ਮੁੱਖ ਮੰਤਰੀ ਦੀ ਯੋਗਸ਼ਾਲਾ ਲੋਕਾਂ ਨੂੰ ਦੇ ਰਹੀ ਹੈ ਨਿਰੋਗ ਜੀਵਨ - ਐਸ.ਡੀ.ਐਮ. ਅਮਿਤ ਗੁਪਤਾ
ਹਰਜਿੰਦਰ ਸਿੰਘ ਭੱਟੀ
- ਟ੍ਰੇਨਰ ਗੁਰਪ੍ਰਦੀਪ ਕੌਰ ਵੱਲੋਂ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਸ਼ਲਾਵਾਂ ਰਾਹੀਂ ਲੋਕਾਂ ਨੂੰ ਦੱਸੇ ਜਾ ਰਹੇ ਹਨ ਯੋਗ ਸਾਧਨਾ ਦੇ ਗੁਣ
ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 08 ਜੁਲਾਈ, 2025: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਨਰੋਈ ਸਿਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਚਲ ਰਹੀ ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਦਾ ਹਰ ਉਮਰ ਵਰਗ ਦੇ ਲੋਕ ਲਾਭ ਲੈ ਕੇ ਜੀਵਨ ਨੂੰ ਨਿਰੋਗ ਬਣਾ ਰਹੇ ਹਨ।
ਐਸ.ਡੀ.ਐਮ. ਡੇਰਾਬਸੀ, ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਅਤੇ ਡੇਰਾਬਸੀ ਵਿੱਚ ਵੱਖ-ਵੱਖ ਥਾਵਾਂ ਤੇ ਸੀ ਐਮ ਦੀ ਯੋਗਸ਼ਾਲਾ ਅਧੀਨ ਮੁਫਤ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੋਗਾ ਦਾ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਵੱਡਾ ਰੋਲ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਮਿਲਦੀ ਸ਼ਾਂਤੀ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੱਡਾ ਰੋਲ ਹੁੰਦਾ ਹੈ।
ਅਮਿਤ ਗੁਪਤਾ ਨੇ ਦੱਸਿਆ ਕਿ ਮਾਹਿਰ ਯੋਗਾ ਟ੍ਰੇਨਰ ਗੁਰਪ੍ਰਦੀਪ ਕੌਰ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਰਹੀ ਹੈ, ਜੋ ਕਿ ਸਵੇਰੇ 5.00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7.00 ਵਜੇ ਤੱਕ ਚਲਦੀਆਂ ਹਨ। ਉਨ੍ਹਾਂ ਵੱਲੋਂ ਪਹਿਲੀ ਕਲਾਸ ਸ੍ਰੀ ਕ੍ਰਿਸ਼ਨਾ ਹੋਮਜ਼, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 5.00 ਤੋਂ 6.00 ਵਜੇ ਤੱਕ, ਦੂਸਰੀ ਅਤੇ ਤੀਸਰੀ ਕਲਾਸ ਬਸੰਤ ਵਿਹਾਰ ਫੇਜ਼-1 ਪਾਰਕ ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 7.30 ਤੋਂ 8.30 ਵਜੇ ਤੱਕ ਅਤੇ ਸਵੇਰੇ 9.00 ਵਜੇ ਤੋਂ 10.00 ਵਜੇ ਤੱਕ, ਚੌਥੀ ਕਲਾਸ ਰਿਗਾਲੀਆ ਟਾਵਰਜ, ਢਕੋਲੀ, ਜ਼ੀਰਕਪੁਰ ਵਿਖੇ ਦੁਪਿਹਰ 3.50 ਤੋਂ 4.50 ਵਜੇ ਤੱਕ, ਪੰਜਵੀਂ ਕਲਾਸ ਏਅਰ ਫੋਰਸ ਇਨਕੇਲਵ, ਸ਼ਿਵ ਮੰਦਿਰ, ਢਕੋਲੀ, ਜ਼ੀਰਕਪੁਰ ਵਿਖੇ ਬਾਅਦ ਦੁਪਿਹਰ 4.55 ਤੋਂ 5.55 ਵਜੇ ਤੱਕ ਅਤੇ ਆਖਰੀ ਛੇਵੀਂ ਕਲਾਸ ਕ੍ਰਿਸ਼ਨਾ ਇਨਕਲੇਵ, ਬਲਾਕ ਬੀ ਅਤੇ ਡੀ ਪਾਰਕ, ਢਕੋਲੀ, ਜ਼ੀਰਕਪੁਰ ਵਿਖੇ ਸ਼ਾਮ 6.00 ਵਜੇ ਤੋਂ 7.00 ਵਜੇ ਤੱਕ ਲਾਈ ਜਾਂਦੀ ਹੈ।
ਟ੍ਰੇਨਰ ਗੁਰਪ੍ਰਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਜ਼ੀਰਕਪੁਰ ਵਿਖੇ ਰੋਜ਼ਾਨਾ ਲੱਗਣ ਵਾਲੀਆਂ ਯੋਗਾ ਕਲਾਸਾਂ ਵਿੱਚ ਭਾਗੀਦਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਟ੍ਰੇਨਰ ਗੁਰਪ੍ਰਦੀਪ ਕੌਰ ਦਾ ਕਹਿਣਾ ਹੈ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਅੱਗੇ ਕਿਹਾ, "ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਕੋਈ ਬੰਧਨ ਜਾਂ ਕੋਈ ਫੀਸ ਨਹੀਂ ਹੈ, ਸੈਸ਼ਨ ਪੂਰੀ ਤਰ੍ਹਾਂ ਲੋਕਾਂ ਨੂੰ ਕੁਝ ਸਮੇਂ ਦਾ ਧਿਆਨ ਲਾ ਕੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨ ਦੇ ਸੰਕਲਪ 'ਤੇ ਅਧਾਰਤ ਹਨ।" ਉਨ੍ਹਾਂ ਕਿਹਾ ਕਿ ਕਿਉਂਕਿ ਜ਼ਿਆਦਾਤਰ ਭਾਗੀਦਾਰ ਔਰਤਾਂ ਅਤੇ ਬਜ਼ੁਰਗ ਵਰਗ ਨਾਲ ਸਬੰਧਤ ਹਨ, ਇਸ ਲਈ ਕਲਾਸਾਂ ਵਿਚਾਲੇ ਛੱਡਣ ਦੀ ਦਰ ਵੀ ਬਹੁਤ ਘੱਟ ਹੈ। ਲੋਕ ਇਹਨਾਂ ਸੈਸ਼ਨਾਂ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।