ਟੀਐੱਸਪੀਐਲ ਦੇ ਥਰਮਲ ਪਲਾਂਟ ’ਚ ਘੁੱਸਪੈਠ ਕਰਕੇ ਚੋਰੀ ਦੀ ਕੋਸ਼ਿਸ਼ ਕਰਦੇ ਦੋ ਵਿਅਕਤੀ ਕਾਬੂ
ਅਸ਼ੋਕ ਵਰਮਾ
ਮਾਨਸਾ, 29 ਮਈ 2025: ਮਾਨਸਾ ਜਿਲ੍ਹੇ ਦੇ ਬਣਾਂਵਾਲੀ ’ਚ ਸਥਿਤ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਿਟਡ ਕੰਪਲੈਕਸ ਦੇ ਅੰਦਰ ਦਾਖਲ ਹੋਕੇ ਚੋਰੀ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇੰਨ੍ਹਾਂ ਦੋਵਾਂ ਨੂੰ ਟੀਐੱਸਪੀਐਲ ਦੀ ਸੁਰੱਖਿਆ ਟੀਮ ਨੇ ਆਪਣੀ ਰੁਟੀਨ ਦੀ ਸਖਤ ਨਿਗਰਾਨੀ ਦੌਰਾਨ ਸ਼ੱਕੀ ਸਰਗਰਮੀ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਅਤੇ ਦੋਹਾਂ ਵਿਅਕਤੀਆਂ ਨੂੰ ਪ੍ਰਤਿਬੰਧਤ ਖੇਤਰ ਵਿੱਚੋਂ ਕਾਬੂ ਕੀਤਾ। ਟੀਐਸਪੀਐਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਨ੍ਹਾਂ ਦੋਵਾਂ ਕੋਲੋਂ ਲਗਭਗ 90 ਹਜ਼ਾਰ ਰੁਪਏ ਦਾ ਸਮਾਨ ਵੀ ਬਰਾਮਦ ਹੋਇਆ, ਜਿਸ ਵਿੱਚ ਵਾਲਵ ਫਲੈਂਜ ਅਤੇ ਹੋਰ ਕਬਾੜ ਸਮੱਗਰੀ ਸ਼ਾਮਲ ਸੀ। ਫੜੇ ਗਏ ਵਿਅਕਤੀਆਂ ਦੀ ਪਛਾਣ ਜਗੀਰ ਸਿੰਘ ਪੁੱਤਰ ਦਲੀਪ ਸਿੰਘ ਅਤੇ ਉਸਦੇ ਲੜਕੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਬਹਿਣੀਵਾਲ ਦੇ ਨਿਵਾਸੀ ਹਨ। ਮੌਕੇ ਦੀਆਂ ਸਥਿਤੀਆਂ ਅਤੇ ਬਰਾਮਦ ਸਮਾਨ ਦੇ ਆਧਾਰ ’ਤੇ ਹੀ ਦੋਹਾਂ ਦੇ ਚੋਰ ਹੋਣ ਦੀ ਪੁਸ਼ਟੀ ਹੋਈ ਹੈ।
ਟੀਐਸਪੀਐਲ ਅਨੁਸਾਰ ਇੱਕ ਹੋਰ ਸ਼ੱਕੀ ਵਿਅਕਤੀ ਸੁਨੀਲ ਕੁਮਾਰ ਨਿਵਾਸੀ ਤਲਵੰਡੀ ਸਾਬੋ ਜੋ ਕਿ ਪੇਸ਼ੇ ਵਜੋਂ ਕਬਾੜੀਆ ਹੈ ਵਾਰਦਾਤ ਵਿੱਚ ਸ਼ਾਮਲ ਸੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ੇ ਦੋਹਾਂ ਵਿਅਕਤੀਆਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਤਿੰਨਾਂ ਵਿਅਕਤੀਆਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਟੀਐੱਸਪੀਐਲ ਪਲਾਂਟ ਪੰਜਾਬ ਸਰਕਾਰ ਵੱਲੋਂ ਵਰਜਿਤ ਖੇਤਰ ਐਲਾਨਿਆ ਹੈ ਅਤੇ ਇੱਥੇ ਬਿਨਾਂ ਇਜਾਜ਼ਤ ਦਾਖਲ ਹੋਣਾ ਇੱਕ ਗੰਭੀਰ ਸੁਰੱਖਿਆ ਕੁਤਾਹੀ ਅਤੇ ਅਪਰਾਧ ਮੰਨਿਆ ਜਾਂਦਾ ਹੈ। ਟੀਐੱਸਪੀਐਲ ਵਿੱਚ ਪਹਿਲਾਂ ਹੋਈਆਂ ਚੋਰੀਆਂ ਅਤੇ ਘੁਸਪੈਠ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ ਤਾਂਜੋ ਕੋਈ ਵਰਜ਼ਿਤ ਖੇਤਰ ਵਿੱਚ ਕੋਈ ਵੀ ਦਾਖਲ ਹੋਣ ਤੋਂ ਪਹਿਲਾਂ ਸੌ ਵਾਰ ਸੋਚੇ।