕੇਸ਼ ਕੁਮਾਰ, ਸ੍ਰੀ ਨਰੇਸ਼ ਕੁਮਾਰ ਵੀ ਹਾਜ਼ਰ ਸਨ।