ਸੰਗਰੂਰ ਰੈਲੀ ਲਈ ਕਿਸਾਨਾਂ, ਮਜਦੂਰਾਂ, ਵਿਦਿਆਰਥੀਆਂ ਦਾ ਜਥਾ ਰਵਾਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਜੁਲਾਈ 2025 ਅੱਜ ਸੰਗਰੂਰ ਵਿਖੇ ਪੁਲਸ ਰਾਜ ਵਿਰੁੱਧ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਸ਼ਾਮਲ ਹੋਣ ਲਈ ਸੈਂਕੜੇ ਕਿਸਾਨਾਂ, ਮਜਦੂਰਾਂ ,ਔਰਤਾਂ ਅਤੇ ਵਿਦਿਆਰਥੀਆਂ ਦਾ ਕਾਫਲਾ ਪਿੰਡ ਉੜਾਪੜ ਤੋਂ ਰਵਾਨਾ ਹੋਇਆ। ਪਹਿਲਾਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਹਿੱਸਿਆਂ ਚੋਂ ਕਿਸਾਨ, ਉਸਾਰੀ ਮਜਦੂਰ, ਆਟੋ ਵਰਕਰ , ਪੇਂਡੂ ਅਤੇ ਖੇਤ ਮਜਦੂਰ, ਵਿਦਿਆਰਥੀ ,ਔਰਤਾਂ ਅਤੇ ਨੌਜਵਾਨ ਉੜਾਪੜ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ।ਇਸ ਮੌਕੇ ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ,ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਆਟੋ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ,ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕਿਰਨਜੀਤ ਕੌਰ,ਪਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਅਤੇ ਭੱਠਾ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ,ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਓਮ ਪ੍ਰਕਾਸ਼ ਨੇ ਦੱਸਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਗਰੂਰ ਦੇ ਗ੍ਰਿਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਲਈ ਅਤੇ ਪੁਲਸ ਜਬਰ ਦੇ ਵਿਰੁੱਧ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਦੀ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਪੰਜਾਬ ਭਰਤੋਂ ਲੋਕ ਵੱਡੀ ਗਿਣਤੀ ਵਿਚ ਲੋਕ ਪਹੁੰਚਣਗੇ।
ਉਹਨਾਂ ਨੇ ਕਿਹਾ ਕਿ 20 ਮਈ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ਉੱਤੇ ਪੁਲਸ ਨੇ ਸੰਗਰੂਰ ਜਿਲੇ ਦੀ 927 ਏਕੜ ਬੇਨਾਮੀ ਜਮੀਨ ਉੱਤੇ ਬੇਗਮ ਪੁਰਾ ਵਸਾਉਣ ਜਾ ਰਹੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਹਨਾਂ ਵਿਚੋਂ ਕਈ ਅਜੇ ਵੀ ਜੇਹਲ ਵਿਚ ਬੰਦ ਹਨ।ਕਮੇਟੀ ਦੇ ਦੋ ਆਗੂਆਂ ਨੂੰ ਪੁਲਸ ਨੇ ਗੱਲਬਾਤ ਦੇ ਬਹਾਨੇ ਸੱਦਕੇ ਗ੍ਰਿਫਤਾਰ ਕੀਤਾ।ਉਹਨਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਪੁਲਸ ਰਾਜ ਬਣਾ ਰਹੀ ਹੈ,ਆਏ ਦਿਨ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਪੁਲਸ ਹਿਰਾਸਤ ਵਿਚ ਮੌਤਾਂ ਹੋ ਰਹੀਆਂ ਹਨ।ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪੁਲਸ ਜਬਰ ਨਾਲ ਦਬਾਇਆ ਜਾ ਰਿਹਾ ਹੈ ਅਤੇ ਯੂ.ਪੀ ਦੀ ਤਰਜ ਉੱਤੇ ਘਰਾਂ ਨੂੰ ਬੁਲਡੋਜਰਾਂ ਨਾਲ ਤਬਾਹ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ.ਆਰ ਅੰਬੇਡਕਰ ਦੇ ਗੁਣਗਾਨ ਕਰਦੀ ਨਹੀਂ ਥੱਕਦੀ ਪਰ ਉਹਨਾਂ ਦੇ ਅਸਲ ਵਾਰਿਸਾਂ ਨੂੰ ਜੇਹਲਾਂ ਵਿਚ ਤਾੜ ਰਹੀ ਹੈ।ਉਹਨਾਂ ਕਿਹਾ ਕਿ ਮਾਨ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਆਏ ਦਿਨ ਨੰਗਾ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ।ਉਹਨਾਂ ਕਿਹਾ ਕਿ ਜਥੇਬੰਦੀਆਂ ਸੰਗਰੂਰ ਵਿਚ ਵੱਡਾ ਇਕੱਠ ਕਰਕੇ ਪੁਲਸ ਦੀ ਦਹਿਸ਼ਤ ਨੂੰ ਤੋੜਨਗੀਆਂ।